ਚੰਗੇਜ ਆਇਤਮਾਤੋਵ ਦੀ 1980ਵਿਆਂ ਵਿੱਚ ਲਿਖੀ ਕਹਾਣੀ ‘ਮਨਕੂਰਤ ਗੁਲਾਮ’ ਕਿਸੇ ਹੋਰ ਸੰਦਰਭ ਵਿੱਚ ਲਿਖੀ ਗਈ ਸੀ। ਸ਼ਾਇਦ ਕੱਟੜਵਾਦ ਵਿਰੁੱਧ। ਅਜਿਹੇ ਗੁਲਾਮ ਬਣਾਉਣ ਦੀ ਪੁਰਾਤਨ ਵਿਧੀ ਦੀ ਵਿਆਖਿਆ ਤੁਰਕੀ, ਅਲਤਾਈ ਅਤੇ ਕਿਰਗਿਜ਼ ਲੋਕ ਕਥਾਵਾਂ ਵਿੱਚ ਮਿਲਦੀ ਹੈ ।
ਜਿਸ ਗੁਲਾਮ ਨੂੰ ਮਨਕੂਰਤ ਬਣਾਉਣਾ ਹੁੰਦਾ ਉਸ ਦਾ ਸਿਰ ਮੁੰਨ ਦਿੱਤਾ ਜਾਂਦਾ ਸੀ। ਤਾਜਾ ਊਠ ਦੀ ਖੱਲ ਉਸ ਦੇ ਸਿਰ ਦੁਆਲੇ ਲਪੇਟ ਕੇ ਉਸ ਦੇ ਹੱਥ ਅਤੇ ਸਿਰ ਇਸ ਤਰਾਂ ਬੰਨ੍ਹ ਦਿੱਤੇ ਜਾਂਦੇ ਤਾਂ ਕਿ ਉਹ ਆਪਣੇ ਸਿਰ ਨੂੰ ਹੱਥ ਵੀ ਨਾ ਲਾ ਸਕੇ ਅਤੇ ਨਾ ਹੀ ਅਪਨਾ ਸਿਰ ਕਿਸੇ ਚੀਜ ਨਾਲ ਟਕਰਾਉਣ ਯੋਗ ਰਹੇ। ਫਿਰ ਉਸ ਨੂੰ ਤੇਜ ਧੁੱਪ ਹੇਠਾਂ ਬਿਨਾ ਰੋਟੀ ਪਾਣੀ ਕਈ ਦਿਨ ਰਖਿਆ ਜਾਂਦਾ ।
ਊਠ ਦੀ ਚਮੜੀ ਸੁੱਕਣ ਨਾਲ ਕਸਦੀ ਚਲੀ ਜਾਂਦੀ ਅਤੇ ਅਜਿਹੇ ਤੇਜ਼ ਦਰਦ ਦਾ ਕਾਰਨ ਬਣਦੀ ਜਿਸ ਦਾ ਵਰਣਨ ਵੀ ਨਹੀਂ ਕੀਤਾ ਜਾ ਸਕਦਾ।
ਅਨੇਕਾਂ ਮਰ ਜਾਂਦੇ ਅਤੇ ਜੋ ਕੋਈ ਬੱਚਦਾ ਉਹ ਆਪਣੀ ਸੋਚਣ ਸਕਤੀ ਗੁਆ ਬੈਠਦਾ । ਅਜਿਹਾ ਵਿਅਕਤੀ ਬਿਨਾ ਕੋਈ ਸਵਾਲ ਕੀਤੇ ਹਰ ਹੁਕਮ ਮੰਨਣ ਵਾਲਾ ਗੁਲਾਮ ਬਣ ਜਾਂਦਾ ।
ਆਇਤਮਾਤੋਵ ਦੀ ਕਹਾਣੀ ਵਾਲਾ ਗੁਲਾਮ ਵੀ ਅਜੇਹੀ
ਕਠਪੁਤਲੀ ਬਣ ਜਾਂਦਾ ਹੈ। ਉਹ ਆਪਣੀ ਯਾਦਦਾਸ਼ਤ ਗੁਆ ਲੈਣ ਕਾਰਨ ਆਪਣੀ ਮਾਂ ਨੂੰ ਵੀ ਨਹੀਂ ਪਛਾਣਦਾ। ਸੋਚਣ ਤੋਂ ਅਸਮਰੱਥ ਮਾਲਕ ਦਾ ਕਹਿਣਾ ਮੰਨ ਕੇ ਉਹ ਅਪਣੀ ਮਾਂ ਦਾ ਕਤਲ ਕਰ ਦੇਂਦਾ ਹੈ ।
ਉਹ ਕਹਾਣੀ ਸੀ ਅਤੇ ਹੁਣ ਜਾਣੀਏ ਸੱਚੀ ਘਟਨਾ ਵਾਰੇ।
ਪਿੰਡ ਕਂਗਥਲਾ ਥਾਣਾ ਸ਼ੁਤਰਾਣਾ ਜਿਲ੍ਹਾ ਪਟਿਆਲਾ ਦੇ ਨਸ਼ੇੜੀ ਨੇ ਆਪਣੀ ਮਾਂ ਦਾ ਕਤਲ ਕਰ ਦਿੱਤਾ।
ਇਹ ਹੋ ਸਕਦਾ ਕੋਈ ਵਿਅਕਤੀ ਅਚਾਨਕ ਤੈਸ ਵਿੱਚ ਆ ਗਿਆ ਤੇ ਕਤਲ ਹੋ ਗਿਆ ਹੋਵੇ । ਅਜਿਹੇ ਵਿਅਕਤੀ ਹੋਸ਼ ਵਿੱਚ ਆਉਣ ਤੇ ਪਛਤਾਵੇ ਦੀ ਅੱਗ ਵਿੱਚ ਸੜਨ ਲੱਗ ਪੈਂਦੇ ਹਨ।
ਪਰ ਇਥੇ ਪੁੱਤਰ ਆਪਣੀ ਮਾਂ ਦੀ ਲਾਸ਼ ਦੇ ਟੁਕੜੇ-ਟੁਕਡ਼ੇ ਕਰ ਘਰ ਵਿੱਚ ਹੀ ਉਨ੍ਹਾਂ ਨੂੰ ਕਈ ਦਿਨ ਸਾੜਦਾ ਰਿਹਾ ।
ਅਜਿਹੀਆਂ ਹੋਰ ਵੀ ਅਨੇਕਾਂ ਮਿਸਾਲਾਂ ਹਨ ਜਦੋਂ ਆਧੁਨਿਕ ਨਸ਼ੇ ਦੀ ਘਾਟ ਦੇ ਮਾਰੇ ਵਿਅਕਤੀ ਆਪਣੀ ਮੰਗ ਦੀ ਪੂਰਤੀ ਲਈ ਹਿੰਸਕ ਹੋ ਗਏ ਅਤੇ ਪਰਿਵਾਰ ਅੰਦਰ ਹੀ ਮਰਨ ਮਾਰਨ ਤਕ ਚਲੇ ਗਏ।
ਇਹ ਮਨਕੂਰਤ ਗੁਲਾਮਾਂ ਤੋਂ ਵੀ ਵੱਧ ਖ਼ਤਰਨਾਕ ਬਣ ਰਹੇ ਨਸੌੜੀਆਂ ਲਈ
ਕੌਣ ਜੁੰਮੇਵਾਰ ਹੈ ?
ਇਸ ਦੀ ਤਹਿ ਵਿੱਚ ਜਾ ਕੇ ਅਸਲੀ ਗੁਨਾਹਗਾਰਾਂ ਨੂੰ ਲੱਭਣ ਅਤੇ ਉਸ ਦਾ ਇਲਾਜ ਕਰਨ ਦੀ ਬਜਾਏ ਸਾਡੇ ਦੇਸ਼ ਦੀਆਂ ਸਰਕਾਰਾਂ ਸਿਰਫ ਆਪਣੀ ਪਿੱਠ ਥਾਪੜਣ ਅਤੇ ਪ੍ਰਚਾਰ ਤੋਂ ਹੀ ਵਿਹਲੀਆਂ ਨਹੀਂ ਹੋ ਰਹੀਆਂ।
ਬੀਤੇ ਦਿਨ ਲਗਭਗ ਇੱਕ ਲੱਖ 40 ਹਜ਼ਾਰ ਕਿਲੋ ਨਸ਼ੇ ਜਿਸ ਦੀ ਕੀਮਤ ਲਗਭਗ 2400 ਕਰੋੜ ਦੱਸੀ ਜਾਂਦੀ ਹੈ, ਨੂੰ ਅੱਗ ਦੇ ਹਵਾਲੇ ਕਰਨ ਦੀਆਂ ਵੀਡੀਓ ਸਾਡੇ ਸਾਹਮਣੇ ਆਈਆਂ ਹਨ। ਇਸ ਸਮੇਂ ਹੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਦਾ ਬਿਆਨ ਆਇਆ ਜਿਸ ਵਿਚ ਉਨ੍ਹਾ ਨਸ਼ੇ ਦੇ ਕਾਰੋਬਾਰ ਕਰਨ ਵਾਲਿਆਂ ਦੀਆਂ ਜਾਇਦਾਦਾਂ ਨੂੰ ਕੁਰਕ ਕਰਨ ਅਤੇ ਉਨ੍ਹਾਂ ਨੂੰ ਸ਼ਰੇਆਮ ਬੇਇੱਜਤ ਕਰਨ ਲਈ ਆਖਿਆ ਹੈ । ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਡਰੋਨਾ ਦੀ ਰਜਿਸਟ੍ਰੇਸ਼ਨ ਕਰਨ ਨਾਲ ਪਾਕਿਸਤਾਨ ਵੱਲੋ ਆ ਰਹੇ ਨਸ਼ਿਆਂ ਨੂੰ ਰੋਕਣ ਦੇ ਸੁਪਨੇ ਵੇਚਣ ਲਗੇ ਹਨ।
ਕੀ ਅਜਿਹੀਆਂ ਬਿਆਨਬਾਜੀਆਂ ਨਸ਼ੇ ਦੇ ਕਾਰੋਬਾਰ ਤੇ ਰੋਕ ਲਗਾ ਸਕਦੀਆਂ ਹਨ?
ਇਹ ਸਭ ਬੜਾ ਹਾਸੋਹੀਣਾ ਲੱਗਦਾ ਹੈ। ਕਿਉਕਿ ਮਾਮਲਾ ਡਰੱਗ ਮਾਫੀਆ ਬਣ ਗਈਆ ਵੱਡੀਆ ਮਛਲੀਆਂ ਨਾਲ ਜੁੜਿਆ ਹੋਇਆ ਹੈ।
ਕੁੱਝ ਮਹੀਨੇ ਪਹਿਲਾਂ ਗੁਜਰਾਤ ਵਿਚ ਅਡਾਨੀ ਗਰੁੱਪ ਵਲੋਂ ਚਲਾਈ ਜਾ ਰਹੀ ਭਾਰਤ ਦੀ ਸਭ ਤੋਂ ਵੱਡੀ ਪ੍ਰਾਈਵੇਟ ਮੂੰਦਰਾ ਬੰਦਰਗਾਹ ਤੋਂ ਤਿੱਨ ਹਜਾਰ ਕਿੱਲੋ ਹੈਰੋਇਨ ਫੜੀ ਗਈ। ਬਿਜਨੇਸ ਸਟੈਂਡਰਡ ਅਖਬਾਰ ਅਨੁਸਾਰ ਇਸ ਦੀ ਕੀਮਤ (21,000,00,00,000) ਇਕੀ ਹਜਾਰ ਕਰੋੜ ਰੁਪਏ ਬਣਦੀ ਹੈ। ।
ਸਪਸ਼ਟ ਹੈ ਕਿ ਏਨੀ ਵੱਡੀ ਪੂੰਜੀ ਦਾ ਨਿਵੇਸ਼ ਸਧਾਰਨ ਦਰਮਿਆਨੇ ਤਬਕੇ ਵਾਲੇ ਤਾਂ ਨਹੀਂ ਕਰ ਸਕਦੇ। ਇਹ ਵੀ ਸਾਫ ਹੈ ਕੇ ਆਰਥਿਕ ਤੌਰ ਤੇ ਅਤਿਅੰਤ ਮੁਨਾਫ਼ੇ ਵਾਲੇ ਨਸ਼ਿਆਂ ਦੇ ਕਾਰੋਬਾਰ ਵਿੱਚ ਸਰਕਾਰੀ ਅਧਿਕਾਰੀਆਂ , ਰਾਜਨੀਤਕ ਲੋਕਾਂ ਅਤੇ ਵੱਡੇ ਕਾਰੋਬਾਰੀਆਂ ਦੀ ਮਿਲੀ ਭੁਗਤ ਹੈ।
ਨਸ਼ਿਆਂ ਅਤੇ ਡਰੱਗ ਦੇ ਕਾਰੋਬਾਰ ਵਿਰੁੱਧ ਪਿਛਲੇ ਕਈ ਦਹਾਕਿਆਂ ਤੋਂ ਪੰਜਾਬ ਅਸੰਬਲੀ ਤੋਂ ਦੇਸ਼ ਦੀ ਪਾਰਲੀਮੈਂਟ ਤੱਕ ਅਨੇਕਾਂ ਵਾਰ ਰੌਲਾ ਪਿਆ ਹੈ।
ਸਥਿੱਤੀ ਦੀ ਗੰਭੀਰਤਾ ਦਾ ਅੰਦਾਜਾ ਇਸ ਗੱਲ ਤੋਂ ਵੀ ਲੱਗ ਸਕਦਾ ਹੈ ਕਿ ਪੰਜਾਬ ਵਿਚ ਪਹੁੰਚਣ ਵਾਲੀ ਗ੍ਰਾਮਾਂ ਜਾਂ ਕੁੱਝ ਕਿਲੋ ਹੈਰੋਇਨ ਨੇ ਇਸ ਨੂੰ ‘ਉੱਡਦਾ ਪੰਜਾਬ’ ਜਾਂ ‘ਉਜੜਦਾ ਪੰਜਾਬ’ ਬਣਾ ਦਿੱਤਾ ਸੀ।
ਪੰਜਾਬ ਅਸੰਬਲੀ ਅੰਦਰ 2008 ਵਿਚ ਬੀਜੇਪੀ ਆਗੂ ਤੇ ਸਿਹਤ ਮੰਤਰੀ ਸ੍ਰੀਮਤੀ ਲਕਸ਼ਮੀ ਕਾਂਤ ਚਾਵਲਾ ਵਲੋਂ ਆਪਣੀ ਹੀ ਸਰਕਾਰ ਵਿਰੁੱਧ ਨਸ਼ਾ ਤਸਕਰਾਂ ਅਤੇ ਪੁਲੀਸ ਦੇ ਗੱਠਜੋੜ ਵਾਰੇ ਬੋਲਣ ਤੋ
ਨਸ਼ਿਆਂ ਵਿਰੁੱਧ ਕੁੱਝ ਸ਼ੁਰੂ ਹੋਈ ਕਾਰਵਾਈ ਕਰ ਕੇ ਛੇ ਸੱਤ ਹਜਾਰ ਛੋਟੇ ਛੋਟੇ ਨਸ਼ਾ ਵਿਤਰਣ ਕਰਨ ਵਾਲਿਆਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਮੁੜ 2017 ਦੀਆਂ ਪੰਜਾਬ ਅਸੰਬਲੀ ਚੋਣ ਪ੍ਰਚਾਰ ਸਮੇਂ ਨਸ਼ਿਆਂ ਨੂੰ ਖ਼ਤਮ ਕਰਨ ਲਈ ਸਰਦਾਰ ਅਮਰਿੰਦਰ ਸਿੰਘ ਨੇ ਸਹੁੰਆਂ ਖਾਧੀਆਂ ਸਨ। ਚੋਣਾਂ ਤੋਂ ਬਾਅਦ ਵੀਹ ਹਜ਼ਾਰ ਦੇ ਲਗਪਗ ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ।
ਹਾਈ ਕੋਰਟ ਦੀਆਂ ਪੜਤਾਲਾਂ ਸਦਕਾ ਪੰਜਾਬ ਪੁਲੀਸ ਦੇ ਡੀਐਸਪੀ ਜਗਦੀਸ਼ ਭੋਲਾ, ਅੰਮ੍ਰਿਤਸਰ ਤੋਂ ਉੱਘੇ ਅਕਾਲੀ ਆਗੂ ਮਨਜਿੰਦਰ ਸਿੰਘ, ਸਨਅਤਕਾਰ ਪਰਮਜੀਤ ਚਹਿਲ ਅਤੇ ਕਈ ਹੋਰ ਐੱਨ ਆਰ ਆਈ ਵੱਲੋਂ ਚਲਾਏ ਜਾ ਰਹੇ ਡਰੱਗ ਮਾਫੀਆ ਦਾ ਖੁਲਾਸਾ ਹੋਇਆ ਅਤੇ ਇਨ੍ਹਾਂ ਚੋਂ ਦਰਜਨ ਤੋਂ ਵੱਧ ਵਿਅਕਤੀਆਂ ਨੂੰ ਜੇਲ੍ਹਾਂ ਵਿੱਚ ਜਾਣਾ ਪਿਆ।
ਉਸ ਤੋਂ ਬਾਅਦ ਅਨੇਕਾਂ ਹੋਰ ਪੁਲਿਸ ਅਧਿਕਾਰੀਆ ਅਤੇ ਕੁਝ ਸਮਾਂ ਪਹਿਲਾਂ ਛਾਬੜਾ ਇੰਟਰਨੈਸ਼ਨਲ ਡਰੱਗ ਸਿੰਡੀਕੇਟ ਮਾਫੀਆ ਦੇ ਸਨੀ ਵਰਮਾ ਤੱਕ ਦੀਆ ਗ੍ਰਿਫ਼ਤਾਰੀਆਂ ਦੇ ਦਰਮਿਆਨ ਅਨੇਕ ਕਰਵਾਈਆਂ ਹੋਈਆਂ ਹਨ।
ਪਰੰਤੂ ਸਥਿਤੀ ਗਰਕਣ ਵਲ ਹੀ ਵਧਦੀ ਜਾ ਰਹੀ ਹੈ।
ਹੈਰੋਇਨ ਜਾਂ ਕੈਮੀਕਲ ਨਸ਼ਿਆਂ ਦੀ ਵਰਤੋਂ ਪ੍ਰਚਲਿਤ ਨਸ਼ਿਆਂ ਤੋਂ ਬਹੁਤ ਹੀ ਵੱਖਰਾ ਅਤੇ ਗੰਭੀਰ ਮਾਮਲਾ ਹੈ।
ਇਸ ਤੋਂ ਵੀ ਵੱਡੀ ਚਿੰਤਾ ਮਾਫੀਆ ਰਾਜ ਦੀ ਸਥਾਪਤੀ ਦਾ ਹੈ ਜੋ ਇਸ ਅਤਿਅੰਤ ਮੁਨਾਫ਼ੇ ਵਾਲੇ ਕਾਰੋਬਾਰ ਵਿੱਚ ਵੱਡੇ ਵਪਾਰੀਆਂ , ਰਾਜਨੇਤਾਵਾਂ, ਪੁਲੀਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਕਾਇਮ ਹੋ ਰਿਹਾ ਹੈ।
ਕੀ ਇਕੱਲੀ ਸਰਕਾਰ ਵੱਲੋਂ ਕੀਤੀਆਂ ਕਾਰਵਾਈਆਂ ਨਾਲ ਇਸ ਮਾਫੀਆ ਤੇ ਕਾਬੂ ਪਾਇਆ ਜਾ ਸਕਦਾ ਹੈ?
ਅਜਿਹਾ ਸੰਭਵ ਨਹੀ ਲਗਦਾ। ਕਿਉਂਕਿ ਅਜਿਹੀਆਂ ਸਖ਼ਤ ਸਰਕਾਰੀ ਕਾਰਵਾਈਆਂ ਤਾਂ ਯੂਰਪ ਸਮੇਤ ਦੁਨੀਆਂ ਦੇ ਲਗਪਗ ਹਰ ਖਿੱਤੇ ਵਿੱਚ ਹੋ ਚੁੱਕੀਆਂ ਹਨ
ਦੁਨੀਆਂ ਦੇ ਸਭ ਤੋਂ ਅਮੀਰ ਅਤੇ ਸ਼ਕਤੀਸ਼ਾਲੀ ਦੇਸ਼ ਅਮਰੀਕਾ ਵਿੱਚ ਸੱਤਰਵਿਆਂ ਵਿਚ ‘ਹਿੱਪੀ ਅੰਦੋਲਨ’ ਦੇ ਪ੍ਰਭਾਵ ਹੇਠ ਅਮਰੀਕੀ ਨੌਜਵਾਨਾਂ ਦੀ ਪੀੜ੍ਹੀ ਨਸ਼ਿਆਂ ਚ ਡੁੱਬਣ ਲੱਗੀ ਤਾਂ ਉਥੋਂ ਦੇ ਰਾਸ਼ਟਰਪਤੀ ਰਿਚਰਡ ਨਿਕਸਨ ਨੇ ਨਸ਼ਿਆਂ ਨੂੰ ਲੋਕਾਂ ਦਾ ‘ਨੰਬਰ ਇਕ ਦੁਸ਼ਮਣ’ ਐਲਾਨ ਕਰਦੇ ਹੋਏ ਇਸ ਤੇ ਸਖ਼ਤੀ ਨਾਲ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਇਮਾਨਦਾਰ ਛਵੀ ਵਾਲੀ ਅਮਰੀਕਨ ਪੁਲਿਸ ਵੀ ਨਸ਼ਿਆਂ ਤੇ ਕਾਬੂ ਨਹੀਂ ਪਾ ਸਕੀ । ਉਸ ਨਾਕਾਮਯਾਬੀ ਦਾ ਸਾਰਾ ਠੀਕਰਾ ਮੈਕਸੀਕੋ ਦੇ ਸਿਰ ਭੰਨ੍ਹਣਾ ਸੁਰੂ ਕਰ ਦਿੱਤਾ ।
ਸਨ 2006 ਤੋਂ 2013 ਤੱਕ ਮੈਕਸੀਕੋ ਵਿੱਚ ਫਿਲਿਪ ਕਾਲਡੀਰੀਨੋ ਦੀ ਅਮਰੀਕਾ ਪੱਖੀ ਸਰਕਾਰ ਸਮੇਂ ਉਨ੍ਹਾ ਆਪਣਾ ਪ੍ਰਭਾਵ ਵਰਤ ਕੇ ਨਸ਼ਾ ਤਸਕਰਾਂ ਵਿਰੁੱਧ ਮੁਹਿੰਮਾਂ ਚਲਵਾਈਆਂ। ਛੇ ਸੱਤ ਸਾਲਾਂ ਵਿਚ ਸਰਕਾਰੀ ਅੰਕੜਿਆਂ ਮੁਤਾਬਕ ਲੱਗਭਗ 60,000 ਵਿਅਕਤੀ ਮਾਰੇ ਗਏ ਅਤੇ 27000 ਲਾਪਤਾ ਹੋ ਗਏ। ਗੈਰ-ਸਰਕਾਰੀ ਅੰਕੜੇ ਇਸ ਤੋਂ ਦੁੱਗਣੇ ਹਨ।
ਇੰਨੇ ਖ਼ੂਨ ਖ਼ਰਾਬੇ ਦੇ ਬਾਵਜੂਦ ਕੋਈ ਸਾਰਥਕ ਨਤੀਜਾ ਸਾਹਮਣੇ ਨਹੀਂ ਆਇਆ। ਅੰਤ ਰਾਸ਼ਟਰਪਤੀ ਉਬਾਮਾ ਦੀ ਸਰਕਾਰ ਸਮੇਂ ਇਹ ਫੌਜੀ ਕਾਰਵਾਈਆਂ ਤੋਂ ਹੱਥ ਖੜੇ ਕਰ ਲਏ ਗਏ ।
ਨਸ਼ਾ ਮਾਫੀਆ ਕਿੰਨੇ ਖ਼ਤਰਨਾਕ ਹੋ ਸਕਦੇ ਹਨ, ਵੱਡਾ ਤਜਰਬਾ ਕੋਲੰਬੀਆ ਦਾ ਹੈ। 1980ਵਿਆਂ ਵਿਚ ਕੋਲੰਬੀਆ ਸਰਕਾਰ ਵੱਲੋਂ ਕੋਕੀਨ ਵੇਚਣ ਵਾਲਿਆਂ ਵਿਰੁੱਧ ਸਖ਼ਤੀ ਦੀਆਂ ਮੁਹਿੰਮਾਂ ਚਲਾਈਆਂ ਗਈਆਂ। ਉੱਥੋਂ ਦੀ ਸਰਕਾਰ ਨੇ ਨਸ਼ਿਆਂ ਦੇ ਮਾਫ਼ੀਆ ਵਿਰੁੱਧ ਕਾਰਵਾਈ ਕਰਨ ਵਾਸਤੇ ਅਮਰੀਕਾ ਨਾਲ ਇੱਕ ਸੰਧੀ ਵੀ ਕੀਤੀ ਸੀ।
ਕੋਲੰਬੀਆ ਅੰਦਰਲੇ ਨਸ਼ਾ ਮਾਫ਼ੀਆ ਸਰਗਨੇ ‘ਪਾਬਲੋ ਇਸਕੋਬਾਰ’ ਨੇ ਸਰਕਾਰ ਅੰਦਰ ਆਪਣਾ ਦਬਦਬਾ ਕਾਇਮ ਰੱਖਣ ਤੇ ਵਧਾਉਣ ਵਾਸਤੇ ਉਥੋਂ ਦੀ ਪ੍ਰਮੁੱਖ ਪਾਰਟੀ ਅੰਦਰ ਦਾਖਲਾ ਲੈ ਕੇ ਚੋਣ ਲੜਨ ਦੀ ਕੋਸ਼ਿਸ਼ ਕੀਤੀ।
ਉਸ ਦਾ ਵਿਰੋਧ ਕਰਨ ਵਾਲੇ ਰਾਸ਼ਟਰਪਤੀ ਪਦ ਲਈ ਚੋਣ ਲੜ ਰਹੇ ‘ਲੂਈਸ ਕਾਰਲੋਸ ਜੀਲੇਮ’ ਨੂੰ 1987 ਵਿਚ ਚੋਣ ਰੈਲੀ ਦੌਰਾਨ ਹੀ ਗੋਲੀਆਂ ਨਾਲ ਭੁੰਨ ਦਿੱਤਾ। ਇਸ ਤੋਂ ਇਲਾਵਾ ਨਸ਼ੇ ਦੇ ਅਪਰਾਧੀਆਂ ਨੂੰ ਸਜ਼ਾ ਸੁਣਾਉਣ ਵਾਲੇ ਸੁਪਰੀਮ ਕੋਰਟ ਦੇ ਸੱਤ ਜੱਜ ਅਤੇ ਛੋਟੀਆਂ ਕੋਰਟਾਂ ਦੇ 200 ਜੱਜ ਮਾਰ ਮੁਕਾਏ ਗਏ। ਨਸ਼ੇ ਦੇ ਮਾਫੀਆ ਵਿਰੁੱਧ ਫ਼ੌਜੀ ਕਾਰਵਾਈਆਂ ਅਸਰਅੰਦਾਜ਼ ਨਾ ਹੋਈਆਂ ।
ਅੱਜਕੱਲ੍ਹ ਫਿਲਪੀਨ ਦਾ ਰਾਸ਼ਟਰਪਤੀ ਨਸ਼ੇ ਦੇ ਮਾਫੀਆ ਗਰੋਹਾਂ ਵਿਰੁੱਧ ਫ਼ੌਜੀ ਕਾਰਵਾਈਆਂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਨ੍ਹਾਂ ਕਾਰਵਾਈਆਂ ਵਿੱਚ ਫਿਲਪੀਨ ਪੁਲੀਸ ਦੇ ਲੱਗਭਗ 12000 ਅਤੇ ਪ੍ਰਸ਼ਾਸਨ ਵਿੱਚਲੇ 5000 ਲੋਕਾਂ ਦੇ ਨਾਲ ਵਿਰੋਧੀ ਪਾਰਟੀਆਂ ਦੇ 20000 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ। ਸਰਕਾਰ ਦੀਆਂ ਕਾਰਵਾਈਆਂ ਵਿਰੁੱਧ ਦੇਸ਼ ਵਿੱਚ ਹਾਹਾਕਾਰ ਮੱਚੀ ਪਈ ਹੈ। ਕੋਈ ਸਪਸ਼ਟ ਨਤੀਜਾ ਨਿਕਲਦਾ ਦਿਖਾਈ ਨਹੀਂ ਦੇ ਰਿਹਾ।
ਅਜਿਹੀਆਂ ਸ਼ਖਤੀ ਦੀਆਂ ਕਾਰਵਾਈਆਂ ਨਾਲ ਨਸ਼ਾ ਵੇਚਣ ਵਾਲਿਆਂ ਵਿੱਚੋਂ ਜੇ ਕੁਝ ਲੋਕ ਘੱਟ ਵੀ ਜਾਂਦੇ ਹਨ ਪ੍ਰੰਤੂ ਜਲਦੀ ਹੀ ਨਵੇਂ ਗੁੱਟ ਪੈਦਾ ਹੋ ਜਾਂਦੇ ਹਨ । ‘ਲੰਡਨ ਸਕੂਲ ਆਫ ਇਕਨਾਮਿਕਸ’ ਦੇ ‘ਇੰਟਰਨੈਸ਼ਨਲ ਡਰੱਗ ਪਾਲਿਸੀ ਪ੍ਰੋਜੈਕਟ’ ਦੇ ਡਾਇਰੈਕਟਰ ‘ਜੌਹਨ ਕੋਲਿਨ’ ਦਾ ਵਿਸ਼ਲੇਸ਼ਣ ਵੀ ਇਹ ਪ੍ਰਗਟਾਵਾ ਕਰਦਾ ਹੈ ਕਿ, “ਨਸ਼ਿਆਂ ਦੀ ਸਪਲਾਈ ਤੋੜਨ ਦੀਆਂ ਕਾਰਵਾਈਆਂ ਜਲਦੀ ਹੀ ਪ੍ਰਭਾਵਹੀਣ ਹੋ ਜਾਂਦੀਆਂ ਹਨ। ਇਸ ਨਾਲ ਨਸ਼ਿਆਂ ਦੀ ਮੰਡੀ ਤੇ ਕੋਈ ਪ੍ਰਭਾਵ ਨਹੀਂ ਪੈਂਦਾ। ਕਿਉ ਕਿ ਲੜਾਈ ਇਕ ਆਰਥਕ ਸ਼ਕਤੀ ਵਿਰੁੱਧ ਹੈ। ਆਰਥਿਕ ਸ਼ਕਤੀ ਵਿੱਚ ਆਪਣੇ ਹਿੱਤ ਸਾਧਨ ਦਾ ਬਹੁਤ ਹੀ ਤਾਕਤਵਰ ਰੁਝਾਨ ਹੁੰਦਾ ਹੈ” ।
ਆਰਥਿਕ ਆਧਾਰ ਵਾਲੇ ਤੱਥ ਦੀ ਪ੍ਰੋਰੜਤਾ ‘ਯੂਨਾਈਟਿਡ ਨੇਸ਼ਨ ਦੇ ਡਰੱਗ ਕ੍ਰਾਈਮ ਨੂੰ ਕੰਟਰੋਲ’ ਕਰਨ ਵਾਲੇ ਦਫ਼ਤਰ ਅਤੇ ਸੰਸਾਰ- ਬੈਂਕ ਦੀਆਂ ਰਿਪੋਰਟਾਂ ਤੋਂ ਵੀ ਹੁੰਦੀ ਹੈ।
ਰਿਪੋਰਟਾਂ ਅਨੁਸਾਰ ਅਫ਼ਗਾਨਿਸਤਾਨ ਦੀ ਜੀਡੀਪੀ ਦਾ ਲਗਪਗ ਤੀਜਾ ਹਿੱਸਾ ਨਸ਼ਿਆਂ ਦੇ ਵਪਾਰ ਵਿਚੋਂ ਆਉਂਦਾ ਹੈ। ਨਸ਼ਿਆਂ ਦਾ ਜੋ ਵਿਉਪਾਰ ਮੈਕਸੀਕੋ ਰਾਹੀਂ ਕੀਤਾ ਜਾਂਦਾ ਹੈ ਉਸ ਬਾਰੇ ਅੰਦਾਜ਼ਾ ਹੈ ਕਿ ਇਕ ਸਾਲ ਵਿਚ 15 ਅਰਬ ਡਾਲਰ ਤੋਂ 50 ਅਰਬ ਡਾਲਰ ਤਕ ਹੋ ਸਕਦਾ ਹੈ।
ਪੰਜਾਬ ਅਤੇ ਭਾਰਤ ਦੀ ਸਥਿੱਤੀ ਵਾਰੇ ਵੱਖੋ ਵੱਖ ਸੋਮਿਆਂ ਤੋਂ ਰਿਪੋਰਟ ਇਹ ਹੈ ਕਿ ਅਫਗਾਨਿਸਤਾਨ ਤੋਂ ਇਕ ਲੱਖ ਰੁਪਏ ਕਿੱਲੋ ਵਿਕਣ ਵਾਲੀ ਹੈਰੋਇਨ ਜਦੋਂ ਭਾਰਤੀ ਪੰਜਾਬ ਪਹੁੰਚਦੀ ਹੈ ਤਾਂ ਇਸ ਦੀ ਕੀਮਤ ਤੀਹ ਲੱਖ ਰੁਪਏ ਕਿਲੋ ਹੋ ਜਾਂਦੀ ਹੈ। ਇਹ ਦਿੱਲੀ, ਬੰਗਲੌਰ ਜਾਂ ਹੈਦਰਾਬਾਦ ਆਦਿ ਵੱਡੇ ਸ਼ਹਿਰਾਂ ਵਿੱਚ ਇੱਕ ਕਰੋੜ ਰੁਪਏ ਕਿਲੋ ਤਕ ਵਿਕ ਜਾਂਦੀ ਹੈ ਅਤੇ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਇਸ ਦੀ ਕੀਮਤ ਪੰਜ ਤੋਂ ਸੱਤ ਕਰੋੜ ਤਕ ਚਲੀ ਜਾਂਦੀ ਹੈ।
ਅਜਿਹੇ ਸੁਪਰ ਲਾਭਕਾਰੀ ਧੰਦਿਆਂ ਵਿਚ ਅਨੇਕਾਂ ਅਫਸਰਾਂ, ਨੇਤਾਵਾਂ ਤੇ ਵਪਾਰੀਆਂ ਦਾ ਖਿੱਚਿਆ ਜਾਣਾ ਕੁਦਰਤੀ ਹੈ।
ਨਸ਼ਿਆਂ ਦੀ ਖੇਪ ਨੂੰ ਇਕ ਥਾਂ ਤੋਂ ਦੂਜੀ ਥਾਂ ਪਹੁੰਚਾਉਣ ਅਤੇ ਖਰੀਦਦਾਰਾਂ ਤੱਕ ਸਪਲਾਈ ਲਾਈਨ ਤਿਆਰ ਕਰਨ ਵਾਸਤੇ ਬੇਰੋਜਗਾਰ ਅਤੇ ਗਰੀਬੀ ਦੇ ਭੰਨੇ ਨੌਜਵਾਨਾਂ ਦੀ ਖੋਜ ਕਰਨੀ ਕੋਈ ਔਖੀ ਨਹੀਂ। ਸਰਕਾਰ ਵੱਲੋਂ ਪਾਬੰਦੀਆਂ ਲਾਉਣ ਅਤੇ ਸਖਤੀਆਂ ਵਰਤਣ ਨਾਲ ਨਸ਼ਿਆਂ ਦੀ ਕੀਮਤ ਹੋਰ ਵੀ ਵਧ ਜਾਂਦੀ ਹੈ ਅਤੇ ਮੁਨਾਫ਼ੇ ਵੀ ਵਧ ਜਾਂਦੇ ਹਨ। ਵਧੇ ਹੋਏ ਮੁਨਾਫੇ ਇਸ ਧੰਦੇ ਵਾਸਤੇ ਵੱਧ ਖ਼ਤਰਾ ਝੱਲਣ ਲਈ ਹੋਰ ਲਾਲਚ ਪੈਦਾ ਕਰ ਦੇਂਦੇ ਹਨ।
ਦੂਜੇ ਗੰਭੀਰ ਪੱਖ ਹੈ ਕਿ ਨਸ਼ਿਆਂ ਨੂੰ ਵਿਸ਼ੇਸ਼ ਢੰਗ ਨਾਲ ਪ੍ਰਚਾਰਿਆ ਜਾਂਦਾ ਹੈ। ਸਾਡੀਆਂ ਫਿਲਮਾਂ, ਨਾਟਕ, ਗਾਣੇ ਅਤੇ ਮੀਡੀਆ ਦਾ ਰੋਲ ਅਜਿਹੇ ਪ੍ਰਚਾਰ ਵਿੱਚ ਮੁੱਖ ਭੂਮਿਕਾ ਅਦਾ ਕਰਦਾ ਹੈ। ਜੇਕਰ ਅਜਿਹਾ ਪ੍ਰਚਾਰ ਨਾ ਹੋਵੇ ਤਾਂ ਨਸ਼ੇ ਘੱਟ ਫੈਲਦੇ ਹਨ।
ਤੀਜੇ ਇਹ ਨਸ਼ਾ ਵੇਚਣ ਵਾਲਿਆਂ ਦਾ ਤੰਤਰ, ਸੱਤਾ ਤੇ ਕਾਬਜ ਰਾਜਨੀਤਕ ਪਾਰਟੀਆਂ ਲਈ ਨਵੀਂ ਕਿਸਮ ਦਾ ਪਾਰਟੀ ਕਾਡਰ ਮੁਹੱਈਆ ਕਰਵਾਉਣ ਦਾ ਸਾਧਨ ਬਣ ਗਿਆ ਹੈ।
ਜਿਨ੍ਹਾਂ ਰਾਜਾਂ ਅਤੇ ਦੇਸ਼ਾਂ ਵਿੱਚ ਨਸ਼ਿਆਂ ਵਿਰੁੱਧ ਪਾਬੰਦੀਆਂ ਲੱਗੀਆਂ ਹਨ ਉਨ੍ਹਾ ਸਭਨਾ ਵਿੱਚ ਇਸ ਦਾ ਮਾਫ਼ੀਆ ਵੀ ਪੱਕਾ ਹੋ ਗਿਆ ਹੈ।
ਕਈ ਪਿੰਡਾਂ ਵਿੱਚ ਨਸ਼ਾ ਤਸਕਰਾਂ ਵਿਰੁੱਧ ਪਿੰਡ ਦੇ ਲੋਕਾਂ ਵੱਲੋਂ ਬਣਾਈਆਂ ਗਈਆਂ ਨਿਗਰਾਨ ਕਮੇਟੀਆਂ ਹੁਣ ਸਿੱਧੀਆਂ ਕਾਰਵਾਈਆਂ ਕਰਨ ਲੱਗ ਪਈਆਂ ਹਨ। ਇਸ ਨਾਲ ਕਾਨੂੰਨ ਦੀ ਵਿਵਸਥਾ ਤੇ ਮਾੜਾ ਅਸਰ ਪੈਣ ਅਤੇ ਆਪਸੀ ਸਮਾਜਿਕ ਲੜਾਈਆਂ ਹੋਣ ਦਾ ਖਤਰਾ ਵਧ ਰਿਹਾ ਹੈ।
ਪ੍ਰਚਾਰ ਦਾ ਅਸਰ:
ਪੰਜਾਬ ਦੇ ਲਗਪਗ ਹਰੇਕ ਰਸਤੇ ਉੱਤੇ ਸੁੱਖੇ ਦੇ ਬੂਟੇ ਆਮ ਹੀ ਖੜ੍ਹੇ ਮਿਲ ਜਾਂਦੇ ਹਨ ਤਾਂ ਵੀ ਇਸ ਦੀ ਵਰਤੋਂ ਬਹੁਤ ਘੱਟ ਹੈ, ਕਿਉਂਕਿ ਮੁਫ਼ਤ ਵਿੱਚ ਮਿਲਣ ਵਾਲੇ ਇਸ ਨਸ਼ੇ ਨੂੰ ਕੋਈ ਉਤਸ਼ਾਹਤ ਨਹੀਂ ਕਰਦਾ। ਹਿਮਾਚਲ ਅਤੇ ਮੱਧ ਪ੍ਰਦੇਸ਼ ਵਿੱਚ ਅਫੀਮ ਦੀ ਖੇਤੀ ਹੁੰਦੀ ਹੈ, ਪਰ ਉੱਥੇ ਵੀ ਇਸ ਦੇ ਨਸ਼ੇ ਦਾ ਪ੍ਰਚਲਣ ਸੀਮਤ ਹੈ।
ਇਸੇ ਕਾਰਨ ਕਈ ਸਮਾਜਕ ਅਤੇ ਖੇਤੀ ਵਿਗਿਆਨੀਆਂ ਵਲੋਂ ਪੰਜਾਬ ਵਿੱਚ ਅਫੀਮ ਤੇ ਡੋਡਿਆਂ ਦੀ ਖੇਤੀ ਦੇ ਸੁਝਾਅ ਹੁਣ ਜਿਆਦਾ ਨੁਕਸਾਨਦਾਇਕ ਨਹੀਂ ਲੱਗਦੇ।
ਨਸ਼ਿਆਂ ਵਿਰੁੱਧ ਰਣਨੀਤੀ ਅਪਣਾਉਂਦੇ ਸਮੇਂ ਸਰਕਾਰ ਅਤੇ ਬਾਕੀ ਸਮਾਜ ਦੀ ਸ਼ਮੂਲੀਅਤ ਵਾਲੇ ਬਹੁਪੱਖੀ ਸਾਂਝੇ ਉਪਰਾਲੇ ਹੀ ਕੋਈ ਸਾਰਥਕ ਹੱਲ ਕੱਢ ਸਕਦੇ ਹਨ।
ਸਾਂਝੀ ਜ਼ਿੰਮੇਵਾਰੀ ਬਣ ਗਈ ਹੈ ਕਿ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਤ ਕਰਨ ਲਈ ਸਾਡੀਆਂ ਵਿਦਿਅਕ, ਸਮਾਜਿਕ ਅਤੇ ਧਾਰਮਕ ਸੰਸਥਾਵਾਂ ਪੁਰਾਣੀਆਂ ਪਰੰਪਰਾਵਾਂ ਅਨੁਸਾਰ ਕਸਰਤਾਂ, ਅਖਾੜਿਆਂ ਅਤੇ ਟੂਰਨਾਮੈਂਟਾਂ ਆਦਿ ਦਾ ਪ੍ਰਬੰਧ ਕਰਨ ਵਿਚ ਹਿੱਸਾ ਪਾਉਣ ।
ਧਾਰਮਕ ਥਾਵਾਂ ਤੇ ਮਸਤੀ ਅਤੇ ਨਸ਼ੇ ਦਾ ਪ੍ਰਚਾਰ ਕਰਨ ਵਾਲੇ ਗੀਤ ਨਹੀਂ ਚਲਾਉਣੇ ਚਾਹੀਦੇ। ਸਾਡੇ ਘਰਾਂ ਅੰਦਰ ਹੋਣ ਵਾਲੇ ਸਮਾਗਮਾਂ ਵਿੱਚ ਵੀ ਨਸ਼ਿਆਂ ਨੂੰ ਉਤਸ਼ਾਹਤ ਕਰਨ ਵਾਲੇ ਲੱਚਰ ਗੀਤਾਂ ਨੂੰ ਬੰਦ ਕਰਕੇ ਅਸੀਂ ਇਸ ਮੁਹਿੰਮ ਵਿੱਚ ਯੋਗਦਾਨ ਪਾ ਸਕਦੇ ਹਾਂ।
ਨਸ਼ਿਆਂ ਦੇ ਮਾਫੀਆ ਵਿਰੁੱਧ ਕਾਰਵਾਈ ਵਿੱਚ ਮੁੱਖ ਭੂਮਿਕਾ ਸਰਕਾਰੀ ਏਜੰਸੀਆਂ ਦੀ ਹੀ ਬਣਦੀ ਹੈ। ਉਹ ਨਸ਼ਾ ਬਣਾਉਣ ਅਤੇ ਵੇਚਣ ਵਿਰੁੱਧ ਬੇਕਿਰਕ ਸਖ਼ਤ ਕਾਰਵਾਈਆਂ ਕਰਦੇ ਹੋਏ ਨੌਜਵਾਨਾਂ ਦੇ ਵਿਅਕਤੀਤਵ ਵਿਕਾਸ ਵਾਲੀ ਅਤੇ ਕਿੱਤਾ ਮੁਖੀ ਵਿੱਦਿਆ ਦਾ ਪ੍ਰਬੰਧ ਕਰਨ ਦੇ ਨਾਲ ਰੋਜ਼ਗਾਰ ਪੈਦਾ ਕਰਨ ਵਾਸਤੇ ਨੀਤੀਆਂ ਬਣਾ ਸਕਦੇ ਹਨ।
ਇਹ ਗੱਲ ਸਮਝਣੀ ਅਤਿ ਜਰੂਰੀ ਹੈ ਕੇ ਨਸ਼ਿਆਂ ਦੇ ਕਾਰੋਬਾਰ ਰਾਹੀਂ ਕੀਤੀ ਜਾਣ ਵਾਲੀ ਲੁੱਟ ਬਾਕੀ ਤਰ੍ਹਾਂ ਦੀਆਂ ਲੁੱਟਾ ਦੇ ਮੁਕਾਬਲਤਨ ਸਭ ਤੋਂ ਬੁਰੀ ਹੈ। ਕਿਸੇ ਡਾਕੂ ਜਾਂ ਚੋਰ ਦੁਆਰਾ ਲੁਟਿਆ ਗਿਆ ਵਿਅਕਤੀ ਮੁੜ ਪੈਰਾਂ ਤੇ ਖੜਾ ਹੋ ਸਕਦਾ ਹੈ ਪਰ ਸਿੰਥੈਟਿਕ ਨਸ਼ੇ ਉਸ ਦਲਦਲ ਵਾਂਗ ਹਨ ਜੋ ਇਸ ਵਿੱਚ ਇਕ ਵਾਰ ਫਸ ਗਿਆ ਉਸ ਦੀ ਆਰਥਿਕਤਾ , ਅਣਖ਼ ਤੇ ਜੀਵਨ ਬਸ ਖਤਮ ਹੀ ਹੋ ਸਕਦਾ ਹੈ।
ਇਸ ਨੂੰ ਧਿਆਨ ਵਿਚ ਰੱਖਣਾ ਕਿ ਦੇਸ ਅਤੇ ਸਮਾਜ ਦੀ ਉੱਨਤੀ ਤੇ ਖੁਸ਼ਹਾਲੀ, ਸਮਰੱਥਾਵਾਨ ਸ਼ਾਨਦਾਰ ਨੌਜਵਾਨਾਂ ਨਾਲ ਹੈ। ਨੌਜਵਾਨਾਂ ਨੂੰ ਨਸ਼ੇ ਦੀ ਮਨਕੂਰਤ ਗੁਲਾਮੀ ਵਾਲੀ ਦਲਦਲ ਤੋਂ ਬਚਾਉਣ ਲਈ ਸਰਕਾਰੀ ਅਜੰਸੀਆ, ਰਾਜਨੀਤਕ ਪਾਰਟੀਆ, ਧਾਰਮਿਕ ਸੰਗਠਨਾ, ਵਿੱਦਿਅਕ ਅਦਾਰਿਆ, ਪ੍ਰਭਾਵਸਾਲੀ ਸਖਸ਼ੀਅਤਾਂ ਅਤੇ ਨੌਜਵਾਨਾ ਦਾ ਵਿਆਪਕ ਸਮਾਜਿਕ ਮੋਰਚਾ ਬਣਾਉਣਾ ਅਤੇ ਸਾਂਝਾ ਉਪਰਾਲਾ ਬਹੁਤ ਜਰੂਰੀ ਹੈ।
ਰਮੇਸ਼ ਰਤਨ
98142-73870