ਆਪਣੇ ਰਾਜਨੀਤਕ ਸਫ਼ਰ ਦੀ ਸ਼ਤਾਬਦੀ ਪੂਰੀ ਕਰ ਚੁੱਕੇ ਸ਼੍ਰੋਮਣੀ ਅਕਾਲੀ ਦਲ ਦਾ ਬਹੁਜਨ ਸਮਾਜ ਪਾਰਟੀ ਨਾਲ ਗਠਜੋੜ ਹੋ ਗਿਆ ਹੈ ਤੇ ਦੋਵਾਂ ਪਾਰਟੀਆਂ ਦੇ ਆਗੂਆਂ ਨੂੰ ਆਸ ਬੱਜਦੀ ਜਾਪਦੀ ਹੈ ਕਿ ਉਹ ਅਗਲੇ ਸਾਲ ਵਿੱਚ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਆਪਣੀ ਬੇੜੀ ਪਾਰ ਲਾ ਲੈਣਗੇ ਪਰ ਬੇੜੀ ਪਾਰ ਲਾਉਣ ਲਈ ਰਸਤਾ ਬਿਖੜਿਆ ਤੇ ਜਟਿਲ ਹੈ। ਉਂਜ ਦੋਵੇਂ ਪਾਰਟੀਆਂ ਪਿਛਲੇ ਅਰਸੇ ਵਿੱਚ ਅਲੱਗ ਥਲੱਗ ਪੈ ਗਈਆਂ ਸਨ ਤੇ ਇਸ ਕਰਕੇ ਭਰੋਸੇਯੋਗ ਭਾਈਵਾਲ ਦੀ ਤਲਾਸ਼ ਵਿੱਚ ਸਨ। ਗਠਜੋੜ ਹੋਣ ਨਾਲ ਦੋਵਾਂ ਪਾਰਟੀਆਂ ਦੀ ਤਲਾਸ਼ ਪੂਰੀ ਹੋ ਗਈ ਹੈ।
ਦੋਵਾਂ ਪਾਰਟੀਆਂ ਵਿਚਾਲੇ ਗਠਜੋੜ ਤਾਂ ਹੋ ਗਿਆ ਹੈ ਪਰ ਸਮਝੌਤੇ ਤਹਿਤ ਜਿਹੜੀਆਂ ਸੀਟਾਂ ਬਹੁਜਨ ਸਮਾਜ ਪਾਰਟੀ ਨੂੰ ਮਿਲੀਆਂ ਹਨ, ਉਨ੍ਹਾਂ ਚ ਇਸ ਪਾਰਟੀ ਦੀ ਕਾਰਗੁਜ਼ਾਰੀ ਇਕ,ਦੋ ਹਲਕਿਆਂ ਨੂੰ ਛੱਡ ਕੇ ਮਾੜੀ ਰਹੀ ਹੈ। ਬਸਪਾ ਨੂੰ ਮਿਲੀਆਂ ਵੀਹ ਸੀਟਾਂ ਵਿਚੋਂ ਦਰਜਨ ਸੀਟਾਂ ਉਹ ਹਨ ਜਿਹੜੀਆਂ ਅਕਾਲੀ ਦਲ ਭਾਜਪਾ ਨੂੰ ਛੱਡਦਾ ਰਿਹਾ ਹੈ। ਤਿੰਨ , ਚਾਰ ਸੀਟਾਂ ਅਜਿਹੀਆਂ ਹਨ ਜਿਨ੍ਹਾਂ ਤੋਂ ਅਕਾਲੀ ਦਲ ਦੋ, ਤਿੰਨ ਵਾਰ ਹਾਰਦਾ ਆ ਰਿਹਾ ਹੈ।
ਦੋਵਾਂ ਪਾਰਟੀਆਂ ਦੇ ਆਗੂਆਂ ਨੇ 1996 ਦੀਆਂ ਲੋਕ ਸਭਾ ਚੋਣਾਂ ਵਾਲੀ ਸਥਿਤੀ ਦੁਹਰਾਉਣ ਦੇ ਵੱਡੇ ਵੱਡੇ ਦਾਅਵੇ ਕੀਤੇ ਹਨ ਪਰ ਉਸ ਵੇਲੇ ਤੇ ਅੱਜ ਦੀ ਸਥਿਤੀ ਵਿੱਚ ਵੱਡੇ ਅੰਤਰ ਹਨ। 1996 ਦੀਆਂ ਲੋਕਸਭਾ ਚੋਣਾਂ ਤੋਂ ਬਾਅਦ ਅਗਲੇ ਸਾਲ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਸਨ ਤੇ ਜਿਸ ਵਿਚ ਅਕਾਲੀ ਦਲ ਨੇ ਵੱਡੀ ਜਿੱਤ ਹਾਸਲ ਕਰਕੇ ਸਰਕਾਰ ਬਣਾਈ ਸੀ।
ਉਸ ਤੋਂ ਬਾਅਦ ਅਗਲੀ ਸਰਕਾਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦੀ ਬਣੀ ਸੀ ਪਰ 2007 ਤੋਂ 2017 ਤਕ ਅਕਾਲੀ ਭਾਜਪਾ ਗਠਜੋੜ ਸੱਤਾ ਤੇ ਕਾਬਜ਼ ਰਿਹਾ ਸੀ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਾਅਵੇ ਕੀਤੇ ਸਨ ਕਿ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਪੱਚੀ ਸਾਲ ਸੱਤਾ ਤੇ ਕਾਬਜ਼ ਰਹੇਗੀ ਪਰ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਸਥਿਤ ਅਜਿਹੀ ਬਣੀ ਕਿ ਅਕਾਲੀ ਦਲ ਦੇ ਸੱਤਾ ਵਿੱਚ ਵਾਪਸੀ ਕਰਨ ਦੇ ਸੁਪਨੇ ਚੂਰ ਚੂਰ ਹੀ ਨਹੀਂ ਹੋਏ ਸਗੋਂ ਵਿਧਾਨ ਸਭਾ ਵਿੱਚ ਮੁੱਖ ਵਿਰੋਧੀ ਧਿਰ ਵੀ ਨਹੀਂ ਬਣ ਸਕਿਆ।ਬੇਅਦਬੀ ਕਾਰਨ ਸ਼੍ਰੋਮਣੀ ਅਕਾਲੀ ਦਲ ਦੀ ਭਰੋਸੇਯੋਗਤਾ ਨੂੰ ਵੱਡੀ ਢਾਹ ਲੱਗੀ ਹੈ ਤੇ ਅਜੇ ਤਕ ਸਿੱਖ ਹਲਕਿਆਂ ਵਿੱਚ ਨਰਾਜ਼ਗੀ ਬਰਕਰਾਰ ਹੈ ਤੇ ਇਸ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਨਾ ਦਿਵਾਉਣ ਕਰਕੇ ਕਾਂਗਰਸ ਨੂੰ ਵੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਇਸ ਦੇ ਨਾਲ ਦਿੱਲੀ ਦੀਆਂ ਬਰੂਹਾਂ ਤੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਛੇ ਮਹੀਨਿਆਂ ਤੋਂ ਵੱਧ ਸਮੇਂ ਤੋਂ ਕਿਸਾਨ ਅੰਦੋਲਨ ਚਲ ਰਿਹਾ ਹੈ । ਇਸ ਅੰਦੋਲਨ ਦਾ ਵੀ ਕਿਸੇ ਨਾ ਕਿਸੇ ਰੂਪ ਵਿੱਚ ਚੋਣਾਂ ਤੇ ਅਸਰ ਪਵੇਗਾ।
ਇਹ ਗੱਲ ਵਾਜਬ ਹੈ ਕਿ ਗਠਜੋੜ ਬਨਣ ਨਾਲ ਦੋਵਾਂ ਪਾਰਟੀਆਂ ਨੂੰ ਇਕ ਵਾਰ ਤਾਂ ਹੁਲਾਰਾ ਮਿਲੇਗਾ ਪਰ ਇਕੱਲੇ ਇਸ ਹੁਲਾਰੇ ਨਾਲ ਕੰਮ ਨਹੀਂ ਚੱਲੇਗਾ।ਅਕਾਲੀ ਦਲ ਤੇ ਬਸਪਾ ਗਠਜੋੜ ਨੂੰ ਨਵਾਂ ਬਣਿਆ ਅਕਾਲੀ ਦਲ ਸੰਯੁਕਤ ਵੀ ਚੁਣੌਤੀ ਦੇਵੇਗਾ। ਕੁਲ ਮਿਲਾ ਕੇ ਅਗਲੀਆਂ ਵਿਧਾਨ ਸਭਾ ਦੀਆਂ ਚੋਣਾਂ ਚ ਸਥਿਤੀ ਬੜੀ ਦਿਲਚਸਪ
ਹੋਵੇਗੀ।
ਬਲਵਿੰਦਰ ਜੰਮੂ