ਚੋਣਾਂ ਦੇ ਮੱਦੇਨਜ਼ਰ ਚੋਣ ਕਮਿਸ਼ਨ ਵੱਲੋਂ ‘ਨਕਦੀ’ ਨੂੰ ਲੈ ਕੇ ਬੈਂਕਾਂ ਲਈ ਦਿਸ਼ਾ-ਨਿਰਦੇਸ਼ ਜਾਰੀ

raju/nawanpunjab.com

ਚੰਡੀਗੜ੍ਹ, 29 ਜਨਵਰੀ (ਬਿਊਰੋ)- ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਕਮਿਸ਼ਨ ਨੇ ਚੋਣ ਜ਼ਾਬਤੇ ਦੌਰਾਨ ਨਕਦੀ ਨੂੰ ਇਕ ਥਾਂ ਤੋਂ ਦੂਜੀ ਥਾਂ ’ਤੇ ਲਿਜਾਣ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ. ਕਰੁਣਾ ਰਾਜੂ ਨੇ ਅੱਜ ਇੱਥੇ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਨਕਦੀ ਨੂੰ ਇਕ ਥਾਂ ਤੋਂ ਦੂਜੀ ਥਾਂ ’ਤੇ ਲਿਜਾਣ ਬਾਰੇ ਸਟੈਂਡਰਡ ਆਪਰੇਟਿੰਗ ਪ੍ਰੋਸੀਜ਼ਰ (ਐੱਸ.ਓ.ਪੀ.) ਦੇ ਅਨੁਸਾਰ ਬੈਂਕਾਂ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਉਨ੍ਹਾਂ ਦੀਆਂ ਆਊਟਸੋਰਸਡ ਏਜੰਸੀਆਂ/ਕੰਪਨੀਆਂ ਦੀ ਨਕਦੀ ਦੀ ਢੋਆ-ਢੁਆਈ ਕਰਨ ਵਾਲੀਆਂ ਗੱਡੀਆਂ ਕਿਸੇ ਵੀ ਹਾਲਾਤ ’ਚ ਕਿਸੇ ਤੀਸਰੇ ਪੱਖ ਜਾਂ ਵਿਅਕਤੀ ਦੇ ਪੈਸੇ ਨੂੰ ਇਕ ਥਾਂ ਤੋਂ ਦੂਜੀ ਥਾਂ ’ਤੇ ਨਾ ਲਿਜਾ ਰਹੀਆਂ ਹੋਣ। ਆਊਟਸੋਰਸ ਏਜੰਸੀਆਂ/ਕੰਪਨੀਆਂ ਦੀ ਨਕਦੀ ਦੀ ਢੋਆ ਢੁਆਈ ਕਰਨ ਵਾਲੀਆਂ ਗੱਡੀਆਂ ਵੱਲੋਂ ਢੋਆ-ਢੁਆਈ ਕੀਤੀ ਜਾ ਰਹੀ ਨਕਦੀ ਸਬੰਧੀ ਬੈਂਕ ਵੱਲੋਂ ਜਾਰੀ ਪੱਤਰ/ਦਸਤਾਵੇਜ਼ ਜ਼ਰੂਰ ਹੋਣ, ਜਿਸ ਨਾਲ ਪਤਾ ਲੱਗ ਸਕੇ ਕਿ ਉਹ ਜੋ ਨਕਦੀ ਲੈ ਕੇ ਜਾ ਰਹੇ ਹਨ, ਉਸ ਨੂੰ ਕਿਸੇ ਵੀ ਏ. ਟੀ. ਐੱਮ. ’ਚ ਪਾਉਣਾ ਹੈ ਜਾਂ ਕਿਸੇ ਹੋਰ ਸ਼ਾਖਾ ’ਚ ਦੇਣਾ ਹੈ ਜਾਂ ਫਿਰ ਕਿਸੇ ਬੈਂਕ ਦੀ ਕਰੰਸੀ ਚੈਸਟ ’ਚ ਜਮ੍ਹਾ ਕਰਵਾਉਣਾ ਹੈ।

ਉਨ੍ਹਾਂ ਕਿਹਾ ਕਿ ਆਊਟਸੋਰਸ ਏਜੰਸੀਆਂ/ਕੰਪਨੀਆਂ ਦੀ ਨਕਦੀ ਦੀ ਢੋਆ-ਢੁਆਈ ਕਰਨ ਵਾਲੀਆਂ ਗੱਡੀਆਂ ’ਚ ਤਾਇਨਾਤ ਕਰਮਚਾਰੀਆਂ ਕੋਲ ਉਨ੍ਹਾਂ ਦੀ ਕੰਪਨੀ/ਏਜੰਸੀ ਵੱਲੋਂ ਜਾਰੀ ਪਛਾਣ ਪੱਤਰ ਜ਼ਰੂਰ ਹੋਣ। ਡਾ. ਰਾਜੂ ਨੇ ਕਿਹਾ ਕਿ ਉਪਰੋਕਤ ਨਿਯਮਾਵਲੀ ਨਕਦੀ ਦੀ ਢੋਆ-ਢੁਆਈ ਬੈਂਕਾਂ ਲਈ ਤੈਅ ਕੀਤੀ ਗਈ ਹੈ, ਜੇ ਕਿਤੇ ਗੈਰ-ਕਾਨੂੰਨੀ ਨਕਦੀ, ਵਿਦੇਸ਼ੀ ਕਰੰਸੀ ਜਾਂ ਨਕਲੀ ਭਾਰਤੀ ਕਰੰਸੀ ਦੀ ਸੂਚਨਾ ਮਿਲਦੀ ਹੈ ਤਾਂ ਇਹ ਸੂਚਨਾ ਜ਼ਿਲ੍ਹੇ ਦੇ ਸਬੰਧਿਤ ਵਿਭਾਗ ਨੂੰ ਤੁਰੰਤ ਦਿੱਤੀ ਜਾਵੇ। ਉਪਰੋਕਤ ਨਿਯਮਾਵਲੀ ਦੀ ਚੋਣ ਪ੍ਰਕਿਰਿਆ ਦੌਰਾਨ ਜੇ ਪਾਲਣਾ ਨਹੀਂ ਕੀਤੀ ਗਈ ਤਾਂ ਆਦਰਸ਼ ਚੋਣ ਜ਼ਾਬਤਾ ਦੇ ਅਧੀਨ ਤੇ ਮੌਜੂਦਾ ਕਾਨੂੰਨ ਦੇ ਅਨੁਸਾਰ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

Leave a Reply

Your email address will not be published. Required fields are marked *