ਨਵੀਂ ਦਿੱਲੀ, ਉੱਤਰ ਪ੍ਰਦੇਸ਼ ਪੁਲੀਸ ਨੇ ਹਾਥਰਸ ਭਗਦੜ ਦੀ ਘਟਨਾ ਨਾਲ ਸਬੰਧਤ 11 ਜਣਿਆਂ ਖਿਲਾਫ 3200 ਪੰਨਿਆਂ ਦੀ ਚਾਰਜਸ਼ੀਟ ਤਿਆਰ ਕੀਤੀ ਹੈ। ਇਸ ਭਗਦੜ ਵਿੱਚ 121 ਲੋਕਾਂ ਦੀ ਮੌਤ ਹੋ ਗਈ ਸੀ। ਦੂਜੇ ਪਾਸੇ ਬਚਾਅ ਪੱਖ ਦੇ ਵਕੀਲ ਏਪੀ ਸਿੰਘ ਅਨੁਸਾਰ ਚਾਰਜਸ਼ੀਟ ਵਿੱਚ ਸੂਰਜ ਪਾਲ ਉਰਫ਼ ਭੋਲੇ ਬਾਬਾ ਦਾ ਜ਼ਿਕਰ ਨਹੀਂ ਹੈ ਜਿਨ੍ਹਾਂ ਨੇ ਹਾਥਰਸ ਵਿੱਚ ਸਤਿਸੰਗ ਨੂੰ ਸੰਬੋਧਨ ਕੀਤਾ ਸੀ। ਉਨ੍ਹਾਂ ਅੱਗੇ ਦੱਸਿਆ ਕਿ ਇਸ ਮਾਮਲੇ ਦੀ ਸੁਣਵਾਈ 4 ਅਕਤੂਬਰ ਨੂੰ ਤੈਅ ਕੀਤੀ ਗਈ ਹੈ। ਇਸ ਮਾਮਲੇ ਵਿਚ ਪੁਲੀਸ ਨੇ 91 ਦਿਨਾਂ ਵਿਚ ਜਾਂਚ ਮੁਕੰਮਲ ਕਰਨ ਤੋਂ ਬਾਅਦ ਚਾਰਜਸ਼ੀਟ ਦਾਇਰ ਕੀਤੀ। ਪੁਲੀਸ ਵੱਲੋਂ ਪਹਿਲਾਂ ਦਰਜ ਕੀਤੀ ਐਫਆਈਆਰ ਅਨੁਸਾਰ ਸਤਿਸੰਗ ਸਮਾਗਮ ਵਿਚ ਸਿਰਫ 80,000 ਸ਼ਰਧਾਲੂਆਂ ਦੇ ਇਕੱਠੇ ਹੋਣ ਦੀ ਇਜਾਜ਼ਤ ਦਿੱਤੀ ਗਈ ਸੀ। ਇਸ ਦੇ ਬਾਵਜੂਦ ਲਗਪਗ 2,50,000 ਲੋਕ ਇਕੱਠੇ ਹੋ ਗਏ ਸਨ। ਪੁਲੀਸ ਅਨੁਸਾਰ ਇਸ ਘਟਨਾ ਵਿਚ ਮੁੱਖ ਦੋਸ਼ੀ ਦੀ ਪਛਾਣ ਦੇਵਪ੍ਰਕਾਸ਼ ਮਧੁਕਰ ਵਜੋਂ ਹੋਈ ਸੀ।
ਹਾਥਰਸ ਮਾਮਲਾ: ਯੂਪੀ ਪੁਲੀਸ ਵੱਲੋਂ 3,200 ਪੰਨਿਆਂ ਦੀ ਚਾਰਜਸ਼ੀਟ ਦਾਇਰ
