ਚੰਡੀਗੜ੍ਹ, ਸੱਚਮੁੱਚ ਇੰਝ ਜਾਪਦਾ ਹੈ ਕਿ ਪੰਜਾਬ ਨੂੰ ਸਿਰਫ਼ ਇੱਕ-ਦੋ ਟੈਲੀਕਾਮ ਘਰਾਣਿਆਂ ਨੇ ਹੀ ਮੁੱਠੀ ਵਿੱਚ ਕਰ ਲਿਆ ਹੋਵੇ। ਜੇਕਰ ਪੰਜਾਬ ਵਿੱਚ ਮੋਬਾਈਲ ਕੁਨੈਕਸ਼ਨਾਂ ਦੇ ਅੰਕੜੇ ’ਤੇ ਨਜ਼ਰ ਮਾਰੀਏ ਤਾਂ ਰਿਲਾਇੰਸ ਜੀਓ ਅਤੇ ਭਾਰਤੀ ਏਅਰਟੈੱਲ ਦੇ ਕੁਨੈਕਸ਼ਨਾਂ ਦਾ ਅੰਕੜਾ ਸਿਖਰ ਵੱਲ ਜਾ ਰਿਹਾ ਹੈ। ਜਦੋਂ ਦਿੱਲੀ ਦੀਆਂ ਬਰੂਹਾਂ ’ਤੇ ਕਿਸਾਨ ਅੰਦੋਲਨ ਚੱਲ ਰਿਹਾ ਸੀ ਉਦੋਂ ਕਾਰਪੋਰੇਟ ਘਰਾਣਿਆਂ ਖ਼ਿਲਾਫ਼ ਵੀ ਕਿਸਾਨਾਂ ਨੇ ਬਿਗਲ ਵਜਾਇਆ ਸੀ।
ਕਿਸਾਨ ਅੰਦੋਲਨ ਦੇ ਪਰਛਾਵੇਂ ਕਰ ਕੇ ਪੰਜਾਬ ਵਿੱਚ ਇੱਕ ਘਰਾਣੇ ਦੇ ਕੁਨੈਕਸ਼ਨਾਂ ਦੀ ਗਿਣਤੀ ਧੜੰਮ ਕਰ ਕੇ ਡਿੱਗੀ ਸੀ ਪ੍ਰੰਤੂ ਹੁਣ ਉਸੇ ਘਰਾਣੇ ਨੇ ਆਪਣੀ ਗੁਆਚੀ ਸਾਖ ਮੁੜ ਬਹਾਲ ਕਰ ਲਈ ਹੈ। ਟੈਲੀਕਾਮ ਰੈਗੂਲੇਟਰੀ ਅਥਾਰਿਟੀ ਆਫ਼ ਇੰਡੀਆ ਨੇ ਹਾਲ ਹੀ ਵਿੱਚ ਜਿਹੜੀ ਰਿਪੋਰਟ ਜਾਰੀ ਕੀਤੀ ਹੈ, ਉਸ ਅਨੁਸਾਰ ਮਈ 2024 ਤੱਕ ਪੰਜਾਬ ਵਿੱਚ ਕੁੱਲ 3.49 ਕਰੋੜ ਮੋਬਾਈਲ ਕੁਨੈਕਸ਼ਨ ਹਨ। ਇਸ ਦਾ ਮਤਲਬ ਹੈ ਕਿ ਔਸਤ ਹਰੇਕ ਪੰਜਾਬੀ ਦੇ ਹੱਥ ਵਿੱਚ ਮੋਬਾਈਲ ਫੋਨ ਹੈ।
ਪਿਛਾਂਹ ਨਜ਼ਰ ਮਾਰੀਏ ਤਾਂ ਮਈ 2019 ਵਿੱਚ ਪੰਜਾਬ ’ਚ ਕੁੱਲ 3.91 ਕਰੋੜ ਮੋਬਾਈਲ ਕੁਨੈਕਸ਼ਨ ਸਨ ਅਤੇ ਹੁਣ ਸਾਢੇ ਪੰਜ ਵਰ੍ਹਿਆਂ ਮਗਰੋਂ ਇਨ੍ਹਾਂ ਕੁਨੈਕਸ਼ਨਾਂ ਦੀ ਗਿਣਤੀ 3.49 ਕਰੋੜ ਰਹਿ ਗਈ ਹੈ। ਇਨ੍ਹਾਂ ਸਾਲਾਂ ਦੌਰਾਨ ਪੰਜਾਬ ਵਿੱਚ 42 ਲੱਖ ਕੁਨੈਕਸ਼ਨ ਘਟੇ ਹਨ ਜਿਸ ਤੋਂ ਲੱਗਦਾ ਹੈ ਕਿ ਬਹੁਤੇ ਪੰਜਾਬੀਆਂ ਦਾ ਮੋਬਾਈਲ ਤੋਂ ਮਨ ਭਰ ਗਿਆ ਹੈ। ਦੂਜੇ ਬੰਨ੍ਹੇ ਜੇਕਰ ਰਿਲਾਇੰਸ ਜੀਓ ਦੇ ਕੁਨੈਕਸ਼ਨਾਂ ’ਤੇ ਨਜ਼ਰ ਮਾਰੀਏ ਤਾਂ ਪੰਜਾਬ ਵਿੱਚ ਰਿਲਾਇੰਸ ਜੀਓ ਦੇ ਮਈ 2020 ਵਿੱਚ 1.39 ਕਰੋੜ ਕੁਨੈਕਸ਼ਨ ਸਨ। ਅਗਸਤ 2020 ਵਿੱਚ ਕਿਸਾਨ ਅੰਦੋਲਨ ਸ਼ੁਰੂ ਹੋ ਗਿਆ ਸੀ, ਜਿਸ ਵਿੱਚ ਸੰਯੁਕਤ ਕਿਸਾਨ ਮੋਰਚੇ ਨੇ ਕਾਰਪੋਰੇਟ ਘਰਾਣਿਆਂ ਦੀ ਖ਼ਿਲਾਫ਼ਤ ਦਾ ਸੱਦਾ ਦਿੱਤਾ ਸੀ। ਦਸੰਬਰ 2021 ਵਿੱਚ ਕਿਸਾਨ ਘੋਲ ਖ਼ਤਮ ਹੋ ਗਿਆ ਸੀ ਅਤੇ ਮਈ 2022 ਵਿੱਚ ਰਿਲਾਇੰਸ ਜੀਓ ਦੇ ਕੁਨੈਕਸ਼ਨਾਂ ਦੀ ਗਿਣਤੀ 1.06 ਕਰੋੜ ਰਹਿ ਗਈ ਸੀ। ਕਾਰਨ ਕੁੱਝ ਵੀ ਰਹੇ ਹੋਣ ਪ੍ਰੰਤੂ ਕਿਸਾਨ ਇਸ ਪਿੱਛੇ ਆਪਣੇ ਸੱਦੇ ਦਾ ਅਸਰ ਦੱਸ ਰਹੇ ਹਨ। ਉਦੋਂ ਦੋ ਵਰ੍ਹਿਆਂ ਵਿੱਚ ਰਿਲਾਇੰਸ ਜੀਓ ਦੇ 33 ਲੱਖ ਕੁਨੈਕਸ਼ਨ ਘੱਟ ਗਏ ਸਨ। ਅਗਾਂਹ ਝਾਤ ਮਾਰਦੇ ਹਨ ਤਾਂ ਰਿਲਾਇੰਸ ਨੇ ਮੁੜ ਪੰਜਾਬ ’ਚ ਆਪਣਾ ਦਬਦਬਾ ਕਾਇਮ ਕਰ ਲਿਆ ਹੈ। ਮਈ 2023 ਵਿੱਚ ਰਿਲਾਇੰਸ ਜੀਓ ਦੇ ਕੁਨੈਕਸ਼ਨ ਵਧ ਕੇ 1.15 ਕਰੋੜ ਹੋ ਗਏ ਸਨ ਜੋ ਕਿ ਮਈ 2024 ਵਿੱਚ ਹੋਰ ਵਧ ਕੇ 1.22 ਕਰੋੜ ’ਤੇ ਪਹੁੰਚ ਗਏ।