ਦੀਨਾਨਗਰ : ਦੀਵਾਲੀ ਤੋਂ ਪਹਿਲਾਂ ਦੀਨਾਨਗਰ ਵਿਚ ਵਾਪਰੇ ਭਿਆਨਕ ਹਾਦਸੇ ਵਿਚ ਅਧਿਆਪਕਾ ਸਣੇ ਤਿੰਨ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਦੀਨਾਨਗਰ ਤੋਂ ਬਹਿਰਾਮਪੁਰ ਰੋਡ ‘ਤੇ ਸਥਿਤ ਪਿੰਡ ਰਾਮਪੁਰ ਨੇੜੇ ਅੱਜ ਸਵੇਰੇ ਇਕ ਤੇਜ਼ ਰਫ਼ਤਾਰ ਕਰੇਟਾ ਗੱਡੀ ਨੇ ਦੋ ਔਰਤਾਂ ਸਮੇਤ ਇਕ ਛੋਟੀ ਲੜਕੀ ਨੂੰ ਆਪਣੀ ਚਪੇਟ ਵਿਚ ਲੈ ਲਿਆ। ਇਸ ਹਾਦਸੇ ਵਿਚ 2 ਔਰਤਾਂ ਦੀ ਮੌਕੇ ‘ਤੇ ਮੌਤ ਹੋ ਗਈ ਜਦਕਿ ਛੋਟੀ ਬੱਚੀ ਨੇ ਹਸਪਤਾਲ ਵਿਚ ਦਮ ਤੋੜਿਆ। ਮੌਕੇ ‘ਤੇ ਪਹੁੰਚੇ ਥਾਣਾ ਮੁਖੀ ਬਹਿਰਾਮਪੁਰ ਓਂਕਾਰ ਸਿੰਘ ਨੇ ਦੱਸਿਆ ਕਿ ਦੀਨਾਨਗਰ ਵਾਲੀ ਸਾਈਡ ਤੋਂ ਇਕ ਕਾਲੇ ਰੰਗ ਦੀ ਕਰੇਟਾ ਗੱਡੀ ਪੀ. ਬੀ. 35 ਏ. ਜੇ. 9000 ਕਾਫੀ ਤੇਜ਼ ਰਫਤਾਰ ਨਾਲ ਆ ਰਹੀ ਸੀ ਜਦੋਂ ਪਿੰਡ ਰਾਮਪੁਰ ਨੇੜੇ ਪਹੁੰਚੀ ਤਾਂ ਗੱਡੀ ਦਾ ਸੰਤੁਲਨ ਅਚਾਨਕ ਵਿਗੜ ਗਿਆ ਅਤੇ ਪਿੰਡ ਦੇ ਬਾਹਰਵਾਰ ਮੇਨ ਰੋਡ ਉੱਤੇ ਦੀਨਾਨਗਰ ਦੇ ਇਕ ਪ੍ਰਾਈਵੇਟ ਸਕੂਲ ਵਿਚ ਪੜ੍ਹਦੀ ਛੋਟੀ ਬੱਚੀ ਨੂੰ ਸਕੂਲ ਬੱਸ ‘ਤੇ ਚੜ੍ਹਾਉਣ ਆਈ ਦਾਦੀ-ਪੋਤੀ ਨੂੰ ਕਰੇਟਾ ਕਾਰ ਨੇ ਆਪਣੀ ਚਪੇਟ ਵਿਚ ਲੈ ਲਿਆ ਅਤੇ ਥੋੜੀ ਅੱਗੇ ਜਾ ਕੇ ਸੜਕ ਕਿਨਾਰੇ ਇਕ ਪ੍ਰਾਈਵੇਟ ਸਕੂਲ ਦੀ ਅਧਿਆਪਕਾ ਨੂੰ ਵੀ ਚਪੇਟ ਵਿਚ ਲੈ ਲਿਆ ਜਿਸ ਕਾਰਨ ਮੌਕੇ ‘ਤੇ ਦੋਵਾਂ ਔਰਤਾਂ ਦੀ ਮੌਤ ਹੋ ਗਈ ਅਤੇ ਬੱਚੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ, ਜਿਸ ਦੀ ਬਾਅਦ ਵਿਚ ਮੌਤ ਹੋ ਗਈ।
ਕਰੇਟਾ ਗੱਡੀ ਪਲਟੀਆਂ ਖਾਂਦੀ ਹੋਈ ਸੜਕ ਕਿਨਾਰੇ ਬਣੀ ਦੁਕਾਨ ਵਿਚ ਜਾ ਵੱਜੀ ਜਿਸ ਉਪਰੰਤ ਗੱਡੀ ਸਵਾਰ ਮੌਕੇ ਤੋਂ ਫਰਾਰ ਹੋਣ ਵਿਚ ਸਫਲ ਹੋ ਗਿਆ। ਉਧਰ ਇਸ ਸਬੰਧੀ ਬਹਿਰਾਮਪੁਰ ਪੁਲਸ ਨੂੰ ਸੂਚਨਾ ਮਿਲਦੇ ਐੱਸ. ਐੱਚ. ਓ. ਸਮੇਤ ਪੁਲਸ ਫੋਰਸ ਮੌਕੇ ‘ਤੇ ਪਹੁੰਚ ਗਈ। ਪੁਲਸ ਮੁਤਾਬਕ ਮ੍ਰਿਤਕ ਮਹਿਲਾ ਦੀ ਪਛਾਣ ਕ੍ਰਿਸ਼ਨਾ ਦੇਵੀ (72) ਪਤਨੀ ਸੋਹਨ ਸਿੰਘ ਵਾਸੀ ਰਾਮਪੁਰ ਅਤੇ ਸੁਧਾ ਸ਼ਰਮਾ ਵਾਸੀ ਈਸੇਪੁਰ ਵਜੋਂ ਦੱਸੀ ਗਈ ਹੈ ਅਤੇ ਲੜਕੀ ਆਰਬੀ (8) ਵਾਸੀ ਰਾਮਪੁਰ ਹੈ। ਦੂਜੇ ਪਾਸੇ ਪੁਲਸ ਵੱਲੋਂ ਗੱਡੀ ਸਵਾਰ ਦੀ ਭਾਲ ਕੀਤੀ ਜਾ ਰਹੀ ਹੈ। ਥਾਣਾ ਮੁਖੀ ਨੇ ਦੱਸਿਆ ਕਿ ਜੋ ਗੱਡੀ ਵਿਚੋਂ ਕਾਗਜ਼ ਪੱਤਰ ਮਿਲੇ ਹਨ, ਉਸ ਦੇ ਤੌਰ ‘ਤੇ ਗੱਡੀ ਪਠਾਨਕੋਟ ਦੇ ਵਿਅਕਤੀ ਦੇ ਨਾਂ ‘ਤੇ ਹੈ ਪਰ ਅਜੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਉਧਰ ਇਸ ਘਟਨਾ ਕਾਰਨ ਇਲਾਕੇ ਅੰਦਰ ਕਾਫੀ ਸੋਗ ਵਾਲੀ ਲਹਿਰ ਪਾਈ ਜਾ ਰਹੀ ਹੈ।