ਮਾਨਸਾ, 6 ਜੂਨ- ਵਿਸ਼ਵ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਮਾਮਲੇ ‘ਚ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਵਲੋਂ 8 ਸ਼ਾਰਪ ਸ਼ੂਟਰਾਂ ਦੀ ਪਹਿਚਾਣ ਕਰਨ ਦੀ ਖ਼ਬਰ ਸਾਹਮਣੇ ਆ ਰਹੀ ਹੈ। ਭਾਵੇਂ ਪੁਲਿਸ ਅਧਿਕਾਰੀ ਕੁਝ ਵੀ ਦੱਸਣ ਤੋਂ ਇਨਕਾਰੀ ਹਨ, ਪਰ ਸੂਤਰਾਂ ਦੀ ਜਾਣਕਾਰੀ ਅਨੁਸਾਰ ਲਾਰੈਂਸ ਬਿਸ਼ਨੋਈ ਗਰੁੱਪ ਨਾਲ ਸਬੰਧਿਤ ਵੱਖ-ਵੱਖ ਰਾਜਾਂ ਦੇ ਰਹਿਣ ਵਾਲੇ ਇਹ ਸ਼ੂਟਰ ਮੂਸੇਵਾਲਾ ਦੀ ਹੱਤਿਆ ‘ਚ ਸ਼ਾਮਿਲ ਹਨ। ਇਨ੍ਹਾਂ ਸ਼ੂਟਰਾਂ ‘ਚ ਮਨਪ੍ਰੀਤ ਸਿੰਘ ਮੰਨਾ ਵਾਸੀ ਕੁੱਸਾ ਤੇ ਜਗਰੂਪ ਸਿੰਘ ਰੂਪਾ ਵਾਸੀ ਜੌੜਾ (ਤਰਨਤਾਰਨ), ਹਰਕਮਲ ਰਾਣੂ ਬਠਿੰਡਾ, ਮਨਜੀਤ ਭੋਲੂ ਤੇ ਪਿ੍ਅਵਰਤ ਫ਼ੌਜੀ ਵਾਸੀ ਸਿਸਾਨਾ (ਹਰਿਆਣਾ), ਸੰਤੋਸ਼ ਯਾਦਵ ਪੂਨਾ ਤੇ ਸੌਰਵ ਮਹਾਂਕਾਲ (ਮਹਾਂਰਾਸ਼ਟਰ), ਸੁਭਾਸ਼ ਭਾਨੂਦਾ ਵਾਸੀ ਸੀਕਰ (ਰਾਜਸਥਾਨ) ਹਨ ।
ਜਾਣਕਾਰੀ ਅਨੁਸਾਰ ਪੁਲਿਸ ਦੀਆਂ ਵੱਖ-ਵੱਖ ਟੀਮਾਂ ਵਲੋਂ ਹਤਿਆਰਿਆਂ ਨੂੰ ਫੜਨ ਲਈ ਪੰਜਾਬ, ਹਰਿਆਣਾ, ਰਾਜਸਥਾਨ, ਮਹਾਂਰਾਸ਼ਟਰ ਵਿਚ ਲਗਾਤਾਰ ਛਾਪੇਮਾਰੀ ਜਾਰੀ ਹੈ । ਇਹ ਵੀ ਪਤਾ ਲੱਗਾ ਹੈ ਕਿ ਮਾਨਸਾ ਪੁਲਿਸ ਨੇ ਵੀ ਇਸ ਹੱਤਿਆ ਕਾਂਡ ‘ਚ 1 ਹੋਰ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਕੁਝ ਸ਼ੂਟਰਾਂ ਦੇ ਨੇਪਾਲ ਭੱਜਣ ਦੇ ਵੀ ਚਰਚੇ ਹਨ, ਦੀ ਪੈੜ ਨੱਪਣ ਲਈ ਪੁਲਿਸ ਟੀਮਾਂ ਨਿਪਾਲ ਵੱਲ ਵੀ ਗਈਆਂ ਹਨ