ਸੁਨੀਤਾ ਸਣੇ ਦੋ ਪੁਲਾੜ ਯਾਤਰੀਆਂ ਨੂੰ ਵਾਪਸ ਲਿਆਉਣ ਬਾਰੇ ਨਾਸਾ ਕਰੇਗਾ ਸ਼ਨਿਚਰਵਾਰ ਨੂੰ ਫ਼ੈਸਲਾ

ਕੇਪ ਕੈਨਵਰਲ, ਅਮਰੀਕਾ ਦੀ ਪੁਲਾੜ ਏਜੰਸੀ ‘ਨੈਸ਼ਨਲ ਐਰੋਨਾਟਿਕਸ ਐਂਡ ਸਪੇਸ ਐਡਮਿਨਿਸਟ੍ਰੇਸ਼ਨ’ (ਨਾਸਾ) ਇਸ ਹਫਤੇ ਦੇ ਅੰਤ ਵਿੱਚ ਫੈਸਲਾ ਕਰੇਗੀ ਕਿ ਕੀ ਬੋਇੰਗ ਦੇ ਨਵੇਂ ਕੈਪਸੂਲ ਦੀ ਵਰਤੋਂ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ਆਈਐੱਸਐੱਸ) ਤੋਂ ਸੁਨੀਤਾ ਵਿਲੀਅਮਜ਼ ਸਮੇਤ ਦੋ ਪੁਲਾੜ ਯਾਤਰੀਆਂ ਦੀ ਵਾਪਸੀ ਲਈ ਕੀਤੀ ਜਾਵੇ ਜਾਂ ਨਾ। ਕੀ ਇਹ ਉਨ੍ਹਾਂ ਲਈ ਸੁਰੱਖਿਅਤ ਹੈ ਜਾਂ ਨਹੀਂ। ਇਹ ਦੋਵੇਂ ਜੂਨ ਤੋਂ ਧਰਤੀ ‘ਤੇ ਵਾਪਸ ਆਉਣ ਦੀ ਉਡੀਕ ਕਰ ਰਹੇ ਹਨ। ਨਾਸਾ ਦੇ ਪ੍ਰਸ਼ਾਸਕ ਬਿਲ ਨੈਲਸਨ ਅਤੇ ਹੋਰ ਉੱਚ ਅਧਿਕਾਰੀ ਸ਼ਨਿਚਰਵਾਰ ਨੂੰ ਮਿਲਣਗੇ, ਜਿਸ ਤੋਂ ਬਾਅਦ ਇਸ ਸਬੰਧ ‘ਚ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ। ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਅਤੇ ਬੁਚ ਵਿਲਮੋਰ ਨੇ 5 ਜੂਨ ਨੂੰ ਬੋਇੰਗ ਦੇ ਸਟਾਰਲਾਈਨਰ ਵਿੱਚ ਪੁਲਾੜ ਵਿੱਚ ਉਡਾਣ ਭਰੀ ਸੀ। ਇਸ ਟੈਸਟ ਫਲਾਈਟ ਦੌਰਾਨ ਥਰਸਟਰ ਖ਼ਰਾਬ ਹੋ ਗਿਆ ਅਤੇ ਹੀਲੀਅਮ ਲੀਕ ਹੋਣ ਕਾਰਨ ਨਾਸਾ ਨੇ ਕੈਪਸੂਲ ਨੂੰ ਸਟੇਸ਼ਨ ’ਤੇ ਖੜ੍ਹਾ ਦਿੱਤਾ। ਸਪੇਸਐਕਸ ਪੁਲਾੜ ਯਾਤਰੀਆਂ ਨੂੰ ਵਾਪਸ ਲਿਆ ਸਕਦਾ ਹੈ ਪਰ ਇਸ ਲਈ ਉਨ੍ਹਾਂ ਨੂੰ ਅਗਲੇ ਸਾਲ ਫਰਵਰੀ ਤੱਕ ਉੱਥੇ ਰਹਿਣਾ ਹੋਵੇਗਾ। ਉਨ੍ਹਾਂ ਨੇ ਸਟੇਸ਼ਨ ‘ਤੇ ਪਹੁੰਚਣ ਤੋਂ ਇਕ-ਦੋ ਹਫ਼ਤੇ ਬਾਅਦ ਵਾਪਸ ਆਉਣਾ ਸੀ।

Leave a Reply

Your email address will not be published. Required fields are marked *