ਸਿੰਘ ਸਾਹਿਬਾਨਾਂ ਨੇ ਲਿਆ ਵੱਡਾ ਫ਼ੈਸਲਾ, ਗੁਰਬਾਣੀ ਨਾਲ ਛੇੜਛਾੜ ਦੇ ਮਾਮਲੇ ‘ਚ ਥਮਿੰਦਰ ਸਿੰਘ ਤਨਖ਼ਾਹੀਆ ਕਰਾਰ

sikh/nawanpunjab.com

ਅੰਮ੍ਰਿਤਸਰ, 3 ਮਈ-  ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੂਲ ਸਰੂਪ ਨਾਲ ਛੇੜਛਾੜ, ਬਿੰਦੀ, ਲਗਾਂ-ਮਾਤਰਾਂ ਨਵੇਂ ਸਿਰਿਓਂ ਜੋੜਨ ਦੇ ਮਾਮਲੇ ਦੇ ਸਬੰਧ ’ਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਿੱਖ ਜਥੇਬੰਦੀਆਂ ਦੀ ਹੋਈ ਇਕੱਤਰਤਾ ਤੋਂ ਬਾਅਦ ਪੰਜ ਸਿੰਘ ਸਾਹਿਬਾਨ ਵਲੋਂ ਵੱਡਾ ਫ਼ੈਸਲਾ ਲਿਆ ਗਿਆ ਹੈ। ਸਿੰਘ ਸਾਹਿਬਾਨ ਗਿਆਨੀ ਹਰਪ੍ਰੀਤ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ ਜਾਰੀ ਕਰਦਿਆਂ ਪਵਿੱਤਰ ਗੁਰਬਾਣੀ ਦੀਆਂ ਲਗਾਂ-ਮਾਤਰਾਵਾਂ ‘ਚ ਮਨਮਰਜ਼ੀ ਨਾਲ ਤਬਦੀਲੀਆਂ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨੂੰ ਪ੍ਰਕਾਸ਼ਿਤ ਕਰਨ ਦੇ ਦੋਸ਼ ਵਿਚ ਅਮਰੀਕਾ ਵਾਸੀ ਥਮਿੰਦਰ ਸਿੰਘ ਨੂੰ ਤਨਖ਼ਾਹੀਆ ਕਰਾਰ ਦਿੱਤਾ ਹੈ। ਸਿੰਘ ਸਾਹਿਬਾਨ ਨੇ ਥਮਿੰਦਰ ਸਿੰਘ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਉਸ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਥਮਿੰਦਰ ਸਿੰਘ ਵੱਲੋਂ ਛਾਪੇ ਸਰੂਪਾਂ ਦੀ ਆਨਲਾਈਨ ਤੇ ਆਫਲਾਈਨ ਛਪਾਈ ਬੰਦ ਕਰਨ ਦੇ ਆਦੇਸ਼ ਵੀ ਜਾਰੀ ਕਰ ਦਿੱਤੇ ਹਨ।

ਉਨ੍ਹਾਂ ਕਿਹਾ ਕਿ ਇਸ ਸੰਬੰਧੀ ਥਮਿੰਦਰ ਸਿੰਘ ਸਾਰਾ ਰਿਕਾਰਡ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਕਰੇ ਅਤੇ ਇਸ ਮਨਮੱਤੀ ਕੰਮ ਕਰਨ ਪਿੱਛੇ ਆਪਣਾ ਪੱਖ ਰੱਖੇ ਕਿ ਉਸ ਨੇ ਅਜਿਹਾ ਕਿਉਂ ਕੀਤਾ।ਸਿੰਘ ਸਾਹਿਬਾਨ ਨੇ ਕਿਹਾ ਕਿ ਥਮਿੰਦਰ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਆਪਣੇ ਨਾਲ ਕੰਮ ਕਰ ਰਹੀ ਪੂਰੀ ਟੀਮ ਅਤੇ ਇਸ ਪਿਛਲੀ ਮਨਸ਼ਾ ਬਾਰੇ ਵੀ ਦੱਸੇ। ਜਿੰਨਾ ਚਿਰ ਥਮਿੰਦਰ ਸਿੰਘ ਅਕਾਲ ਤਖ਼ਤ ਸਾਹਿਬ ਪੇਸ਼ ਨਹੀਂ ਹੁੰਦਾ ਤੇ ਸਾਰੇ ਮਾਮਲੇ ਬਾਰੇ ਨਹੀਂ ਦੱਸਦਾ ਉਦੋਂ ਤੱਕ ਤਨਖ਼ਾਹੀਆ ਘੋਸ਼ਿਤ ਕੀਤਾ ਜਾਂਦਾ ਹੈ। ਸਿੰਘ ਸਾਹਿਬਾਨ ਵੱਲੋਂ ਕੌਮ ਦੇ ਨਾਂ ਸੰਦੇਸ਼ ਜਾਰੀ ਕਰਦਿਆਂ ਥਮਿੰਦਰ ਸਿੰਘ ਨਾਲ ਕਿਸੇ ਵੀ ਤਰ੍ਹਾਂ ਦੀ ਸਾਂਝ ਨਾ ਰੱਖਣ ਦੀ ਵੀ ਅਪੀਲ ਕੀਤੀ ਗਈ ਹੈ। ਦੱਸ ਦੇਈਏ ਕਿ ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਪਟਨਾ ਸਾਹਿਬ ਦੇ ਜਥੇਦਾਰ ਸਿੰਘ ਗਿਆਨੀ ਰਣਜੀਤ ਸਿੰਘ ਗੌਹਰ-ਏ-ਮਸਕੀਨ, ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਐੱਸ.ਜੀ.ਪੀ.ਸੀ. ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਸਕੱਤਰ ਪ੍ਰਤਾਪ ਸਿੰਘ, ਸਕੱਤਰ ਪਰਮਜੀਤ ਸਿੰਘ ਸਰੋਆ, ਸਕੱਤਰ ਬਲਵਿੰਦਰ ਸਿੰਘ ਕਾਹਲਵਾਂ, ਮੈਨੇਜਰ ਜਸਪਾਲ ਸਿੰਘ, ਮੈਨੇਜਰ ਰਣਜੀਤ ਸਿੰਘ ਕੱਲਾ, ਮੈਨੇਜਰ ਸਤਨਾਮ ਸਿੰਘ ਰਿਆੜ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *