ਨਵੀਂ ਦਿੱਲੀ, 8 ਦਸੰਬਰ (ਦਲਜੀਤ ਸਿੰਘ)- ਅੱਜ ਸੰਸਦ ਦੇ ਸੈਂਟਰਲ ਹਾਲ ਵਿਚ ਕਾਂਗਰਸ ਸੰਸਦੀ ਦਲ ਦੀ ਮੀਟਿੰਗ ਚੱਲ ਰਹੀ ਹੈ। ਪਾਰਟੀ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਮੀਟਿੰਗ ਨੂੰ ਸੰਬੋਧਨ ਕੀਤਾ। ਇਸ ਵਿਚ ਕਾਂਗਰਸ ਪਾਰਟੀ ਦੇ ਸਾਰੇ ਲੋਕ ਸਭਾ ਅਤੇ ਰਾਜ ਸਭਾ ਸੰਸਦ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਦੌਰਾਨ ਸੋਨੀਆ ਗਾਂਧੀ ਨੇ ਮੋਦੀ ਸਰਕਾਰ ‘ਤੇ ਤਿੱਖਾ ਹਮਲਾ ਕੀਤਾ। ਸੋਨੀਆ ਗਾਂਧੀ ਨੇ ਕਿਹਾ ਕਿ ਆਓ ਅੰਦੋਲਨ ਦੌਰਾਨ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ 700 ਕਿਸਾਨਾਂ ਦਾ ਸਨਮਾਨ ਕਰੀਏ। ਮੋਦੀ ਸਰਕਾਰ ਕਿਸਾਨਾਂ ਅਤੇ ਆਮ ਲੋਕਾਂ ਪ੍ਰਤੀ ਅਸੰਵੇਦਨਸ਼ੀਲ ਹੈ।
ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵਧਣ ਨਾਲ ਹਰ ਪਰਿਵਾਰ ਦਾ ਮਹੀਨਾਵਾਰ ਬਜਟ ਵਧਦਾ ਜਾ ਰਿਹਾ ਹੈ। ਬੈਠਕ ਦੌਰਾਨ ਸੋਨੀਆ ਗਾਂਧੀ ਨੇ ਅੱਗੇ ਕਿਹਾ ਕਿ ਅਸੀਂ ਸਰਹੱਦੀ ਮੁੱਦਿਆਂ ‘ਤੇ ਸੰਸਦ ‘ਚ ਪੂਰੀ ਚਰਚਾ ਦੀ ਮੰਗ ਕਰਦੇ ਹਾਂ। ਇਸ ਦੇ ਨਾਲ ਹੀ 12 ਸੰਸਦ ਮੈਂਬਰਾਂ ਦੀ ਮੁਅੱਤਲੀ ‘ਤੇ ਗਾਂਧੀ ਨੇ ਕਿਹਾ ਕਿ ਇਹ ਅਸਵੀਕਾਰਨਯੋਗ ਹੈ। ਅਸੀਂ ਮੁਅੱਤਲ ਕੀਤੇ ਸੰਸਦ ਮੈਂਬਰਾਂ ਨਾਲ ਖੜ੍ਹੇ ਹਾਂ।