ਮੋਹਾਲੀ, 9 ਮਾਰਚ (ਬਿਊਰੋ)- ਪੰਜਾਬ ‘ਚ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ‘ਚ 24 ਘੰਟਿਆਂ ਤੋਂ ਵੀ ਘੱਟ ਦਾ ਸਮਾਂ ਰਹਿ ਗਿਆ ਹੈ। ਅਜਿਹੇ ‘ਚ ਹਰ ਪਾਰਟੀ ਵੱਲੋਂ ਸਰਕਾਰ ਬਣਨ ਦੇ ਦਾਅਵੇ ਕੀਤੇ ਜਾ ਰਹੇ ਹਨ। ਇਸੇ ਲੜੀ ‘ਚ ਬੀਜੇਪੀ ਗਠਜੋੜ ਦੇ ਅਹਿਮ ਭਾਈਵਾਲ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਸਰਕਾਰ ਬਣਾਉਣ ਦਾ ਦਾਅਵਾ ਕਰ ਰਹੇ ਹਨ।
ਸਾਬਕਾ ਮੁੱਖ ਮੰਤਰੀ ਦਾ ਕਹਿਣਾ ਹੈ ਕਿ ਬਹੁਮਤ ਸਾਬਤ ਕਰਨ ਤੋਂ ਬਾਅਦ ਉਹ ਫਲੋਰ ਟੈਸਟ ਦਾ ਪ੍ਰਬੰਧ ਕਰਨਗੇ। ਦਿੱਲੀ ‘ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਅਹਿਮ ਬੈਠਕ ਤੋਂ ਬਾਅਦ ਭਾਜਪਾ ਦੇ ਚੋਣ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ ਮੰਗਲਵਾਰ ਨੂੰ ਉਨ੍ਹਾਂ ਨੂੰ ਮਿਲਣ ਸਿਸਵਾਂ ਫਾਰਮ ਹਾਊਸ ਪਹੁੰਚੇ ਜਿੱਥੇ ਉਨ੍ਹਾਂ ਨੇ ਸ਼ੇਖਾਵਤ ਨਾਲ ਦੋ ਘੰਟੇ ਤੱਕ ਚਰਚਾ ਕੀਤੀ।
ਪਾਰਟੀ ਆਗੂ ਨੇ ਕਿਹਾ ਕਿ ਕੈਪਟਨ ਕਈ ਵਿਧਾਇਕਾਂ ਦੇ ਸਿਆਸੀ ਸਲਾਹਕਾਰ ਹਨ ਤੇ ਉਨ੍ਹਾਂ ਦੇ ਗਠਜੋੜ ਦੇ ਸਭ ਤੋਂ ਵੱਡੇ ਆਗੂ ਹਨ ਜੋ ਸਾਢੇ ਨੌਂ ਸਾਲ ਤੱਕ ਮੁੱਖ ਮੰਤਰੀ ਰਹੇ ਤੇ ਗਠਜੋੜ ਦੀ ਅਗਵਾਈ ਕਰਨਗੇ ਅਤੇ ਇਸ ਵਾਰ ਗਠਜੋੜ ਦੀ ਹੀ ਸਰਕਾਰ ਬਣੇਗੀ।
ਐਗਜ਼ਿਟ ਪੋਲ ਦੇ ਦਾਅਵਿਆਂ ਬਾਰੇ ਉਨ੍ਹਾਂ ਕਿਹਾ ਕਿ ਇਹ ਕੋਈ ਸਟੀਕ ਨਤੀਜੇ ਨਹੀਂ ਹਨ ਤੇ ਬਹੁਮਤ ਉਨ੍ਹਾਂ ਦੇ ਗਠਜੋੜ ਨੂੰ ਹੀ ਮਿਲੇਗਾ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ 2017 ਵਿੱਚ ਜਿੱਤੇ 77 ਕਾਂਗਰਸੀ ਵਿਧਾਇਕਾਂ ਵਿੱਚੋਂ ਕੈਪਟਨ ਨੇ ਉਨ੍ਹਾਂ ਨੂੰ ਟਿਕਟ ਦਿੱਤੀ ਸੀ ਤੇ ਹੁਣ ਉਹ ਸਾਰੇ ਜਿੱਤੇ ਵਿਧਾਇਕਾਂ ਦੇ ਸੰਪਰਕ ਵਿੱਚ ਹਨ।
ਦਸ ਦਈਏ ਕਿ 10 ਮਾਰਚ ਯਾਨੀ ਭਲਕੇ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੇ ਨਾਲ ਉਮੀਦਵਾਰਾਂ ਦੀ ਵੀ ਕਿਸਮਤ ਦਾ ਫੈਸਲਾ ਹੋਵੇਗਾ।