ਅੰਮ੍ਰਿਤਸਰ, Punjab News: ਅੱਜ ਇੱਥੇ ਵੇਰਕਾ-ਮਜੀਠਾ ਬਾਈਪਾਸ ’ਤੇ ਇਕ ਲੁੱਟ ਕੀਤੇ ਗਈ ਸਮਾਨ ਦੀ ਬਰਾਮਦਗੀ ਕਰਨ ਮੌਕੇ ਇੱਕ ਮੁਲਜ਼ਮ ਨੇ ਪੁਲੀਸ ਕਰਮੀ ਤੋਂ ਰਾਈਫਲ ਖੋਹਣ ਦੀ ਕੋਸ਼ਿਸ਼ ਕਰਨ ਮੌਕੇ ਪੁਲੀਸ ਨੇ ਉਸ ’ਤੇ ਗੋਲੀ ਚਲਾ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਅਜਨਾਲਾ ਖੇਤਰ ਦੇ ਪਿੰਡ ਭਿੰਡੀ ਸੈਦਾਂ ਦਾ ਰਹਿਣ ਵਾਲਾ ਸੂਰਜ ਲੁੱਟ-ਖੋਹ ਦੀਆਂ ਦੋ ਵਾਰਦਾਤਾਂ ’ਚ ਲੋੜੀਂਦਾ ਸੀ।
ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਲੁੱਟ ਦੇ ਸਮਾਨ ਦੀ ਬਰਾਮਦਗੀ ਲਈ ਪੁਲੀਸ ਨੇ ਇਕ ਮੁਲਜ਼ਮ ਨੂੰ ਵੇਰਕਾ-ਮਜੀਠਾ ਬਾਈਪਾਸ ’ਤੇ ਖਾਲੀ ਪਏ ਪਲਾਟ ’ਤੇ ਲਿਆਂਦਾ ਸੀ। ਇਸ ਦੌਰਾਨ ਉਸਨੇ ਪੁਲੀਸ ਕਰਮੀ ਤੋਂ ਰਾਈਫਲ ਖੋਹਣ ਦੀ ਕੋਸ਼ਿਸ਼ ਕੀਤੀ, ਜਿਸ ’ਤੇ ਜਵਾਬੀ ਕਾਰਵਾਈ ਕਰਦਿਆਂ ਪੁਲੀਸ ਨੂੰ ਉਸ ’ਤੇ ਗੋਲੀ ਚਲਾਉਣੀ ਪਈ ਅਤੇ ਪੈਰ ਵਿਚ ਗੋਲੀ ਲੱਗਣ ਕਾਰਨ ਉਹ ਮੌਕੇ ’ਤੇ ਜ਼ਖਮੀ ਹੋ ਗਿਆ।
ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ ਅਤੇ ਉਸ ਦੇ ਸਾਥੀ ਗੁਰਕੀਰਤ ਦੀ ਭਾਲ ਕੀਤੀ ਜਾ ਰਹੀ ਹੈ। ਦੋਵਾਂ ਨੇ ਹਾਲ ਹੀ ਵਿੱਚ ਵੱਖ-ਵੱਖ ਮਾਮਲਿਆਂ ਵਿੱਚ ਦੋ ਐਨਆਰਆਈ ਔਰਤਾਂ ਨੂੰ ਨਿਸ਼ਾਨਾ ਬਣਾਇਆ ਸੀ ਅਤੇ ਉਨ੍ਹਾਂ ਦੇ ਹੈਂਡ ਬੈਗ ਖੋਹ ਲਏ ਸਨ।