ਚੰਡੀਗੜ੍ਹ : ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਬੁੱਧਵਾਰ ਨੂੰ ਵਿਭਾਗ ਵਿੱਚ ਤਰਸ ਦੇ ਆਧਾਰ ‘ਤੇ ਭਰਤੀ ਕੀਤੇ ਗਏ 17 ਨਵ-ਨਿਯੁਕਤ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਸੌਂਪੇ।
ਨਵ-ਨਿਯੁਕਤ ਕਰਮਚਾਰੀਆਂ ਨੂੰ ਵਧਾਈ ਦਿੰਦਿਆਂ ਕੈਬਨਿਟ ਮੰਤਰੀ ਨੇ ਉਨ੍ਹਾਂ ਨੂੰ ਸਮਾਜ ਦੀ ਸੇਵਾ ਪ੍ਰਤੀ ਸਮਰਪਿਤ ਭਾਵਨਾ ਅਤੇ ਪੂਰੇ ਜਜ਼ਬੇ ਨਾਲ ਆਪਣੀਆਂ ਸੇਵਾਵਾਂ ਨਿਭਾਉਣ ਲਈ ਪ੍ਰੇਰਿਤ ਕੀਤਾ। ਕੈਬਨਿਟ ਮੰਤਰੀ ਨੇ ਉਨ੍ਹਾਂ ਨੂੰ ਲੋਕ ਭਲਾਈ ਲਈ ਸਾਰਥਕ ਯੋਗਦਾਨ ਪਾਉਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਲੋਕ ਸੇਵਾ ਇੱਕ ਨੇਕ ਜ਼ਿੰਮੇਵਾਰੀ ਹੈ।
ਟਰਾਂਸਪੋਰਟ ਵਿਭਾਗ ਵਿੱਚ ਅੱਜ ਨਿਯੁਕਤ ਹੋਏ ਕਈ ਉਮੀਦਵਾਰਾਂ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਨੌਕਰੀ ਦੀ ਉਡੀਕ ਕਰਦਿਆਂ 10 ਤੋਂ ਲੈ ਕੇ 32 ਸਾਲ ਤੱਕ ਹੋ ਗਏ ਹਨ ਪਰ ਪਿਛਲੀਆਂ ਸਰਕਾਰਾਂ ਨੇ ਕਦੇ ਉਨ੍ਹਾਂ ਦੀ ਬਾਂਹ ਨਹੀਂ ਫੜੀ।
ਨਵ-ਨਿਯੁਕਤ ਮੁਲਾਜ਼ਮ ਸਰਬਜੀਤ ਸਿੰਘ ਵਾਸੀ ਪਿੰਡ ਨੰਗਲ ਫੀਦਾ, ਜ਼ਿਲ੍ਹਾ ਜਲੰਧਰ ਨੇ ਦੱਸਿਆ ਕਿ ਉਸ ਦੇ ਪਿਤਾ ਦਾਰਾ ਸਿੰਘ ਦੀ ਮੌਤ ਹੋਣ ਉਪਰੰਤ ਉਸ ਨੇ ਸਾਲ 1992 ਵਿੱਚ ਵਿਭਾਗ ਵਿੱਚ ਨੌਕਰੀ ਲਈ ਅਪਲਾਈ ਕੀਤਾ ਸੀ ਪਰ ਪਿਛਲੀਆਂ ਸਰਕਾਰਾਂ ਦੀ ਅਣਗਹਿਲੀ ਅਤੇ ਲਾਰਿਆਂ ਕਰਕੇ ਉਸ ਦੇ ਪੱਲੇ ਨਿਰਾਸ਼ਾ ਹੀ ਪਈ। ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਦਾ ਉਚੇਚਾ ਧੰਨਵਾਦ ਕਰਦਿਆਂ ਸਰਬਜੀਤ ਸਿੰਘ ਨੇ ਕਿਹਾ ਕਿ ਮਾਨ ਸਰਕਾਰ ਦੇ ਉਦਮਾਂ ਸਦਕਾ ਅੱਜ ਕਰੀਬ 32 ਸਾਲ ਬਾਅਦ ਉਸ ਨੂੰ ਨੌਕਰੀ ਨਸੀਬ ਹੋਈ ਹੈ।
ਆਪਣੀ ਉਮਰ ਦੇ 51ਵਿਆਂ ਵਿੱਚ ਪਹੁੰਚ ਚੁੱਕੇ ਨਵ-ਨਿਯੁਕਤ ਮੁਲਾਜ਼ਮ ਸੁਖਦੇਵ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਹਰਚਰਨ ਸਿੰਘ, ਵਾਸੀ ਪਿੰਡ ਮੁਕੰਦਪੁਰ, ਜ਼ਿਲ੍ਹਾ ਜਲੰਧਰ ਦੀ ਸਾਲ 2000 ਵਿੱਚ ਡਿਊਟੀ ਦੌਰਾਨ ਮੌਤ ਹੋ ਜਾਣ ‘ਤੇ ਉਸ ਨੇ ਤਰਸ ਦੇ ਆਧਾਰ ‘ਤੇ ਨੌਕਰੀ ਲਈ ਅਪਲਾਈ ਕੀਤਾ ਸੀ ਪਰ ਉਸ ਨੂੰ ਪਿਛਲੀਆਂ ਸਰਕਾਰਾਂ ਵੱਲੋਂ ਧੱਕੇ ਹੀ ਮਿਲਦੇ ਰਹੇ ਜਿਸ ਕਾਰਨ ਉਹ ਕਰੀਬ 24 ਸਾਲ ਮਜ਼ਾਕ ਦੇ ਪਾਤਰ ਬਣਦੇ ਰਹੇ। ਉਨ੍ਹਾਂ ਕਿਹਾ ਕਿ ਹੁਣ ਮਾਨ ਸਰਕਾਰ ਨੇ ਉਨ੍ਹਾਂ ਦੀ ਬਾਂਹ ਫੜੀ ਹੈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਹੀ ਉਨ੍ਹਾਂ ਦੇ ਮਾਮਲਿਆਂ ਵਿੱਚ ਤੇਜ਼ੀ ਲਿਆਂਦੀ ਗਈ ਅਤੇ ਨੌਕਰੀ ਦੇ ਕੇ ਨਿਵਾਜਿਆ ਗਿਆ।