ਚੰਡੀਗੜ੍ਹ, 16 ਸਤੰਬਰ (ਦਲਜੀਤ ਸਿੰਘ)- ਪੰਜਾਬ ਕਾਂਗਰਸ ਦੇ 40 ਦੇ ਕਰੀਬ ਵਿਧਾਇਕਾਂ ਵੱਲੋਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਇਕ ਚਿੱਠੀ ਲਿਖੀ ਗਈ ਹੈ। ਇਸ ਚਿੱਠੀ ‘ਚ ਜਲਦੀ ਹੀ ਵਿਧਾਇਕ ਦਲ ਦੀ ਬੈਠਕ ਬੁਲਾਉਣ ਦੀ ਮੰਗ ਕੀਤੀ ਗਈ ਹੈ। ਵਿਧਾਇਕਾਂ ਨੇ ਚਿੱਠੀ ‘ਚ ਇਹ ਵੀ ਲਿਿਖਆ ਹੈ ਕਿ ਇਸ ਬੈਠਕ ‘ਚ 2 ਕੇਂਦਰੀ ਆਬਜ਼ਰਵਰਾਂ ਨੂੰ ਵੀ ਭੇਜਿਆ ਜਾਵੇ ਅਤੇ ਉਹ ਉਨ੍ਹਾਂ ਦੇ ਸਾਹਮਣੇ ਹੀ ਆਪਣੀ ਗੱਲ ਰੱਖਣਗੇ। ਦੱਸਿਆ ਜਾ ਰਿਹਾ ਹੈ ਕਿ ਬੁੱਧਵਾਰ ਸਵੇਰ ਤੋਂ ਹੀ ਇਸ ਸਬੰਧੀ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਆਪਣੇ 3 ਮੰਤਰੀਆਂ ਅਤੇ ਕੁੱਝ ਵਿਧਾਇਕਾਂ ਨਾਲ ਮਿਲ ਕੇ ਕਾਂਗਰਸ ਦੇ ਬਾਕੀ ਵਿਧਾਇਕਾਂ ਤੋਂ ਵੀ ਇਸ ਚਿੱਠੀ ‘ਤੇ ਹਸਤਾਖ਼ਰ ਕਰਵਾਉਂਦੇ ਰਹੇ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਅਜਿਹੀ ਹੀ ਇਕ ਬੈਠਕ ਹੋ ਚੁੱਕੀ ਹੈ।
ਇਹ ਬੈਠਕ ਕੈਬਨਿਟ ਮੰਤਰੀ ਬਾਜਵਾ ਦੇ ਘਰ ਹੋਈ ਸੀ। ਉਸ ਸਮੇਂ ਚਾਰ ਮੰਤਰੀਆਂ ਸਮੇਤ ਕੁੱਝ ਵਿਧਾਇਕ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨਾਲ ਗੱਲ ਕਰਨ ਲਈ ਦੇਹਰਾਦੂਨ ਤੱਕ ਪੁੱਜ ਗਏ ਸਨ ਅਤੇ ਉਸ ਤੋਂ ਬਾਅਦ ਸੋਨੀਆ ਗਾਂਧੀ ਨੂੰ ਮਿਲਣ ਦਿੱਲੀ ਤੱਕ ਵੀ ਗਏ ਸਨ ਪਰ ਉਨ੍ਹਾਂ ਨੂੰ ਸਮਾਂ ਨਹੀਂ ਦਿੱਤਾ ਗਿਆ।ਹੁਣ ਵਿਧਾਇਕਾਂ ਵੱਲੋਂ ਹਾਈਕਮਾਨ ਨੂੰ ਲਿਖੀ ਗਈ ਚਿੱਠੀ ਨੇ ਮੁੜ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ।