ਪਟਿਆਲਾ ‘ਚ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਚੱਲੀਆਂ ਗੋਲ਼ੀਆਂ, ਪਿਉ-ਪੁੱਤਰ ਸਣੇ 3 ਦੀ ਮੌਤ, ਦੋ ਜ਼ੇਰੇ ਇਲਾਜ

ਰਾਜਪੁਰਾ : ਇਥੋਂ ਨੇੜਲੇ ਪਿੰਡ ਚਤਰ ਨਗਰ ਵਿਖੇ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਧਿਰਾਂ ਦੀ ਹੋਈ ਆਪਸੀ ਲੜਾਈ ‘ਚ ਪਿਉ-ਪੁੱਤਰ ਸਣੇ ਤਿੰਨ ਜਣਿਆਂ ਦੀ ਮੌਤ ਹੋ ਗਈ ਜਦਕਿ ਦੋ ਵਿਅਕਤੀ ਗੰਭੀਰ ਜ਼ਖ਼ਮੀ ਹੋਣ ਕਾਰਨ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਜ਼ੇਰੇ ਇਲਾਜ ਹਨ। ਇਸ ਮੌਕੇ ਡੀਐਸਪੀ ਸਰਕਲ ਘਨੌਰ ਬੂਟਾ ਸਿੰਘ ਤੇ ਥਾਣਾ ਸ਼ੰਭੂ ਪੁਲਿਸ ਦੀ ਐਸਐਚਓ ਅਮਨਪਾਲ ਸਿੰਘ ਵਿਰਕ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚ ਗਏ ਹਨ।

ਜਾਣਕਾਰੀ ਅਨੁਸਾਰ ਦਿਲਬਾਗ ਸਿੰਘ ਤੇ ਉਸ ਦਾ ਪੁੱਤਰ ਜਸਵਿੰਦਰ ਸਿੰਘ ਜੱਸੀ ਵਾਸੀ ਪਿੰਡ ਨੋਗਾਵਾਂ ਜਦੋਂ ਨੇੜਲੇ ਪਿੰਡ ਚਤਰ ਨਗਰ ਵਿਖੇ ਠੇਕੇ ‘ਤੇ ਲਈ ਜ਼ਮੀਨ ‘ਚ ਪੁੱਜੇ ਤਾਂ ਉਥੇ ਪਹਿਲਾਂ ਤੋਂ ਹੀ ਦੂਜੀ ਧਿਰ ਦੇ ਵਿਅਕਤੀ ਸਤਵਿੰਦਰ ਸਿੰਘ, ਹਰਜਿੰਦਰ ਸਿੰਘ ਤੇ ਹਰਪ੍ਰੀਤ ਸਿੰਘ ਵਾਸੀ ਚਤਰ ਨਗਰ ਮੌਜੂਦ ਸਨ। ਇਸ ਦੌਰਾਨ ਦੋਨਾਂ ਧਿਰਾਂ ਦੀ ਠੇਕੇ ‘ਤੇ ਲਈ ਜ਼ਮੀਨ ਨੂੰ ਲੈ ਕੇ ਆਪਸੀ ਵਿਵਾਦ ਹੋ ਗਿਆ ਤੇ ਹੱਥੋਂ ਪਾਈ ਤੋਂ ਬਾਅਦ ਗੋਲ਼ੀਬਾਰੀ ਵੀ ਹੋਈ। ਇਸ ਦੌਰਾਨ ਦੂਜੀ ਧਿਰ ਦੇ ਵਿਅਕਤੀਆਂ ਨੇ ਦਿਲਬਾਗ ਸਿੰਘ ਅਤੇ ਉਸਦੇ ਪੁੱਤਰ ਜਸਵਿੰਦਰ ਸਿੰਘ ਜੱਸੀ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਜਦ ਕਿ ਪਹਿਲੀ ਧਿਰ ਦੇ ਵਿਅਕਤੀ ਸਤਵਿੰਦਰ ਸਿੰਘ ਦੀ ਵੀ ਮੌਤ ਹੋ ਗਈ ਤੇ ਉਸ ਦੇ ਨਾਲ ਦੇ ਸਾਥੀ ਹਰਪ੍ਰੀਤ ਸਿੰਘ ਅਤੇ ਹਰਜਿੰਦਰ ਸਿੰਘ ਰਜਿੰਦਰਾ ਹਸਪਤਾਲ ਪਟਿਆਲਾ ਗੋਲ਼ੀ ਵੱਜਣ ਕਾਰਨ ਜ਼ੇਰੇ ਇਲਾਜ ਹਨ। ਇਸ ਮੌਕੇ ਡੀਐਸਪੀ ਘਨੌਰ ਬੂਟਾ ਸਿੰਘ ਅਤੇ ਥਾਣਾ ਸ਼ੰਭੂ ਪੁਲਿਸ ਦੇ ਐਸਐਚਓ ਅਮਨਪਾਲ ਸਿੰਘ ਵਿਰਕ ਪੁਲਿਸ ਪਾਰਟੀ ਸਮੇਤ ਪਹੁੰਚ ਗਏ। ਘਟਨਾ ਸਥਲ ਉੱਤੇ ਦਿਲਬਾਗ ਸਿੰਘ ਅਤੇ ਉਸਦੇ ਪੁੱਤਰ ਜਸਵਿੰਦਰ ਜੱਸੀ ਦੀਆਂ ਲਾਸ਼ਾਂ ਖੇਤਾਂ ‘ਚ ਪਈਆਂ ਸਨ। ਪੁਲਿਸ ਪਾਰਟੀ ਨੇ ਲਾਸ਼ਾਂ ਨੂੰ ਆਪਣੇ ਕਬਜ਼ੇ ‘ਚ ਲੈ ਕੇ ਅਗਲੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਖਬਰ ਲਿਖੇ ਜਾਣ ਤਕ ਥਾਣਾ ਸ਼ੰਭੂ ਪੁਲਿਸ ਵੱਲੋਂ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਸੀ।

Leave a Reply

Your email address will not be published. Required fields are marked *