ਜ਼ਿਮਨੀ ਚੋਣਾਂ ਵਿੱਚ ਦਲ ਬਦਲੂਆਂ ਦੀ ਚਾਂਦੀ

ਸ਼੍ਰੋਮਣੀ ਅਕਾਲੀ ਦੇ ਪੰਜਾਬ ਵਿਧਾਨ ਸਭਾ ਦੀਆਂ ਚਾਰ ਉਪ ਚੋਣਾਂ ਨਾ ਲੜਨ ਦੇ ਫ਼ੈਸਲੇ ਤੋਂ ਬਾਅਦ ਇਹ ਚੋਣਾਂ ਬਹੁਤ ਹੀ ਦਿਲਚਸਪ ਹੋ ਗਈਆਂ ਹਨ। ਹੁਣ ਸਿਰਫ਼ ਪੰਜਾਬ ਦੀਆਂ ਤਿੰਨ ਪ੍ਰਮੁੱਖ ਸਿਆਸੀ ਪਾਰਟੀਆਂ ਕਾਂਗਰਸ, ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਦਰਮਿਆਨ ਤਿਕੋਨੇ ਮੁਕਾਬਲੇ ਹੋਣਗੇ।

ਸ਼੍ਰੋਮਣੀ ਅਕਾਲੀ ਦਲ ਅਤੇ ਕਿਸਾਨ ਯੂਨੀਅਨਾ ਦੇ ਵੋਟਰ ਜਿਸ ਪਾਰਟੀ ਦੇ ਪੱਖ ਵਿੱਚ ਭੁਗਤਣਗੇ ਉਸ ਦੇ ਸਿਰ ‘ਤੇ ਜਿੱਤ ਦਾ ਸਿਹਰਾ ਸਜੇਗਾ। ਇਨ੍ਹਾਂ ਚੋਣਾਂ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਨੇ ਦਲ ਬਦਲੂਆਂ ਨੂੰ ਟਿਕਟਾਂ ਦੇ ਕੇ ਨਿਵਾਜਿਆ ਹੈ।

ਇਸ ਤੋਂ ਇਲਾਵਾ ਟਿਕਟਾਂ ਦੀ ਵੰਡ ਕਰਨ ਲੱਗਿਆਂ ਸਾਰੀਆਂ ਪਾਰਟੀਆਂ ਨੇ ਪਰਿਵਾਰਵਾਦ ਨੂੰ ਪਹਿਲ ਦਿੱਤੀ ਹੈ। ਸਿਰਫ਼ ਤਿੰਨ ਉਮੀਦਵਾਰਾਂ ਗੁਰਦੀਪ ਸਿੰਘ ਰੰਧਾਵਾ ਆਮ ਆਦਮੀ ਪਾਰਟੀ, ਕੁਲਦੀਪ ਸਿੰਘ ਢਿਲੋਂ ਕਾਂਗਰਸ ਅਤੇ ਹਰਿੰਦਰ ਸਿੰਘ ਧਾਲੀਵਾਲ ਆਮ ਆਦਮੀ ਪਾਰਟੀ ਨੂੰ ਛੱਡ ਕੇ ਬਾਕੀ ਸਾਰੇ ਉਮੀਦਵਾਰ ਸਿਆਸੀ ਪਰਿਵਾਰਾਂ ਦੇ ਮੈਂਬਰ ਹਨ।

ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸੁਖਜਿੰਦਰ ਸਿੰਘ ਰੰਧਾਵਾ ਦੀਆਂ ਪਤਨੀਆਂ, ਰਾਜ ਕੁਮਾਰ ਚੱਬੇਵਾਲ ਅਤੇ ਮਰਹੂਮ ਅਕਾਲੀ ਨੇਤਾ ਨਿਰਮਲ ਸਿੰਘ ਕਾਹਲੋਂ ਦੇ ਸਪੁੱਤਰਾਂ, ਸਿਮਰਨਜੀਤ ਸਿੰਘ ਮਾਨ ਦਾ ਦੋਹਤਾ ਅਤੇ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਭਤੀਜੇ ਮਨਪ੍ਰੀਤ ਸਿੰਘ ਬਾਦਲ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ। ਸਿਰਫ ਕਾਂਗਰਸ ਪਾਰਟੀ ਨੇ ਦੋ ਟਿਕਟਾਂ ਇਸਤਰੀਆਂ ਨੂੰ ਦਿੱਤੀਆਂ ਹਨ। ਬਾਕੀ ਕਿਸੇ ਪਾਰਟੀ ਨੇ ਇਸਤਰੀ ਉਮੀਦਵਾਰ ਨਹੀਂ ਬਣਾਇਆ।

ਇਹ ਚੋਣਾ ਚਾਰ ਵਿਧਾਨਕਾਰਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਲੁਧਿਆਣਾ, ਗੁਰਮੀਤ ਸਿੰਘ ਮੀਤ ਹੇਅਰ ਦੇ ਸੰਗਰੂਰ, ਸੁਖਜਿੰਦਰ ਸਿੰਘ ਰੰਧਾਵਾ ਦੇ ਗੁਰਦਾਸਪੁਰ ਅਤੇ ਰਾਜ ਕੁਮਾਰ ਚੱਬੇਵਾਲ ਦੇ ਹੁਸ਼ਿਆਰਪੁਰ ਤੋਂ ਮਈ 2024 ਵਿੱਚ ਲੋਕ ਸਭਾ ਦੇ ਮੈਂਬਰ ਚੁਣੇ ਜਾਣ ਤੋਂ ਬਾਅਦ ਖਾਲ੍ਹੀ ਹੋਈਆਂ ਹਨ। ਇਨ੍ਹਾਂ ਵਿਧਾਇਕਾਂ ਦੇ ਅਸਤੀਫ਼ੇ ਦੇਣ ਤੋਂ ਬਾਅਦ, ਗਿਦੜਬਾਹਾ, ਬਰਨਾਲਾ, ਡੇਰਾ ਬਾਬਾ ਨਾਨਕ ਅਤੇ ਚੱਬੇਵਾਲ ਦੀਆਂ ਵਿਧਾਨ ਸਭਾ ਦੀਆਂ ਉਪ ਚੋਣਾਂ ਹੋ ਰਹੀਆਂ ਹਨ।

ਕਾਂਗਰਸ, ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਨੇ ਆਪੋ ਆਪਣੇ ਉਮੀਦਵਾਰਾਂ ਦੇ ਐਲਾਨ ਕਰ ਦਿੱਤੇ ਹਨ। ਇਨ੍ਹਾਂ ਵਿੱਚੋਂ ਆਮ ਆਦਮੀ ਪਾਰਟੀ ਨੇ ਆਪਣੇ ਚਾਰੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਗਿਦੜਬਾਹਾ, ਹਰਿੰਦਰ ਸਿੰਘ ਧਾਲੀਵਾਲ ਬਰਨਾਲਾ, ਗੁਰਦੀਪ ਸਿੰਘ ਰੰਧਾਵਾ ਡੇਰਾ ਬਾਬਾ ਨਾਨਕ ਅਤੇ ਇਸ਼ਾਂਕ ਚੱਬੇਵਾਲ, ਚੱਬੇਵਾਲ ਤੋਂ ਨਾਮਜ਼ਦ ਕਰ ਦਿੱਤੇ ਹਨ।

ਇਨ੍ਹਾਂ ਵਿੱਚ ਇੱਕ ਹਰਿੰਦਰ ਸਿੰਘ ਧਾਲੀਵਾਲ ਨੂੰ ਛੱਡਕੇ ਬਾਕੀ ਤਿੰਨੋ ਦਲ ਬਦਲੂ ਹਨ।

ਹਰਦੀਪ ਸਿੰਘ ਡਿੰਪੀ ਦੋ ਮਹੀਨਾ ਪਹਿਲਾਂ ਦੀ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਨ। ਉਹ ਸੁਖਵੀਰ ਸਿੰਘ ਬਾਦਲ ਦੀ ਸੱਜੀ ਬਾਂਹ ਗਿਣੇ ਜਾਂਦੇ ਸਨ।

ਗੁਰਦੀਪ ਸਿੰਘ ਰੰਧਾਵਾ 2022 ਦੀਆਂ ਵਿਧਾਨ ਸਭਾ ਚੋਣਾ ਮੌਕੇ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ। ਇਸ਼ਾਂਕ ਚੱਬੇਵਾਲ ਡਾ.ਰਾਜ ਕੁਮਾਰ ਚੱਬੇਵਾਲ ਮੈਂਬਰ ਲੋਕ ਸਭਾ ਹੁਸ਼ਿਆਰਪੁਰ ਦੇ ਸਪੁੱਤਰ ਹਨ, ਜਿਹੜੇ ਆਪਣੇ ਪਿਤਾ ਦੇ ਨਾਲ ਹੀ ਕਾਂਗਰਸ ਪਾਰਟੀ ਤੋਂ ਅਸਤੀਫ਼ਾ ਦੇ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਨ।

ਰਾਜ ਕੁਮਾਰ ਚੱਬੇਵਾਲ, ਚੱਬੇਵਾਲ ਵਿਧਾਨ ਸਭਾ ਹਲਕੇ ਤੋਂ 2012 ਅਤੇ 2022 ਵਿੱਚ ਦੋ ਵਾਰ ਵਿਧਾਇਕ ਅਤੇ ਕਾਂਗਰਸ ਪਾਰਟੀ ਦੇ ਵਿਧਾਨ ਸਭਾ ਵਿੱਚ ਉਪ ਨੇਤਾ ਸਨ। ਇਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ ਨੇ ਵੀ ਆਪਣੇ ਚਾਰ ਉਮੀਦਵਾਰਾਂ ਮਨਪ੍ਰੀਤ ਸਿੰਘ ਬਾਦਲ ਗਿਦੜਬਾਹਾ, ਕੇਵਲ ਸਿੰਘ ਢਿਲੋਂ ਬਰਨਾਲਾ, ਰਵੀਕਰਨ ਸਿੰਘ ਕਾਹਲੋਂ ਡੇਰਾ ਬਾਬਾ ਨਾਨਕ ਅਤੇ ਸੋਹਣ ਸਿੰਘ ਠੰਡਲ ਚੱਬੇਵਾਲ ਤੋਂ ਨਾਮਜ਼ਦ ਕਰ ਦਿੱਤੇ ਹਨ।

ਮਨਪ੍ਰੀਤ ਸਿੰਘ ਬਾਦਲ ਅਕਾਲੀ ਦਲ ਦੇ ਗਿਦੜਬਾਹਾ ਤੋਂ 1995 ਉਪ ਚੋਣ, 1997, 2002 ਅਤੇ 2007 ਵਿੱਚ ਚਾਰ ਵਾਰ ਵਿਧਾਇਕ ਰਹੇ ਹਨ। ਪੰਜਵੀਂ ਵਾਰ 2017 ਵਿੱਚ ਬਠਿੰਡਾ ਤੋਂ ਕਾਂਗਰਸ ਦੇ ਵਿਧਾਇਕ ਬਣੇ। 2022 ਵਿੱਚ ਬਠਿੰਡਾ ਤੋਂ ਚੋਣ ਹਾਰ ਗਏ ਤੇ ਫਿਰ 2023 ਵਿੱਚ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ।

ਪ੍ਰਕਾਸ਼ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਦੀਆਂ ਸਰਕਾਰਾਂ ਵਿੱਚ ਵਿਤ ਮੰਤਰੀ ਰਹੇ। ਉਹ ਮੰਤਰੀ ਦੇ ਅਹੁਦੇ ਤੋਂ ਬਿਨਾਂ ਕਿਸੇ ਪਾਰਟੀ ਵਿੱਚ ਰਹਿੰਦੇ ਹੀ ਨਹੀਂ। ਕੇਵਲ ਸਿੰਘ ਢਿਲੋਂ ਕਾਂਗਰਸ ਪਾਰਟੀ ਦੇ ਬਰਨਾਲਾ ਤੋਂ 2007 ਤੇ 2012 ਵਿੱਚ ਦੋ ਵਾਰ ਵਿਧਾਇਕ ਅਤੇ 2019 ਵਿੱਚ ਲੋਕ ਸਭਾ ਦੇ ਉਮੀਦਵਾਰ ਸਨ ਪ੍ਰੰਤੂ 2022 ਵਿੱਚ ਕੈਪਟਨ ਅਮਰਿੰਦਰ ਸਿੰਘ ਨਾਲ ਹੀ ਕਾਂਗਰਸ ਤੋਂ ਅਸਤੀਫ਼ਾ ਦੇ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ।

2022 ਦੀ ਸੰਗਰੂਰ ਲੋਕ ਸਭਾ ਦੀ ਉਪ ਚੋਣ ਭਾਰਤੀ ਜਨਤਾ ਪਾਰਟੀ ਦੀ ਟਿਕਟ ਤੇ ਲੜੇ ਤੇ ਚੋਣ ਹਾਰ ਗਏ ਸਨ। ਏਸੇ ਤਰ੍ਹਾਂ ਰਵੀ ਕਰਨ ਸਿੰਘ ਕਾਹਲੋਂ ਪੰਜਾਬ ਵਿਧਾਨ ਸਭਾ ਦੇ ਮਰਹੂਮ ਸਪੀਕਰ ਅਤੇ ਦਿਹਾਤੀ ਵਿਕਾਸ ਮੰਤਰੀ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਨਿਰਮਲ ਸਿੰਘ ਕਾਹਲੋਂ ਦੇ ਸਪੁੱਤਰ ਹਨ।

ਰਵੀਕਰਨ ਸਿੰਘ ਕਾਹਲੋਂ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਡੇਰਾ ਬਾਬਾ ਨਾਨਕ ਹਲਕੇ ਤੋਂ ਅਕਾਲੀ ਟਿਕਟ ਤੇ ਚੋਣ ਲੜੀ ਸੀ ਪ੍ਰੰਤੂ ਸਿਰਫ਼ 466 ਵੋਟਾਂ ਦੇ ਮਾਮੂਲੀ ਅੰਤਰ ਨਾਲ ਸੁਖਜਿੰਦਰ ਸਿੰਘ ਰੰਧਾਵਾ ਤੋਂ ਹਾਰ ਗਏ ਸਨ। 2024 ਦੀਆਂ ਲੋਕ ਸਭਾ ਚੋਣਾ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ।

ਸੋਹਣ ਸਿੰਘ ਠੰਡਲ ਅਜੇ 24 ਅਕਤੂਬਰ ਨੂੰ ਹੀ ਸ਼੍ਰੋਮਣੀ ਅਕਾਲੀ ਤੋਂ ਅਸਤੀਫ਼ਾ ਦੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ ਹਨ ਅਤੇ ਉਸੇ ਦਿਨ ਉਸ ਨੂੰ ਚੱਬੇਵਾਲ ਵਿਧਾਨ ਸਭਾ ਦਾ ਟਿਕਟ ਦੇ ਦਿੱਤਾ ਹੈ। ਸੋਹਣ ਸਿੰਘ ਠੰਡਲ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵਿੱਚ ਮੰਤਰੀ ਰਹੇ ਹਨ ਅਤੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਹੁਸ਼ਿਆਰਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਟਿਕਟ ‘ਤੇ ਲੋਕ ਸਭਾ ਦੀ ਚੋਣ ਲੜੇ ਸਨ।

ਭਾਰਤੀ ਜਨਤਾ ਪਾਰਟੀ ਦੇ ਚਾਰੇ ਉਮੀਦਵਾਰ ਦਲਬਦਲੂ ਹਨ। ਇਸ ਤੋਂ ਇਲਾਵਾ ਚਾਰੇ ਉਮੀਦਵਾਰ ਦਸਤਾਰਧਾਰੀ ਸਿੱਖ ਹਨ। ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਅਨੁਭਵ ਕਰ ਲਿਆ ਹੈ ਕਿ ਸਿੱਖਾਂ ਤੋਂ ਬਿਨਾ ਪੰਜਾਬ ਵਿੱਚ ਉਸਦੇ ਪੈਰ ਨਹੀਂ ਜੰਮ ਸਕਦੇ।

ਕਾਂਗਰਸ ਪਾਰਟੀ ਨੇ ਗਿਦੜਬਾਹਾ ਤੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਲੋਕ ਸਭਾ ਦੇ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ, ਬਰਨਾਲਾ ਤੋਂ ਕੁਲਦੀਪ ਸਿੰਘ ਢਿਲੋਂ ਕਾਂਗਰਸ ਪਾਰਟੀ ਦੇ ਜ਼ਿਲਾ ਪ੍ਰਧਾਨ ਸੰਗਰੂਰ , ਡੇਰਾ ਬਾਬਾ ਨਾਨਕ ਤੋਂ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਪਤਨੀ ਜਤਿੰਦਰ ਕੌਰ ਰੰਧਾਵਾ ਅਤੇ ਚੱਬੇਵਾਲ ਤੋਂ ਐਡਵੋਕੇਟ ਰਣਜੀਤ ਕੁਮਾਰ ਚੱਬੇਵਾਲ ਨੂੰ ਉਮੀਦਵਾਰ ਬਣਾਇਆ ਹੈ। ਕਾਂਗਰਸ ਦੇ ਤਿੰਨ ਉਮੀਦਵਾਰ ਟਕਸਾਲੀ ਕਾਂਗਰਸੀ ਪਰਿਵਾਰਾਂ ਵਿੱਚੋਂ ਹਨ ਪ੍ਰੰਤੂ ਇੱਕ ਉਮੀਦਵਾਰ ਐਡਵੋਕੇਟ ਰਣਜੀਤ ਕੁਮਾਰ ਬਹੁਜਨ ਸਮਾਜ ਪਾਰਟੀ ਤੋਂ ਆਇਆ ਦਲਬਦਲੂ ਹੈ। ਰਣਜੀਤ ਕੁਮਾਰ ਨੇ ਮਈ 2024 ਦੀ ਹੁਸ਼ਿਆਰਪੁਰ ਤੋਂ ਲੋਕ ਸਭਾ ਦੀ ਚੋਣ ਬਹੁਜਨ ਸਮਾਜ ਪਾਰਟੀ ਦੀ ਟਿਕਟ ਤੇ ਲੜੀ ਸੀ। ਥੋੜ੍ਹਾਂ ਸਮਾਂ ਪਹਿਲਾਂ ਹੀ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਇਆ ਹੈ। ਸਾਬਕਾ ਲੋਕ ਸਭਾ ਮੈਂਬਰ ਜਗਮੀਤ ਸਿੰਘ ਬਰਾੜ ਗਿਦੜਬਾਹਾ ਤੋਂ ਆਜ਼ਾਦ ਉਮੀਦਵਾਰ ਚੋਣ ਲੜ ਰਹੇ ਹਨ।

ਅਮਰਿੰਦਰ ਸਿੰਘ ਰਾਜਾ ਵੜਿੰਗ ਲਈ ਇਹ ਚੋਣ ਇੱਕ ਵੰਗਾਰ ਹੋਵੇਗੀ ਕਿਉਂਕਿ 2012, 2017 ਅਤੇ 2022 ਵਿੱਚ ਗਿਦੜਬਾਹਾ ਤੋਂ ਵਿਧਾਨ ਸਭਾ ਦੇ ਮੈਂਬਰ ਰਹੇ ਹਨ। ਹੁਣ ਉਨ੍ਹਾਂ ਦੀ ਪਤਨੀ ਅੰਮ੍ਰਿਤਾ ਵੜਿੰਗ ਚੋਣ ਲੜ ਰਹੀ ਹੈ। ਇਸ ਤੋਂ ਇਲਾਵਾ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਹੋਣ ਦੇ ਨਾਤੇ ਬਾਕੀ ਤਿੰਨੋ ਸੀਟਾਂ ਜਿੱਤਣਾ ਅਤਿਅੰਤ ਜ਼ਰੂਰੀ ਹੋਵੇਗਾ। ਜੇਕਰ ਕਾਂਗਰਸ ਪਾਰਟੀ ਖਾਸ ਕਰਕੇ ਉਨ੍ਹਾਂ ਦੀ ਪਤਨੀ ਚੋਣ ਨਾ ਜਿੱਤ ਸਕੀ ਤਾਂ ਪ੍ਰਧਾਨਗੀ ਦੀ ਕੁਰਸੀ ਖ਼ਤਰੇ ਵਿੱਚ ਪੈ ਸਕਦੀ ਹੈ।

ਬਰਨਾਲਾ ਤੋਂ ਉਮੀਦਵਾਰ ਕੁਲਦੀਪ ਸਿੰਘ ਢਿਲੋਂ ਵੀ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਨਜ਼ਦੀਕੀ ਹੈ। ਏਸੇ ਤਰ੍ਹਾਂ ਸੁਖਜਿੰਦਰ ਸਿੰਘ ਰੰਧਾਵਾ ਲਈ ਵੀ ਉਨ੍ਹਾਂ ਦੀ ਪਤਨੀ ਦਾ ਜਿੱਤਣਾ ਜ਼ਰੂਰੀ ਹੈ ਕਿਉਂਕਿ ਉਹ 2002, 2012, 2017 ਅਤੇ 2022 ਵਿੱਚ ਡੇਰਾ ਬਾਬਾ ਨਾਨਕ ਤੋਂ ਵਿਧਾਨਕਾਰ ਰਹੇ ਹਨ। ਚਰਨਜੀਤ ਸਿੰਘ ਚੰਨੀ ਦੀ ਸਰਕਾਰ ਵਿੱਚ ਉਪ ਮੁੱਖ ਮੰਤਰੀ ਸਨ। ਉਹ ਕਾਂਗਰਸ ਪਾਰਟੀ ਦੇ ਪੰਜਾਬ ਵਿੱਚ ਸਿਰਮੌਰ ਨੇਤਾ ਅਤੇ ਸਰਬ ਭਾਰਤੀ ਕਾਂਗਰਸ ਵੱਲੋਂ ਰਾਜਸਥਾਨ ਦੇ ਇਨਚਾਰਜ ਹਨ। ਇਨ੍ਹਾਂ ਦੋਹਾਂ ਨੇਤਾਵਾਂ ਲਈ ਇਹ ਚੋਣਾ ਵਕਾਰ ਦਾ ਸਵਾਲ ਹਨ। ਇਨ੍ਹਾਂ ਉਮੀਦਵਾਰਾਂ ਦੀ ਇੱਕ ਹੋਰ ਖਾਸੀਅਤ ਹੈ ਕਿ ਉਨ੍ਹਾਂ ਵਿੱਚੋਂ ਹਰਦੀਪ ਸਿੰਘ ਡਿੰਪੀ, ਮਨਪ੍ਰੀਤ ਸਿੰਘ ਬਾਦਲ, ਅੰਮ੍ਰਿਤਾ ਵੜਿੰਗ, ਜਤਿੰਦਰ ਕੌਰ ਰੰਧਾਵਾ, ਕੇਵਲ ਸਿੰਘ ਢਿਲੋਂ ਅਤੇ ਰਵੀ ਕਿਰਨ ਸਿੰਘ ਕਾਹਲੋਂ ਆਰਥਿਕ ਤੌਰ ‘ਤੇ ਕਾਫ਼ੀ ਮਜ਼ਬੂਤ ਉਮੀਦਵਾਰ ਹਨ। ਕੇਵਲ ਸਿੰਘ ਢਿਲੋਂ ਸਭ ਤੋਂ ਅਮੀਰ ਉਮੀਦਵਾਰ ਹਨ।

ਹਰਦੀਪ ਸਿੰਘ ਡਿੰਪੀ, ਮਨਪ੍ਰੀਤ ਸਿੰਘ ਬਾਦਲ ਅਤੇ ਹਰਿੰਦਰ ਸਿੰਘ ਧਾਲੀਵਾਲ ਟਰਾਂਸਪੋਰਟਰ ਹਨ।

ਸਿਮਰਨਜੀਤ ਸਿੰਘ ਮਾਨ ਦੇ ਦੋਹਤੇ ਗੋਬਿੰਦ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ ਮਾਨ ਨੇ ਬਰਨਾਲਾ ਤੋਂ ਉਮੀਦਵਾਰ ਉਤਾਰਿਆ ਹੈ।

ਇਹ ਚੋਣਾ ਭਗਵੰਤ ਸਿੰਘ ਮਾਨ ਮੁੱਖ ਮੰਤਰੀ, ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸੁਖਜਿੰਦਰ ਸਿੰਘ ਰੰਧਾਵਾ ਲਈ ਵੀ ਵੰਗਾਰ ਹੋਵੇਗੀ ਕਿਉਂਕਿ ਤਿੰਨੋ ਨੇਤਾਵਾਂ ਦੇ ਸਿਆਸੀ ਭਵਿਖ ‘ਤੇ ਚੋਣ ਨਤੀਜਿਆਂ ਦਾ ਗਹਿਰਾ ਪ੍ਰਭਾਵ ਪਵੇਗਾ।

ਟਿਕਟਾਂ ਦੀ ਵੰਡ ਦੇ ਮਾਮਲੇ ਤੇ ਆਮ ਆਦਮੀ ਪਾਰਟੀ ਵਿੱਚ ਗਿਦੜਬਾਹਾ ਅਤੇ ਬਰਨਾਲਾ ਹਲਕਿਆਂ ਵਿੱਚ ਬਗਾਬਤੀ ਸੁਰਾਂ ਉਠੀਆਂ ਹਨ, ਗਿਦੜਬਾਹਾ ਤੋਂ ਪ੍ਰਿਤਪਾਲ ਸ਼ਰਮਾ ਚੇਅਰਮੈਨ ਮਾਰਕੀਟ ਕਮੇਟੀ ਗਿਦੜਬਾਹਾ ਅਤੇ ਬਲਾਕ ਪ੍ਰਧਾਨ ਸਮੇਤ ਹੋਰ ਕੁਝ ਨੇਤਾ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਪ੍ਰਿਤਪਾਲ ਸ਼ਰਮਾ ਨੇ 2022 ਦੀਆਂ ਵਿਧਾਨ ਸਭਾ ਚੋਣ ਆਮ ਆਦਮੀ ਪਾਰਟੀ ਦੇ ਟਿਕਟ ‘ਤੇ ਲੜੀ ਸੀ। ਇਸੇ ਤਰ੍ਹਾਂ ਬਰਨਾਲਾ ਜ਼ਿਲ੍ਹਾ ਯੋਜਨਾ ਬੋਰਡ ਦੇ ਪ੍ਰਧਾਨ ਗੁਰਦੀਪ ਸਿੰਘ ਬਾਠ ਅਸਤੀਫ਼ਾ ਦੇ ਕੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ। ਉਮੀਦਵਾਰਾਂ ਅਤੇ ਸੀਨੀਅਰ ਸਿਆਸੀ ਨੇਤਾਵਾਂ ਦੇ ਭਵਿਖ ਦਾ ਫ਼ੈਸਲਾ ਵੋਟਰਾਂ ਦੇ ਹੱਥ ਹੋਵੇਗਾ।

ਉਜਾਗਰ ਸਿੰਘ

Leave a Reply

Your email address will not be published. Required fields are marked *