ਨਵੀਂ ਦਿੱਲੀ, 27 ਨਵੰਬਰ (ਦਲਜੀਤ ਸਿੰਘ)- ਕਿਸਾਨ ਅੰਦੋਲਨ ਨੂੰ ਲੈ ਕੇ ਇੱਕ ਵੱਡੀ ਖ਼ਬਰ ਆ ਰਹੀ ਹੈ। ਦਰਅਸਲ, ਕਿਸਾਨ ਆਗੂ ਦਰਸ਼ਨਪਾਲ ਸਿੰਘ ਨੇ ਕਿਹਾ ਹੈ ਕਿ ਸੰਯੁਕਤ ਕਿਸਾਨ ਮੋਰਚਾ ਨੇ 29 ਨਵੰਬਰ ਨੂੰ ਹੋਣ ਵਾਲੇ ਟਰੈਕਟਰ ਮਾਰਚ (ਸੰਸਦ ਤੱਕ) ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ। ਇਸ ਤੋਂ ਪਹਿਲਾਂ ਅੱਜ ਕਿਸਾਨ ਸੰਯੁਕਤ ਮੋਰਚਾ ਨੇ ਕਿਸਾਨ ਅੰਦੋਲਨ ਸਬੰਧੀ ਅਗਲੀ ਰਣਨੀਤੀ ਤਿਆਰ ਕਰਨ ਲਈ ਦਿੱਲੀ ਦੇ ਸਿੰਘੂ ਬਾਰਡਰ ‘ਤੇ ਨੌਂ ਮੈਂਬਰੀ ਕਮੇਟੀ ਦੀ ਮੀਟਿੰਗ ਬੁਲਾਈ ਸੀ, ਜਿਸ ਵਿੱਚ ਇਹ ਵੱਡਾ ਫੈਸਲਾ ਲਿਆ ਗਿਆ ਹੈ। ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲ ਹੀ ਵਿੱਚ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਸੀ। ਪਰ ਕਿਸਾਨ ਅਜੇ ਵੀ ਅੰਦੋਲਨ ਕਰ ਰਹੇ ਹਨ। ਦਰਅਸਲ, ਕਿਸਾਨ ਜਥੇਬੰਦੀਆਂ ਐਮਐਸਪੀ ਐਕਟ ਸਮੇਤ ਹੋਰ ਮੰਗਾਂ ਨੂੰ ਪੂਰਾ ਕਰਨ ‘ਤੇ ਅੜੇ ਹਨ। ਕਿਸਾਨ ਜਥੇਬੰਦੀਆਂ ਵੱਲੋਂ ਹੁਣ ਪੂਰੇ ਦਿੱਲੀ ਵਿੱਚ ਚੱਕਾ ਜਾਮ ਕਰਨ ਦੀ ਯੋਜਨਾ ਸੀ ਅਤੇ 29 ਨਵੰਬਰ ਨੂੰ ਦਿੱਲੀ ਵਿੱਚ ਖੁੱਲ੍ਹੇਆਮ ਸੜਕਾਂ ’ਤੇ ਟਰੈਕਟਰ ਰੈਲੀ ਕੱਢਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ।
ਅੱਜ ਸਵੇਰੇ 11 ਵਜੇ ਸੰਯੁਕਤ ਕਿਸਾਨ ਮੋਰਚਾ ਦੀ ਕੋਰ ਕਮੇਟੀ ਦੀ ਮੀਟਿੰਗ ਵਿੱਚ ਡਾ: ਦਰਸ਼ਨਪਾਲ ਸਿੰਘ, ਬਲਬੀਰ ਸਿੰਘ ਰਾਜੇਵਾਲ, ਗੁਰਨਾਮ ਸਿੰਘ ਚੜੂਨੀ, ਯੋਗਿੰਦਰ ਯਾਦਵ, ਜਗਜੀਤ ਸਿੰਘ ਧੱਲੇਵਾਲ, ਹਨਨ ਮੋਲਾ, ਜੋਗਿੰਦਰ ਸਿੰਘ ਉਗਰਾਹਾਂ, ਸ਼ਿਵ ਕੁਮਾਰ ਕੱਕਾ ਅਤੇ ਯੁੱਧਵੀਰ ਸਿੰਘ ਹਾਜ਼ਰ ਹੋਏ। ਇਹ ਮੁਲਾਕਾਤ ਕਈ ਮਾਇਨਿਆਂ ਤੋਂ ਮਹੱਤਵਪੂਰਨ ਸੀ। ਮੀਟਿੰਗ ਵਿੱਚ ਕਿਸਾਨ ਅੰਦੋਲਨ ਸਬੰਧੀ ਅਗਲੇਰੀ ਰਣਨੀਤੀ ਤੈਅ ਕੀਤੀ ਗਈ ਅਤੇ ਟਰੈਕਟਰ ਮਾਰਚ (ਸੰਸਦ ਤੱਕ) ਨੂੰ ਫਿਲਹਾਲ ਮੁਲਤਵੀ ਕਰਨ ਦਾ ਫੈਸਲਾ ਕੀਤਾ ਗਿਆ। ਕਿਸਾਨ ਅੰਦੋਲਨ ਨੂੰ ਇੱਕ ਸਾਲ ਹੋ ਗਿਆ ਹੈ। ਇਸ ਇੱਕ ਸਾਲ ਦੌਰਾਨ ਕਿਸਾਨ ਅੰਦੋਲਨ ਵਿੱਚ ਕਈ ਮੋੜ ਆਏ, ਹਾਲਾਂਕਿ ਇਹ ਅੰਦੋਲਨ ਅਜੇ ਵੀ ਜਾਰੀ ਹੈ। ਦੱਸ ਦਈਏ ਕਿ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਸਪੱਸ਼ਟ ਕਿਹਾ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਅੰਦੋਲਨ ਜਾਰੀ ਰਹੇਗਾ।