ਚੰਡੀਗੜ੍ਹ, 21 ਅਕਤੂਬਰ (ਦਲਜੀਤ ਸਿੰਘ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਆਖਿਆ ਕਿ ਉਹ ਪੰਜਾਬੀਆਂ ਨੁੰ ਦੱਸਣ ਕਿ ਭੋਆ ਦੇ ਵਿਧਾਇਕ ਜੋਗਿੰਦਰਪਾਲ ਨੁੰ ਕਾਰਗੁਜ਼ਾਰੀ ਬਾਰੇ ਸਵਾਲ ਪੁੱਛਣ ਵਾਲੇ ਐਸ ਸੀ ਭਾਈਚਾਰੇ ਦੇ ਨੌਜਵਾਨ ਨਾਲ ਕੀਤੀ ਕੁੱਟਮਾਰ ਤੋਂ ਬਾਅਦ ਲੋਕਾਂ ਵਿਚ ਉਭਰੇ ਨਾਲ ਉਹਨਾਂ ਦੀ ਸਰਕਾਰ ਕੀ ਸੰਦੇਸ਼ ਦੇਣਾ ਚਾਹੁੰਦੀ ਹੈ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਹੁਣ ਕਾਂਗਰਸੀ ਵਿਧਾਇਕ ਉਸ ਨੌਜਵਾਨ ਦੇ ਖਿਲਾਫ ਹੋ ਗਏ ਹਨ ਜੋ ਉਹਨਾਂ ਨੂੰ ਉਹਨਾਂ ਦੀ ਕਾਰਗੁਜ਼ਾਰੀ ਬਾਰੇ ਸਵਾਲ ਕਰ ਰਿਹਾ ਸੀ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਤੋਂ ਧੋਖਾ ਖਾਣ ਤੋਂ ਬਾਅਦ ਲੋਕ ਮਾਯੂਸੀ ਵਿਚ ਹਨ। ਉਹਨਾਂ ਕਿਹਾ ਕਿ ਬਜਾਏ ਲੋਕਾਂ ਦੀ ਗੱਲ ਸੁਣਨ ਦੇ ਕਾਂਗਰਸੀ ਆਗੂ ਹਿੰਸਾ ਨਾਲ ਲੋਕਾਂ ਦੀ ਆਵਾਜ਼ ਦਬਾਉਣ ਦਾ ਯਤਨ ਕਰ ਰਹੇ ਹਨ। ਉਹਨਾਂ ਕਿਹਾ ਕਿ ਅਕਾਲੀ ਦਲ ਇਸ ਹਮਲੇ ਦੀ ਜ਼ੋਰਦਾਰ ਨਿਖੇਧੀ ਕਰਦਾ ਹੈ ਤੇ ਨੌਜਵਾਨ ਨੁੰ ਭਰੋਸਾ ਦੁਆਉਂਦਾ ਹੈ ਕਿ ਅਕਾਲੀ ਦਲ ਉਸ ਨਾਲ ਡੱਟ ਕੇ ਖੜ੍ਹੇਗਾ ਤੇ ਕਿਸੇ ਵੀ ਤਰੀਕੇ ਦਾ ਅਨਿਆਂ ਉਸ ਨਾਲ ਨਹੀਂ ਹੋਣ ਦੇਵੇਗਾ। ਸਰਦਾਰ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਨੁੰ ਇਹ ਵੀ ਪੁੱਛਿਆ ਕਿ ਉਹਨਾਂ ਨੇ ਹੁਣ ਤੱਕ ਵਿਧਾਇਕ ਦੇ ਖਿਲਾਫ ਫੌਜਦਾਰੀ ਕਾਰਵਾਈ ਦੇ ਹੁਕਮ ਜਾਰੀ ਕਿਉਂ ਨਹੀਂ ਕੀਤੇ ? ਉਹਨਾਂ ਕਿਹਾ ਕਿ ਉਸਦੇ ਖਿਲਾਫ ਫੌਜਦਾਰੀ ਕੇਸ ਦਰਜ ਹੋਣਾ ਚਾਹੀਦਾ ਹੈ ਤੇ ਉਸਨੁੰ ਤੁਰੰਤ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਸਪਸ਼ਟ ਸੰਦੇਸ਼ ਜਾਵੇ ਕਿ ਸਾਡੇ ਨੌਜਵਾਨਾਂ ਨੁੰ ਪੀੜਤ ਕਰਨਾ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਅਕਾਲੀ ਦਲ ਦੇ ਪ੍ਰਧਾਨ ਨੇ ਮੁੱਖ ਮੰਤਰੀ ਨੂੰ ਇਹ ਵੀ ਕਿਹਾ ਕਿ ਉਹ ਸਿੱਧੀ ਗੱਲ ਕਰਨ। ਉਹਨਾਂ ਕਿਹਾ ਕਿ ਚੰਨੀ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਉਸ ਕੋਲ ਫੰਡਾਂ ਦੀ ਕੋਈ ਤੋਟ ਨਹੀਂ ਹੈ। ਉਹਨਾਂ ਕਿਹਾ ਕਿ ਜੇਕਰ ਇਹ ਹਾਲਾਤ ਹਨੀ ਤਾਂ ਫਿਰ ਸਰਕਾਰ ਨੁੰ ਕਿਸਾਨਾਂ ਦੀ ਪੂਰਨ ਕਰਜ਼ਾ ਮੁਆਫੀ, ਘਰ ਘਰ ਰੋਜ਼ਗਾਰ, ਬੇਰੋਜ਼ਗਾਰ ਨੌਜਵਾਨਾਂ ਲਈ 2500 ਰੁਪਏ ਪ੍ਰਤੀ ਮਹੀਨਾ ਬੇਰੋਜ਼ਗਾਰੀ ਭੱਤਾ ਅਤੇ ਸ਼ਗਨ ਸਕੀਮ ਤਹਿਤ 51000 ਰੁਪਏ ਦੀ ਰਾਸ਼ੀ ਦੀ ਵੰਡ ਤੁਰੰਤ ਸ਼ੁਰੂ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਬਜਾਏ ਅਜਿਹਾ ਕਰਨ ਦੇ ਚੰਨੀ ਰੋਜ਼ਾਨਾ ਆਧਾਰ ’ਤੇ ਤਸਵੀਰਾਂ ਖਿੱਚਵਾਉਣ ’ਤੇ ਜ਼ੋਰ ਦੇ ਰਹੇ ਹਨ।
ਸਰਦਾਰ ਬਾਦਲ ਨੈ ਮੁੱਖ ਮੰਤਰੀ ਨੁੰ ਕਿਹਾ ਕਿ ਉਹ ਕਾਂਗਰਸ ਦੀ ਅੰਦਰੂਨੀ ਲੜਾਈ ਵਿਚ ਰੁੱਝੇ ਰਹਿਣ ਦੀ ਥਾਂ ਲੋਕਾਂ ਦੀ ਲੜਾਈ ਲੜਨ। ਉਹਨਾਂ ਕਿਹਾ ਕਿ ਚੰਨੀ ਨੇ ਕੈਪਟਨ ਅਮਰਿੰਦਰ ਸਿੰਘ ਵਾਂਗ ਪੰਜਾਬੀਆਂ ਨਾਲ ਧੋਖਾ ਕੀਤਾ ਹੈ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦਾ ਕੇਂਦਰ ਸਰਕਾਰ ਦੇ ਨਾਲ ਰਲ ਗਏ ਸਨ ਤੇ ਉਹ ਤਿੰਨ ਨਫਰਤ ਭਰੇ ਖੇਤੀ ਕਾਨੂੰਨ ਬਣਾਉਣ ਦੀ ਪ੍ਰਕਿਰਿਆ ਦਾ ਹਿੱਸਾ ਰਹੇ ਹਨ ਜਦਕਿ ਚੰਨੀ ਨੇ ਕੇਂਦਰ ਸਰਕਾਰ ਨੁੰ ਸੂਬੇ ਦੇ ਤਕਰੀਬਨ ਅੱਧੇ ਹਿੱਸੇ ਵਿਚ ਪੰਜਾਬ ਪੁਲਿਸ ਦੀ ਥਾਂ ਕੇਂਦਰੀ ਬਲਾਂ ਦਾ ਕਬਜ਼ਾ ਕਰਨ ਕਰਵਾਉਣ ਲਈ ਸਹਿਮਤੀ ਦੇ ਦਿੱਤੀ। ਇਸ ਤੋਂ ਪਹਿਲਾਂ ਸਰਦਾਰ ਬਾਦਲ ਨੇ ਇਫਕੋ ਦੇ ਸਾਬਕਾ ਚੇਅਰਮੈਨ ਬਲਵਿੰਦਰ ਸਿੰਘ ਨਕੱਈ ਜੋ ਪਿਛਲੇ ਹਫਤੇ ਸਵਰਗਵਾਸ ਹੋ ਗਏ ਸਨ, ਉਹਨਾਂ ਨਮਿਤ ਅੰਤਿਮ ਅਰਦਾਸ ਤੇ ਭੋਗ ਵਿਚ ਸ਼ਮੂਲੀਅਤ ਕੀਤੀ। ਉਹਨਾਂ ਨੇ ਨਕੱਈ ਪਰਿਵਾਰ ਤੇ ਜਗਦੀਪ ਸਿੰਘ ਨਕੱਈ ਨਾਲ ਆਪਣੀ ਪੰਜਾਹ ਸਾਲ ਪੁਰਾਣੀ ਚੇਤੇ ਕੀਤੀ। ਉਹਨਾਂ ਨੇ ਇਹ ਵੀ ਬੇਨਤੀ ਕੀਤੀ ਕਿ ਇਫਕੋ ਕੰਪਨੀ ਸਰਦਾਰ ਬਲਵਿੰਦਰ ਸਿੰਘ ਨਕੱਈ ਦੀ ਯਾਦ ਵਿਚ ਪੰਜਾਬ ਵਿਚ ਇਕ ਖਾਦ ਫੈਕਟਰੀ ਸਥਾਪਿਤ ਕਰੇ ਤੇ ਕਿਹਾ ਕਿ ਇਹੀ ਉਹਨਾਂ ਨੂ ਸੱਚੀ ਸ਼ਰਧਾਂਜਲੀ ਹੋਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਬਿਕਰਮ ਸਿੰਘ ਮਜੀਠੀਆ, ਸਿਕੰਦਰ ਸਿੰਘ ਮਲੂਕਾ, ਸਰੂਪ ਚੰਦ ਸਿੰਗਲਾ, ਜਗਮੀਤ ਸਿੰਘ ਬਰਾੜ ਤੇ ਸਰੂਪ ਚੰਦ ਸਿੰਗਲਾ ਵੀ ਹਾਜ਼ਰ ਸਨ।