ਫ਼ਾਜ਼ਿਲਕਾ : ਬੀਤੇ ਦਿਨੀਂ ਅਬੋਹਰ ਦੇ ਜੇਪੀ ਪਾਰਕ ‘ਚ ਵਾਪਰੇ ਕਤਲ ਦੇ ਮਾਮਲੇ ‘ਚ ਫਾਜ਼ਿਲਕਾ ਜ਼ਿਲ੍ਹੇ ਦੇ ਐਸਪੀ ਕਰਾਈਮ ਕਰਨਵੀਰ ਸਿੰਘ ਨੇ ਡੀਐਸਪੀ ਦਫ਼ਤਰ ਅਬੋਹਰ ਵਿਖੇ ਪ੍ਰੈਸ ਕਾਨਫਰੰਸ ਕਰਦਿਆਂ ਦੱਸਿਆ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਚਾਰ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਜਾਣਕਾਰੀ ਦਿੰਦਿਆਂ ਐਸਪੀ ਕਰਨਵੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਰਵੀ ਖੰਨਾ ਦੀ ਪਤਨੀ ਨਿਸ਼ਾ ਦੇ ਦੋਸ਼ੀ ਰਾਹੁਲ ਉਰਫ ਬੋਨਾ ਪੁੱਤਰ ਜੀਤਾਰਾਮ ਵਾਸੀ ਦੁਰਗਾ ਨਗਰੀ ਨਾਲ ਸਬੰਧ ਸਨ। ਰਵੀ ਖੰਨਾ ਨੇ ਦੋਵਾਂ ਨੂੰ ਗੱਲ ਕਰਨ ਤੋਂ ਰੋਕਿਆ ਸੀ। ਰਾਹੁਲ ਨੇ ਪਹਿਲਾਂ ਵੀ ਸਾਥੀਆਂ ਸਮੇਤ ਰਵੀ ਨੂੰ ਧਮਕੀਆਂ ਦਿੱਤੀਆਂ ਸਨ ਤੇ ਉਨ੍ਹਾਂ ਦਾ ਆਪਸ ‘ਚ ਝਗੜਾ ਵੀ ਹੋਇਆ ਸੀ।
ਐਸਪੀ ਕ੍ਰਾਈਮ ਕਰਨਵੀਰ ਨੇ ਦੱਸਿਆ ਕਿ 25-26 ਨਵੰਬਰ ਦੀ ਰਾਤ ਨੂੰ ਰਾਹੁਲ ਨੇ ਆਪਣੇ ਦੋਸਤਾਂ ਅਮਨ ਉਰਫ ਬਿੱਲਾ ਪੁੱਤਰ ਹੰਸਰਾਜ ਵਾਸੀ ਆਰੀਆ ਨਗਰ, ਰੋਹਿਤ ਉਰਫ ਮਾਲੀ ਪੁੱਤਰ ਅਸ਼ੋਕ ਕੁਮਾਰ ਵਾਸੀ ਨਵੀਂ ਅਬਾਦੀ, ਬੁੱਗਾ ਉਰਫ ਮਨੀ ਤੇ ਰਾਜੂ ਵਾਸੀ ਨਵੀਂ ਆਬਾਦੀ ਦੀ ਮਦਦ ਨਾਲ ਜੇਪੀ ਪਾਰਕ ਬੁਲਾ ਕੇ ਰਵੀ ਖੰਨਾ ਦਾ ਕਤਲ ਕਰ ਦਿੱਤਾ ਜਦਕਿ ਰਵੀ ਦੇ ਦੋਸਤ ਵਿਕਰਮ ਦੇ ਦਖਲ ਦੇਣ ‘ਤੇ ਉਨ੍ਹਾਂ ਨੇ ਉਸ ਨੂੰ ਮਾਰਨ ਦੀ ਕੋਸ਼ਿਸ਼ ਵੀ ਕੀਤੀ।