ਭੈਣ ਪ੍ਰਿਯੰਕਾ ਨਾਲ ED ਦੇ ਦਫ਼ਤਰ ਪਹੁੰਚੇ ਰਾਹੁਲ, ਸਵਾਲਾਂ ਦਾ ਦੇਣਗੇ ਜਵਾਬ

rahul/nawanpunjab.com

ਨਵੀਂ ਦਿੱਲੀ, 13 ਜੂਨ– ਕਾਂਗਰਸ ਦੇ ਸਾਬਕਾ ਆਗੂ ਰਾਹੁਲ ਗਾਂਧੀ ਤੋਂ ਅੱਜ ਯਾਨੀ ਕਿ ਸੋਮਵਾਰ ਨੂੰ ਨੈਸ਼ਨਲ ਹੈਰਾਲਡ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਨੂੰ ਪੁੱਛ-ਗਿੱਛ ਹੋਣੀ ਹੈ। ਇਸ ਲਈ ਉਹ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਸਾਹਮਣੇ ਪੇਸ਼ ਹੋ ਗਏ ਹਨ, ਉਨ੍ਹਾਂ ਨਾਲ ਭੈਣ ਪ੍ਰਿਯੰਕਾ ਵੀ ਮੌਜੂਦ ਹਨ। ਪ੍ਰਿਯੰਕਾ ਤੋਂ ਇਲਾਵਾ ਉਨ੍ਹਾਂ ਨਾਲ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਸਮੇਤ ਕਾਂਗਰਸ ਦੇ ਕਈ ਸੀਨੀਅਰ ਆਗੂ ਅਤੇ ਵੱਡੀ ਗਿਣਤੀ ’ਚ ਵਰਕਰ ਪਹੁੰਚੇ।
ਰਾਹੁਲ ਗਾਂਧੀ ਈਡੀ ਦਫ਼ਤਰ ਤੱਕ ਜਾਣ ਲਈ ਕਾਂਗਰਸ ਹੈੱਡਕੁਆਰਟਰ ਤੋਂ ਥੋੜ੍ਹੀ ਦੂਰ ਪੈਦਲ ਚਲੇ। ਪੁਲਸ ਨੇ ਇਸ ਦੌਰਾਨ ਕਾਂਗਰਸ ਆਗੂਆਂ ਅਕੇ ਵਰਕਰਾਂ ਨੂੰ ਰੋਕ ਦਿੱਤਾ। ਸਵੇਰੇ ਕਰੀਬ 11 ਵਜੇ ਰਾਹੁਲ ਗਾਂਧੀ ਦਾ ਕਾਫ਼ਲਾ ਈਡੀ ਦਫ਼ਤਰ ਪਹੁੰਚਿਆ। ਇਸ ਤੋਂ ਪਹਿਲਾਂ ਪਾਰਟੀ ਦੇ ਪ੍ਰਸਤਾਵਿਤ ਮਾਰਚ ਦੇ ਮੱਦੇਨਜ਼ਰ ਪੁਲਸ ਨੇ ਕਾਂਗਰਸ ਦੇ ਕਈ ਵਰਕਰਾਂ ਨੂੰ ਹਿਰਾਸਤ ’ਚ ਲੈ ਲਿਆ ਅਤੇ ਪਾਰਟੀ ਹੈੱਡਕੁਆਰਟਰ ਦੇ ਆਲੇ-ਦੁਆਲੇ ਧਾਰਾ-144 ਲਾ ਦਿੱਤੀ।

ਕੀ ਹੈ ਨੈਸ਼ਨਲ ਹੈਰਾਲਡ–
ਦੱਸਣਯੋਗ ਹੈ ਕਿ 1937 ਵਿਚ ਸਥਾਪਿਤ ਹੋਇਆ ਨੈਸ਼ਨਲ ਹੈਰਾਲਡ ਅਖਬਾਰ ਮੁਸੀਬਤ ਵਿਚ ਸੀ ਅਤੇ ਮੁਲਾਜ਼ਮਾਂ ਦੀਆਂ ਤਨਖਾਹਾਂ ਦੇਣ ਤੋਂ ਅਸਮਰੱਥ ਸੀ, ਇਸ ਲਈ ਪਾਰਟੀ ਨੇ 2002 ਤੋਂ 2011 ਤੱਕ 90 ਕਰੋੜ ਰੁਪਏ ਦੇ ਕੇ ਸੰਸਥਾਨ ਨੂੰ ਚਲਾਉਣ ’ਚ ਮਦਦ ਕਰ ਦੇਸ਼ ਦੀ ਵਿਰਾਸਤ ਨੂੰ ਬਚਾਉਣ ਦਾ ਕੰਮ ਕੀਤਾ ਸੀ। ਇਸ ਰਕਮ ’ਚੋਂ 67 ਕਰੋੜ ਰੁਪਏ ਮੁਲਾਜ਼ਮਾਂ ਨੂੰ ਤਨਖਾਹਾਂ ਅਤੇ ਹੋਰ ਦੇਣਦਾਰੀਆਂ ਵਜੋਂ ਦਿੱਤੇ ਗਏ।

ਸੋਨੀਆ ਅਤੇ ਰਾਹੁਲ ਸਮੇਤ ਇਨ੍ਹਾਂ ਨੇਤਾਵਾਂ ’ਤੇ ਹਨ ਦੋਸ਼-
ਦਰਅਸਲ ਭਾਜਪਾ ਆਗੂ ਸੁਬਰਾਮਣੀਅਮ ਸਵਾਮੀ ਨੇ ਨੈਸ਼ਨਲ ਹੈਰਾਲਡ ਮਾਮਲੇ ‘ਚ ਸੋਨੀਆ ਗਾਂਧੀ, ਰਾਹੁਲ ਗਾਂਧੀ, ਮਰਹੂਮ ਨੇਤਾ ਮੋਤੀ ਲਾਲ ਵੋਰਾ, ਪੱਤਰਕਾਰ ਸੁਮਨ ਦੂਬੇ ਅਤੇ ਟੈਕਨੋਕ੍ਰੇਟ ਸੈਮ ਪਿਤਰੋਦਾ ‘ਤੇ ਦੋਸ਼ ਲਗਾਏ ਸਨ। ਉਨ੍ਹਾਂ ਨੇ ਦੋਸ਼ ਲਾਇਆ ਕਿ ਇਹ ‘ਯੰਗ ਇੰਡੀਆ ਲਿਮਟਿਡ’ ਰਾਹੀਂ ਗਲਤ ਤਰੀਕੇ ਇਸ ਨੂੰ ਪ੍ਰਾਪਤ ਕੀਤਾ ਗਿਆ ਸੀ ਅਤੇ ਕਾਂਗਰਸੀ ਆਗੂਆਂ ਨੇ 2,000 ਕਰੋੜ ਰੁਪਏ ਤੱਕ ਦੀ ਜਾਇਦਾਦ ਜ਼ਬਤ ਕਰ ਲਈ। ਇਸ ਮਾਮਲੇ ਦੀ ਜਾਂਚ ਈਡੀ ਨੇ 2014 ਵਿਚ ਸ਼ੁਰੂ ਕੀਤੀ ਸੀ। ਕਾਂਗਰਸ ਇਸ ਮਾਮਲੇ ਨੂੰ ਲੈ ਕੇ ਆਖਦੀ ਰਹੀ ਹੈ ਕਿ ਯੰਗ ਇੰਡੀਆ ਲਿਮਟਿਡ ਦਾ ਮਕਸਦ ਮੁਨਾਫਾ ਕਮਾਉਣਾ ਨਹੀਂ ਹੈ, ਸਗੋਂ ਇਸ ਦਾ ਗਠਨ ਚੈਰਿਟੀ ਲਈ ਕੀਤਾ ਗਿਆ ਹੈ।

Leave a Reply

Your email address will not be published. Required fields are marked *