ਬੰਦੀ ਛੋੜ ਦਿਵਸ ਮੌਕੇ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਈ ਸੰਗਤ

ਅੰਮ੍ਰਿਤਸਰ- ਸਿੱਖ ਭਾਈਚਾਰੇ ਵੱਲੋਂ ਦੀਵਾਲੀ ਦੇ ਤਿਉਹਾਰ ਨੂੰ ਬੰਦੀ ਛੋੜ ਦਿਵਸ ਵਜੋਂ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ। ਇਸ ਮੌਕੇ ਸੰਗਤਾਂ ਗੁਰੂ ਘਰ ਦੇ ਦਰਸ਼ਨ ਕਰਨ ਆਉਂਦੀਆਂ ਹਨ। ਅੱਜ ਇਸ ਪਵਿੱਤਰ ਦਿਹਾੜੇ ਮੌਕੇ ਭਾਰੀ ਗਿਣਤੀ ਵਿਚ ਸੰਗਤਾਂ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਈਆਂ। ਸੰਗਤਾਂ ਨੇ ਦਰਬਾਰ ਸਾਹਿਬ ਪਹੁੰਚ ਕੇ ਮੱਥਾ ਟੇਕ ਕੇ ਤੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਕੇ ਗੁਰੂ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਦੱਸ ਦਈਏ ਕਿ ਇਸ ਦਿਨ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਕਿਲ੍ਹੇ ਵਿਚੋਂ 52 ਰਾਜਿਆਂ ਸਮੇਤ ਰਿਹਾਅ ਹੋ ਕੇ ਆਏ ਸਨ। ਰਿਹਾਅ ਹੋਣ ਉਪਰੰਤ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ ਸਨ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਗਵਾਲੀਅਰ ਦੀ ਕੈਦ ‘ਚੋਂ ਬੰਦੀ ਰਾਜਿਆਂ ਨੂੰ ਮੁਕਤ ਕਰਵਾ ਕੇ ਬੰਦੀਛੋੜ ਸਤਿਗੁਰੂ ਬਣੇ। ਇਸ ਖੁਸ਼ੀ ਵਿਚ ਸਿੱਖ ਸੰਗਤਾਂ ਨੇ ਘਿਓ ਦੇ ਦੀਵੇ ਜਗਾ ਕੇ ਉਹਨਾਂ ਦਾ ਅੰਮ੍ਰਿਤਸਰ ਵਿਖੇ ਸਵਾਗਤ ਕੀਤਾ। ਉਹਨਾਂ ਦੇ ਆਉਣ ਦੀ ਖੁਸ਼ੀ ਵਿਚ ਸੰਗਤਾਂ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੀਪਮਾਲਾ ਕੀਤੀ ਗਈ।

ਇਸ ਦਿਨ ਤੋਂ ਸਿੱਖਾਂ ਵਾਸਤੇ ਇਹ ਇਕ ਪਵਿੱਤਰ ਦਿਹਾੜਾ ਬਣ ਗਿਆ ਅਤੇ ਸਿੱਖ ਜਗਤ ਹਰ ਸਾਲ ਸ੍ਰੀ ਅੰਮ੍ਰਿਤਸਰ ਵਿਖੇ ਇਕੱਤਰ ਹੋ ਕੇ ਬੰਦੀ-ਛੋੜ ਦਿਵਸ ਮਨਾਉਣ ਲੱਗਿਆ। ਹਰ ਸਾਲ ਬੰਦੀ ਛੋੜ ਦਿਵਸ ਮੌਕੇ ਸ੍ਰੀ ਦਰਬਾਰ ਸਾਹਿਬ ਵਿਖੇ ਭਾਰੀ ਗਿਣਤੀ ਵਿਚ ਸੰਗਤਾਂ ਇਕੱਠੀਆਂ ਹੁੰਦੀਆਂ ਹਨ ਤੇ ਦੀਪਮਾਲਾ ਕਰਦੀਆਂ ਹਨ।

ਜ਼ਿਕਰਯੋਗ ਹੈ ਕਿ ਹਰ ਸਾਲ ਬੰਦੀ ਛੋੜ ਦਿਵਸ ਮੌਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ ‘ਚ ਸੁੰਦਰ ਆਤਿਸ਼ਬਾਜੀ ਦਾ ਨਜ਼ਾਰਾ ਦੇਖਣ ਨੂੰ ਵੀ ਮਿਲਦਾ ਹੈ ਪਰ ਇਸ ਵਾਰ ਬੰਦੀਛੋੜ ਦਿਵਸ ਤੇ ਦਿਵਾਲੀ ਨਵੰਬਰ ਨੂੰ ਆਉਣ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਵੱਲੋਂ ਸੰਦੇਸ਼ ਦਿੱਤਾ ਗਿਆ ਹੈ ਕਿ 1 ਨਵੰਬਰ ਨੂੰ 1984 ਵਿੱਚ ਦਿੱਲੀ ਵਿਖੇ ਸਿੱਖ ਨਸਲ ਕੁਸ਼ੀ ਹੋਈ ਸੀ ਜਿਸ ਦੇ ਰੋਸ ਵਜੋਂ ਇਸ ਵਾਰ ਬੰਦੀ ਛੋੜ ਦਿਵਸ ਮੌਕੇ ਆਤਿਸ਼ਬਾਜ਼ੀ ਨਹੀਂ ਹੋਵੇਗੀ ਅਤੇ ਇਸ ਵਾਰ ਸਿਰਫ ਘਿਓ ਦੇ ਦੀਵੇ ਜਗਾ ਕੇ ਹੀ ਬੰਦੀ ਛੋੜ ਦਿਵਸ ਦਾ ਦਿਹਾੜਾ ਮਨਾਇਆ ਜਾਵੇਗਾ।

Leave a Reply

Your email address will not be published. Required fields are marked *