ਪਠਾਨਕੋਟ, ਪੰਜਾਬ ਵਿੱਚ ਮੀਂਹ ਪੈਣ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਪਰ ਕਈ ਥਾਈਂ ਨੁਕਸਾਨ ਦੀਆਂ ਵੀ ਖ਼ਬਰਾਂ ਹਨ। ਪਠਾਨਕੋਟ ਅਤੇ ਉਪਰ ਪਹਾੜੀ ਖੇਤਰ ਵਿੱਚ ਮੀਂਹ ਪੈਣ ਕਾਰਨ ਉਝ, ਚੱਕੀ ਅਤੇ ਜਲਾਲੀਆ ਦਰਿਆ ਵਿੱਚ ਪਾਣੀ ਦਾ ਪੱਧਰ ਵਧ ਗਿਆ ਹੈ ਜਿਸ ਕਾਰਨ ਉਝ ਅਤੇ ਰਾਵੀ ਦਰਿਆ ਦੇ ਸੰਗਮ ਸਥਾਨ ਮਕੌੜਾ ਪੱਤਣ ਵਿੱਚ ਪਾਣੀ ਦਾ ਵਹਾਅ ਕਾਫੀ ਤੇਜ਼ ਹੋ ਗਿਆ ਹੈ। ਇਸੇ ਦੌਰਾਨ ਪਠਾਨਕੋਟ ਦੇ ਸੱਤ ਪਿੰਡਾਂ ਵਿੱਚ ਹੜ੍ਹ ਵਰਗੇ ਹਾਲਾਤ ਬਣ ਗਏ ਹਨ। ਅਜਿਹੇ ਵਿਚ ਮਕੌੜਾ ਪੱਤਣ ’ਤੇ ਦਰਿਆ ਵਿੱਚ ਚੱਲਣ ਵਾਲੀ ਬੇੜੀ ਬੰਦ ਕਰ ਦਿੱਤੀ ਗਈ ਹੈ। ਪਠਾਨਕੋਟ ਜ਼ਿਲ੍ਹੇ ਦੇ ਸੱਤ ਪਿੰਡ ਤੂਰ, ਚੇਬੇ, ਮਮੀਆ, ਲਸਿਆਨ ਆਦਿ ਵਿੱਚ ਪਾਣੀ ਭਰ ਗਿਆ ਅਤੇ ਉਕਤ ਪਿੰਡਾਂ ਦਾ ਪਠਾਨਕੋਟ ਤੇ ਗੁਰਦਾਸਪੁਰ ਜ਼ਿਲ੍ਹਿਆਂ ਨਾਲੋਂ ਸੰਪਰਕ ਟੁੱਟ ਗਿਆ ਹੈ। ਇਸੇ ਤਰ੍ਹਾਂ ਪੰਜਾਬ ਅਤੇ ਹਿਮਾਚਲ ਨੂੰ ਲਿੰਕ ਕਰਨ ਵਾਲੇ ਚੱਕੀ ਦਰਿਆ ’ਤੇ ਤਿੰਨ ਪੁਲ ਰੁੜ੍ਹਨ ਤੋਂ ਬਚਾਉਣ ਲਈ 100 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਗਏ ਚੈੱਕ ਡੈਮ ਦਾ ਅਸਰ ਡੈਮ ਹੇਠਾਂ ਪੈਂਦੀ ਜ਼ਮੀਨ ਉਪਰ ਪੈਣਾ ਸ਼ੁਰੂ ਹੋ ਗਿਆ ਅਤੇ ਇਸ ਡੈਮ ਤੋਂ ਲੰਘਣ ਵਾਲਾ ਬਰਸਾਤੀ ਪਾਣੀ ਜ਼ਮੀਨ ਨੂੰ ਖੋਰਾ ਲਾਉਣ ਲੱਗ ਪਿਆ ਹੈ।
ਜਾਣਕਾਰੀ ਅਨੁਸਾਰ ਅੱਜ ਸਵੇਰੇ 7 ਵਜੇ ਉਝ ਦਰਿਆ ਵਿੱਚ ਪਾਣੀ 95 ਹਜ਼ਾਰ ਕਿਊਸਿਕ ਦੇ ਪੱਧਰ ਤੱਕ ਪਹੁੰਚ ਗਿਆ। ਪੁਲੀਸ ਨੇ ਦਰਿਆ ਕੰਢੇ ਬੈਠੇ ਗੁੱਜਰਾਂ ਅਤੇ ਹੋਰ ਲੋਕਾਂ ਨੂੰ ਸੁਰੱਖਿਅਤ ਸਥਾਨਾਂ ’ਤੇ ਚਲੇ ਜਾਣ ਦੀ ਅਪੀਲ ਕੀਤੀ। ਉਝ ਦਰਿਆ ਦੇ ਪਾਣੀ ਨਾਲ ਸਰਹੱਦੀ ਬਮਿਆਲ ਖੇਤਰ ਅੰਦਰ ਕੋਈ ਨੁਕਸਾਨ ਨਹੀਂ ਹੋਇਆ ਅਤੇ ਸ਼ਾਮ ਨੂੰ 4 ਵਜੇ ਤੱਕ ਇਹ ਪਾਣੀ ਘਟ ਕੇ 17 ਹਜ਼ਾਰ 800 ਕਿਊਸਿਕ ਰਹਿ ਗਿਆ। ਚੱਕੀ ਦਰਿਆ ਵਿੱਚ ਅੱਜ ਸਵੇਰੇ 5 ਵਜੇ 28 ਹਜ਼ਾਰ 200 ਕਿਊਸਿਕ ਪਾਣੀ ਦਰਜ ਕੀਤਾ ਗਿਆ ਜੋ ਦੁਪਹਿਰ ਤੋਂ ਬਾਅਦ ਘਟਣਾ ਸ਼ੁਰੂ ਹੋ ਗਿਆ।