ਪ੍ਰਕਾਸ਼ ਸਿੰਘ ਬਾਦਲ ਦੇ ਦਿਹਾਂਤ ਕਾਰਨ ‘ਆਪ’ ਨੇ ਮੁਲਤਵੀ ਕੀਤੇ ਅੱਜ ਦੇ ਚੋਣ ਪ੍ਰੋਗਰਾਮ


ਜਲੰਧਰ – ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਦਿਹਾਂਤ ’ਤੇ ਆਮ ਆਦਮੀ ਪਾਰਟੀ ਨੇ ਜਲੰਧਰ ਲੋਕ ਸਭਾ ਸੀਟ ਦੀ ਉਪ-ਚੋਣ ਸਬੰਧੀ ਅੱਜ ਆਪਣੇ ਸਾਰੇ ਚੋਣ ਪ੍ਰੋਗਰਾਮ ਰੱਦ ਕਰ ਦਿੱਤੇ। ਜਲੰਧਰ ਸੀਟ ਲਈ ਪੋਲਿੰਗ 10 ਮਈ ਨੂੰ ਹੋਣੀ ਹੈ ਅਤੇ ਵੋਟਾਂ ਦੀ ਗਿਣਤੀ 13 ਮਈ ਨੂੰ ਹੋਵੇਗੀ। ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੇ ਸੋਸ਼ਲ ਮੀਡੀਆ ’ਤੇ ਲਿਖਿਆ ਕਿ ਬਾਦਲ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਉਹ ਆਪਣੇ ਸਮੁੱਚੇ ਪ੍ਰੋਗਰਾਮਾਂ ਨੂੰ ਰੱਦ ਕਰਦੇ ਹਨ।
ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੀ ਚੋਣ ਬੈਠਕਾਂ ‘ਚ ਹਿੱਸਾ ਲੈਣ ਲਈ ਜਲੰਧਰ ਪਹੁੰਚਣਾ ਸੀ ਪਰ ਉਨ੍ਹਾਂ ਵੀ ਅੱਜ ਕਿਸੇ ਪ੍ਰੋਗਰਾਮ ‘ਚ ਹਿੱਸਾ ਨਹੀਂ ਲਿਆ। ਆਮ ਆਦਮੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਬਾਦਲ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਹੀ ਅੱਜ ਦੀਆਂ ਬੈਠਕਾਂ ਰੱਦ ਕੀਤੀਆਂ ਗਈਆਂ ਹਨ।

ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਨੇ ਫਿਰ ਕਿਹਾ ਹੈ ਕਿ ਭਾਵੇਂ ਉਨ੍ਹਾਂ ਦੇ ਬਾਦਲ ਨਾਲ ਵਿਚਾਰਕ ਮਤਭੇਦ ਰਹੇ ਹਨ ਪਰ ਸਰੀਰਕ ਤੌਰ ’ਤੇ ਇਸ ਦੁਨੀਆ ਨੂੰ ਛੱਡ ਕੇ ਜਾਣਾ ਹਮੇਸ਼ਾ ਸਾਰਿਆਂ ਲਈ ਦੁੱਖਦਾਈ ਹੁੰਦਾ ਹੈ। ਇਸ ਲਈ ਉਹ ਪਰਮਾਤਮਾ ਕੋਲ ਵਿੱਛੜੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਦੇ ਹਨ। ਉਨ੍ਹਾਂ ਕਿਹਾ ਕਿ ਬਾਦਲ 5 ਵਾਰ ਮੁੱਖ ਮੰਤਰੀ ਰਹੇ ਅਤੇ ਇਸ ਦੁਨੀਆ ਤੋਂ ਹੁਣ ਵਿਦਾ ਹੋਏ ਹਨ। ਇਸ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਉਨ੍ਹਾਂ ਦੇ ਪਰਿਵਾਰ ਲਈ ਵੀ ਅਰਦਾਸ ਕਰਨੀ ਚਾਹੀਦੀ ਹੈ।

Leave a Reply

Your email address will not be published. Required fields are marked *