ਲੁਧਿਆਣਾ, 14 ਸਤੰਬਰ- ਭਾਜਪਾ ਦੇ ਸੀਨੀਅਰ ਆਗੂ ਅਸ਼ਵਨੀ ਸ਼ਰਮਾ ਨੇ ਲੁਧਿਆਣਾ ਵਿਖੇ ਇਕ ਪ੍ਰੈਸ ਕਾਨਫਰੰਸ ਕਰਦੇ ਹੋਏ ਵਿੱਤ ਮੰਤਰੀ ਹਰਪਾਲ ਚੀਮਾ ਵਲੋਂ ਬੀਜੇਪੀ ’ਤੇ ਲਗਾਏ ਗਏ ਦੋਸ਼ਾਂ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਇਸ ਦੇਸ਼ ’ਚ ਪਿਛਲੇ 8 ਸਾਲਾਂ ਤੋਂ ਜਨਮਤ ਦੇ ਆਧਾਰ ’ਤੇ ਰਾਜ ਕਰ ਰਹੀ ਹੈ। ਆਮ ਆਦਮੀ ਪਾਰਟੀ ਕੋਲ ਪ੍ਰਚੰਡ ਬਹੁਮਤ ਹੈ।
ਅਸ਼ਵਨੀ ਨੇ ਕਿਹਾ ਕਿ ਹਰਪਾਲ ਚੀਮਾ ਦੀ ਪਾਰਟੀ ਨੂੰ ਬੀਜੇਪੀ ਤੋਂ ਕੋਈ ਖ਼ਤਰਾ ਨਹੀਂ ਹੈ, ਕਿਉਂਕਿ ਲੜਾਈ ਉਨ੍ਹਾਂ ਦੇ ਆਪਣੇ ਘਰ ਦੀ ਹੈ। ਜਦੋਂ ਵੀ ਮਾਨ ਸਰਕਾਰ ਨੂੰ ਕੋਈ ਖ਼ਤਰਾ ਪੈਂਦਾ ਹੋਣਾ ਹੈ ਤਾਂ ਉਹ ਉਨ੍ਹਾਂ ਨੂੰ ਦੂਸਰੀਆਂ ਪਾਰਟੀਆਂ ਤੋਂ ਨਹੀਂ ਹੋਣਾ ਸਗੋਂ ਅਰਵਿੰਦ ਕੇਜਰੀਵਾਲ ਤੋਂ ਖ਼ਤਰਾ ਪੈਂਦਾ ਹੋਣਾ ਹੈ। ਅਰਵਿੰਦ ਕੇਜਰੀਵਾਲ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕੇਜਰੀਵਾਲ ਦੀ ਪੰਜਾਬ ਦੀ ਸੱਤਾ ’ਤੇ ਬਹੁਤ ਸਮੇਂ ਤੋਂ ਨਜ਼ਰ ਹੈ। ਆਮ ਆਦਮੀ ਪਾਰਟੀ ਦੀ ਸ਼ੁਰੂਆਤ ਝੂਠ ਦੇ ਆਧਾਰ ’ਤੇ ਹੋਈ ਹੈ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਇਨ੍ਹਾਂ ਦੇ ਆਪਣੇ ਮੰਤਰੀਆਂ ’ਤੇ ਕਈ ਮਾਮਲੇ ਦਰਜ ਹਨ ਅਤੇ ਕਈ ਜੇਲ੍ਹਾਂ ’ਚ ਹਨ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਭ੍ਰਿਸ਼ਟਾਚਾਰ ਵਾਲੀ ਸਰਕਾਰ ਹੈ। ਇਹ ਆਮ ਬੰਦਿਆ ਦੀ ਨਹੀਂ ਸਗੋਂ ਖ਼ਾਸ ਬੰਦਿਆ ਦੀ ਸਰਕਾਰ ਬਣ ਗਈ ਹੈ। ਇਹ ਸਰਕਾਰ ਪੰਜਾਬ ਨੂੰ ਲੁੱਟਣ ਦੀ ਕੋਸ਼ਿਸ਼ ਕਰ ਰਹੀ ਹੈ। ਗੈਰ-ਕਾਨੂੰਨੀ ਤਰੀਕੇ ਨਾਲ ਹੋ ਰਹੀ ਮਾਇਨਿੰਗ ਇਸ ਸਰਕਾਰ ਲਈ ਜੰਜਾਲ ਬਣ ਗਈ ਹੈ।