ਸੰਗਰੂਰ/ਸਤੌਜ – ਮੁੱਖ ਮੰਤਰੀ ਭਗਵੰਤ ਮਾਨ ਅੱਜ ਆਪਣੇ ਜੱਦੀ ਪਿੰਡ ਸਤੌਜ ਵਿਖੇ ਪਹੁੰਚੇ। ਸਿਹਤਯਾਬ ਹੋਣ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਪਿੰਡ ਸਤੌਜ ਦਾ ਇਹ ਪਹਿਲਾ ਦੌਰਾ ਹੈ। ਇਸ ਦੌਰਾਨ ਜਿੱਥੇ ਉਨ੍ਹਾਂ ਵੱਲੋਂ ਪਿੰਡ ਵਾਸੀਆਂ ਨਾਲ ਮੁਲਾਕਾਤ ਕੀਤੀ ਗਈ, ਉਥੇ ਹੀ ਸਤੌਜ ਪਿੰਡ ਦੀ ਸਰਬਸੰਮਤੀ ਨਾਲ ਪੰਚਾਇਤ ਚੁਣਨ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਿੰਡ ਵਾਸੀਆਂ ਨੂੰ ਵੱਡੀ ਅਪੀਲ ਵੀ ਕੀਤੀ ਗਈ।
ਉਨ੍ਹਾਂ ਵੱਲੋਂ ਕਿਹਾ ਗਿਆ ਹੈ ਜੇਕਰ ਪਿੰਡ ਦੇ ਲੋਕ ਸਰਬਸੰਮਤੀ ਨਾਲ ਸਰਪੰਚ ਦੀ ਚੋਣ ਕਰਨਗੇ ਤਾਂ ਇਸ ਦਾ ਵੱਡਾ ਫਾਇਦਾ ਪਿੰਡ ਵਾਸੀਆਂ ਨੂੰ ਹੋ ਸਕਦਾ ਹੈ। ਸਰਬਸੰਮਤੀ ਨਾਲ ਉਸ ਵਿਅਕਤੀ ਨੂੰ ਸਰਪੰਚ ਬਣਾਇਆ ਜਾਵੇ, ਜੋ ਪਿੰਡ ਦੇ ਲੋਕਾਂ ਦਾ ਕੰਮ ਕਰੇ, ਪਿੰਡ ਦੇ ਵਿਕਾਸ ਬਾਰੇ ਸੋਚੇ। ਇਸ ਦੌਰਾਨ ਆਮ ਲੋਕਾਂ ਵਾਂਗ ਉਨ੍ਹਾਂ ਮੰਜੇ ਉਤੇ ਬੈਠ ਕੇ ਲੋਕਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਚੰਗੇ ਪੰਚ-ਸਰਪੰਚ ਚੁਣੇ ਜਾਣ।
ਭਾਈਚਾਰਕ ਸਾਂਝ ਬਣਾਉਣ ਦੀ ਵੀ ਅਪੀਲ ਕੀਤੀ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਕੋਲ 200 ਤੋਂ ਵਧੇਰੇ ਅਜਿਹੇ ਪਿੰਡਾਂ ਦੇ ਨਾਂ ਪਹੁੰਚੇ ਹਨ, ਜਿੱਥੇ ਸਰਬਸੰਮਤੀ ਨਾਲ ਪੰਚ-ਸਰਪੰਚ ਚੁਣੇ ਗਏ ਹਨ। ਸਰਬਸੰਮਤੀ ਨਾਲ ਚੁਣੀ ਗਈ ਪੰਚਾਇਤ ਨੂੰ ਪੰਜਾਬ ਸਰਕਾਰ ਵੱਲੋਂ 5-5 ਲੱਖ ਰੁਪਏ ਦਿੱਤੇ ਜਾਣਗੇ। ਇਸ ਮੌਕੇ ਵੱਡੀ ਗਿਣਤੀ ਵਿਚ ਪਿੰਡ ਵਾਸੀਆਂ ਦਾ ਇਕੱਠ ਨਜ਼ਰ ਆਇਆ, ਜਿਨ੍ਹਾਂ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਸਿੱਧੇ ਤੌਰ ‘ਤੇ ਗੱਲਬਾਤ ਕੀਤੀ।