LS-RS Adjourned: ਅਡਾਨੀ ਤੇ ਸੰਭਲ ਮੁੱਦਿਆਂ ਕਾਰਨ ਸੰਸਦ ਦੇ ਦੋਵੇਂ ਸਦਨ ਦਿਨ ਭਰ ਲਈ ਉਠਾਏ

ਨਵੀਂ ਦਿੱਲੀ, ਸੰਸਦ ਦੇ ਸਰਦ ਰੁੱਤ ਸੈਸ਼ਨ ਦੌਰਾਨ ਵਿਰੋਧੀ ਧਿਰ ਵੱਲੋਂ ਅਡਾਨੀ ਮੁੱਦੇ ਅਤੇ ਯੂਪੀ ਦੇ ਸੰਭਲ ਵਿੱਚ ਹੋਈ ਹਿੰਸਾ ਬਾਰੇ ਬਹਿਸ ਦੀ ਮੰਗ ਉਤੇ ਅੜੇ ਰਹਿਣ ਅਤੇ ਦੂਜੇ ਪਾਸੇ ਸਰਕਾਰ ਵੱਲੋਂ ਬਹਿਸ ਦੀ ਇਜਾਜ਼ਤ ਨਾ ਦੇਣ ਦੀ ਜ਼ਿੱਦ ਕਾਰਨ ਵੀਰਵਾਰ ਨੂੰ ਵੀ ਲਗਾਤਾਰ ਤੀਜੇ ਦਿਨ ਦੋਵੇਂ ਸਦਨਾਂ ਵਿਚ ਕੋਈ ਕਾਰਵਾਈ ਨਹੀਂ ਹੋ ਸਕੀ ਅਤੇ ਵਿਰੋਧੀ ਧਿਰ ਦੇ ਹੰਗਾਮੇ ਦਰਮਿਆਨ ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕਰ ਦਿੱਤੀ ਗਈ। ਲੋਕ ਸਭਾ ਵਿਚ ਵਿਰੋਧੀ ਧਿਰ ਦੇ ਮੈਂਬਰ ਯੂਪੀ ਦੇ ਸੰਭਲ ਵਿਚ ਇੱਕ ਮਸਜਿਦ ਵਿੱਚ ਕੀਤੇ ਜਾ ਰਹੇ ਸਰਵੇਖਣ ਦੌਰਾਨ ਹੋਈ ਹਿੰਸਾ ਦੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ’ਤੇ ਨਾਅਰੇਬਾਜ਼ੀ ਕਰਦੇ ਰਹੇ। ਰਾਜ ਸਭਾ ਵਿਚ ਵੀ ਅਡਾਨੀ ਮੁੱਦੇ ਅਤੇ ਸੰਭਲ ਤੇ ਮਨੀਪੁਰ ਹਿੰਸਾ ਵਰਗੇ ਮੁੱਦਿਆਂ ਨੂੰ ਲੈ ਕੇ ਇਹੋ ਸਥਿਤੀ ਬਣੀ ਰਹੀ।

ਲੋਕ ਸਭਾ ਵਿਚ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ (Parliamentary Affairs Minister Kiren Rijiju) ਨੇ ਵਿਰੋਧ ਪ੍ਰਗਟਾਵੇ ਦੀ ਨਿਖੇਧੀ ਕਰਦਿਆਂ ਕਿਹਾ, “ਮੈਂ ਸਦਨ ਦੀ ਕਾਰਵਾਈ ਵਿੱਚ ਵਿਘਨ ਪਾਉਣ ਦੀਆਂ ਕਾਂਗਰਸ ਅਤੇ ਇਸ ਦੀਆਂ ਸਹਿਯੋਗੀਆਂ ਦੀਆਂ ਕੋਸ਼ਿਸ਼ਾਂ ਦੀ ਨਿੰਦਾ ਕਰਦਾ ਹਾਂ।” ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਵਕਫ਼ ਸੋਧ ਬਿੱਲ ‘ਤੇ ਸਾਂਝੀ ਕਮੇਟੀ ਦਾ ਕਾਰਜਕਾਲ ਵਧਾਉਣ ਅਤੇ ਕੁਝ ਮੁੱਦਿਆਂ ‘ਤੇ ਸਦਨ ‘ਚ ਬਹਿਸ ਲਈ ਹਾਮੀ ਭਰੇ ਜਾਣ ਦੇ ਬਾਵਜੂਦ ਵਿਰੋਧੀ ਮੈਂਬਰ ਵਿਰੋਧ ਕਰ ਰਹੇ ਹਨ।

ਇਸ ਦੌਰਾਨ ਵਿਰੋਧੀ ਧਿਰ ਦਾ ਵਿਰੋਧ ਜਾਰੀ ਰਹਿਣ ਕਾਰਨ ਸਦਨ ਦੀ ਕਾਰਵਾਈ ਚਲਾ ਰਹੇ ਤੇਲਗੂ ਦੇਸਮ ਪਾਰਟੀ (TDP) ਮੈਂਬਰ ਕ੍ਰਿਸ਼ਨ ਪ੍ਰਸਾਦ ਟੇਨੇਟੀ (Krishna Prasad Tenneti) ਨੇ ਸਦਨ ਦੀ ਕਾਰਵਾਈ ਦਿਨ ਭਰ ਲਈ ਉਠਾ ਦਿੱਤੀ। ਇਸ ਤੋਂ ਪਹਿਲਾਂ ਲੋਕ ਸਭਾ ਨੇ ਵਕਫ਼ ਸੋਧ ਬਿੱਲ ‘ਤੇ ਸਾਂਝੀ ਕਮੇਟੀ ਦੀ ਮਿਆਦ ਅਗਲੇ ਸਾਲ ਹੋਣ ਵਾਲੇ ਬਜਟ ਸੈਸ਼ਨ ਦੇ ਆਖ਼ਰੀ ਦਿਨ ਤੱਕ ਵਧਾਉਣ ਦਾ ਮਤਾ ਪਾਸ ਕੀਤਾ ਕਰ ਦਿੱਤਾ। ਇਸ ਨਾਲ ਹੀ ਨਵੇਂ ਚੁਣੇ ਗਏ ਦੋ ਕਾਂਗਰਸੀ ਮੈਂਬਰਾਂ – ਪ੍ਰਿਅੰਕਾ ਗਾਂਧੀ ਵਾਡਰਾ ਅਤੇ ਰਵਿੰਦਰ ਚਵਾਨ ਨੇ ਲੋਕ ਸਭਾ ਦੇ ਮੈਂਬਰਾਂ ਵਜੋਂ ਸਹੁੰ ਚੁੱਕੀ ਅਤੇ ਉਨ੍ਹਾਂ ਦੇ ਚੁੱਕਣ ਤੋਂ ਫ਼ੌਰੀ ਬਾਅਦ ਸਦਨ ਵਿੱਚ ਪ੍ਰਸ਼ਨ ਕਾਲ ਦੌਰਾਨ ਵੀ ਵਿਘਨ ਦੇਖਣ ਨੂੰ ਮਿਲਿਆ।

Leave a Reply

Your email address will not be published. Required fields are marked *