ਬੀਜਿੰਗ, 16 ਸਤੰਬਰ (ਦਲਜੀਤ ਸਿੰਘ)- ਚੀਨ ਦੇ ਦੱਖਣ-ਪੱਛਮੀ ਸਿਚੁਆਨ ਸੂਬੇ ਵਿਚ ਵੀਰਵਾਰ ਨੂੰ 6.0 ਤੀਬਰਤਾ ਦਾ ਭੂਚਾਲ ਆਇਆ, ਜਿਸ ਵਿਚ ਘੱਟ ਤੋਂ ਘੱਟ 3 ਲੋਕਾਂ ਦੀ ਮੌਤ ਹੋ ਗਈ ਅਤੇ 60 ਹੋਰ ਜ਼ਖ਼ਮੀ ਹੋ ਗਏ। ਸਰਕਾਰੀ ਸਮਾਚਾਰ ਏਜੰਸੀ ਨੇ ਦੱਸਿਆ ਕਿ ਭੂਚਾਲ ਸਥਾਨਕ ਸਮੇਂ ਮੁਤਾਬਕ ਸਵੇਰੇ 4 ਵੱਜ ਕੇ 33 ਮਿੰਟ ’ਤੇ ਲਕਸਿਅਨ ਕਾਊਂਟੀ ਵਿਚ ਆਇਆ ਅਤੇ ਉਸ ਦਾ ਕੇਂਦਰ ਜ਼ਮੀਨ ਤੋਂ 10 ਕਿਲੋਮੀਟਰ ਦੀ ਡੂੰਘਾਈ ਵਿਚ ਸਥਿਤ ਸੀ। ਭੂਚਾਲ ਵਿਚ 3 ਲੋਕਾਂ ਦੀ ਮੌਤ ਹੋ ਗਈ ਅਤੇ 60 ਹੋਰ ਜ਼ਖ਼ਮੀ ਹੋ ਗਏ।
ਚੀਨ ਭੂਚਾਲ ਨੈੱਟਵਰਕ ਕੇਂਦਰ (ਸੀ.ਈ.ਐੱਨ.ਸੀ.) ਮੁਤਾਬਕ ਭੂਚਾਲ ਦਾ ਕੇਂਦਰ 29.2 ਡਿਗਰੀ ਉੱਤਰ ਵਿਚ ਅਤੇ 105.34 ਡਿਗਰੀ ਪੂਰਬ ਵਿਚ ਰਿਹਾ। ਭੂਚਾਲ ਦੇ ਬਾਅਦ ਲੁਝੋਊ ਸ਼ਹਿਰ ਵਿਚ ਕਰੀਬ 3000 ਲੋਕਾਂ ਨੂੰ ਬਚਾਅ ਕੋਸ਼ਿਸ਼ਾਂ ਵਿਚ ਲਗਾਇਆ ਗਿਆ। ਕਾਊਂਟੀ ਦੇ ਫੁਜੀ ਸ਼ਹਿਰ ਦੇ ਇਕ ਪਿੰਡ ਵਿਚ ਨਿਵਾਸੀਆਂ ਲਈ ਅਸਥਾਈ ਕੈਂਪ ਬਣਾਏ ਗਏ ਹਨ। ਸਿਚੁਆਨ ਸੂਬੇ ਵਿਚ 2008 ਵਿਚ 8 ਤੀਬਰਤਾ ਦੇ ਭੂਚਾਲ ਵਿਚ ਹਜ਼ਾਰਾਂ ਲੋਕ ਮਾਰੇ ਗਏ ਸਨ ਅਤੇ ਕਈ ਹੋਰ ਜ਼ਖ਼ਮੀ ਹੋ ਗਏ ਸਨ।