ਰਾਜਪੁਰਾ: ਸ਼ੰਭੂ ਬਾਰਡਰ ’ਤੇ ਲੱਗੇ ਧਰਨੇ ਕਾਰਨ ਨੇੜਲੇ ਪਿੰਡਾਂ ਦਾ ਰਸਤਾ ਬੰਦ ਹੋਣ ’ਤੇ ਮਾਮਲੇ ’ਤੇ ਕਿਸਾਨ ਆਗੂਆਂ ਨੇ ਕਿਹਾ ਹੈ ਕਿ ਪਿੰਡਾਂ ਦੇ ਰਸਤੇ ਕਿਸਾਨਾਂ ਨੇ ਨਹੀਂ ਸਗੋਂ ਹਰਿਆਣਾ ਤੇ ਕੇਂਦਰ ਸਰਕਾਰ ਨੇ ਬੰਦ ਕੀਤੇ ਹਨ। ਇਸ ਲਈ ਪਿੰਡਾਂ ਦੇ ਲੋਕ ਰਸਤੇ ਖੁੱਲ੍ਹਵਾਉਣ ਲਈ ਖ਼ੁਦ ਅੱਗੇ ਆਉਣ ਕਿਸਾਨ ਉਨ੍ਹਾਂ ਦੇ ਪਿੱਛੇ ਚੱਲਣ ਨੂੰ ਤਿਆਰ ਹਨ।
ਸੰਯੁਕਤ ਕਿਸਾਨ ਮੋਰਚਾ (ਗ਼ੈਰ ਸਿਆਸੀ) ਤੇ ਕਿਸਾਨ ਮਜਦੂਰ ਮੋਰਚੇ ਦੇ ਧਰਨੇ ’ਤੇ 135ਵੇਂ ਦਿਨ ਮੰਗਲਵਾਰ ਨੂੰ ਇਸ ਮਸਲੇ ’ਤੇ ਬੈਠਕ ਤੋਂ ਬਾਅਦ ਕਿਸਾਨ ਆਗੂਆਂ ਆਗੂ ਕਾਕਾ ਸਿੰਘ ਕੋਟੜਾ, ਮਨਜੀਤ ਸਿੰਘ ਘੁਮਾਣਾ, ਗੁਰਅਮਨੀਤ ਸਿੰਘ ਮਾਂਗਟ, ਬਲਵੰਤ ਸਿੰਘ ਬਹਿਰਾਮਕੇ, ਸੁਰਿੰਦਰ ਸਿੰਘ ਚੌਟਾਲਾ, ਦਿਲਬਾਗ ਸਿੰਘ ਹਰੀਗੜ੍ਹ, ਅਮਰਜੀਤ ਸਿੰਘ ਮੋਹੜੀ, ਜੰਗ ਸਿੰਘ ਭਟੇੜੀ, ਬਲਕਾਰ ਸਿੰਘ ਬੈਂਸ ਨੇ ਕਿਹਾ ਕਿ 23 ਜੂਨ ਨੂੰ ਵੱਡੀ ਗਿੱਣਤੀ ’ਚ ਨੇੜਲੇ ਪਿੰਡਾਂ ਦੇ ਲੋਕਾਂ ਨੇ ਕਿਸਾਨਾਂ ਨਾਲ ਬਹਿਸ ਕਰਦਿਆਂ ਮਾਹੌਲ ਤਣਾਅਪੂਰਨ ਬਣਾ ਦਿੱਤਾ। ਪਰ ਕਿਸਾਨ ਆਗੂਆਂ ਨੇ ਸੂਝ-ਬੂਝ ਨਾਲ ਮਾਹੌਲ ਸ਼ਾਂਤ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਲੋਕਾਂ ’ਚ ਭਾਜਪਾ ਤੋਂ ਇਲਾਵਾ ਰੇਤ ਮਾਫੀਆ ਨਾਲ ਸਬੰਧਤ ਲੋਕ ਸਨ। ਉਹ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਉਕਸਾ ਕੇ ਲਿਆਏ ਸਨ।
ਕਿਸਾਨ ਆਗੂਆਂ ਨੇ ਕਿਹਾ ਕਿ ਇਹ ਰਸਤਾ ਕਿਸਾਨਾਂ ਨੇ ਨਹੀਂ ਸਗੋਂ 13 ਫਰਵਰੀ, ਜਦੋਂ ਕਿਸਾਨਾਂ ਨੇ ਦਿੱਲੀ ਵੱਲ ਕੂਚ ਕਰਨਾ ਸੀ, ਤੋਂ ਵੀ ਕਰੀਬ 1 ਹਫ਼ਤਾ ਪਹਿਲਾਂ ਤੋਂ ਕੇਂਦਰ ਤੇ ਹਰਿਆਣਾ ਸਰਕਾਰ ਨੇ ਰੋਕਿਆ ਸੀ। ਕਿਸਾਨਾਂ ਨੇ ਸਥਾਨਕ ਪਿੰਡਾਂ ਦੇ ਲੋਕਾਂ ਨੂੰ ਸਪੱਸ਼ਟ ਕੀਤਾ ਕਿ ਇਹ ਸੜਕ ਕੇਂਦਰ ਸਰਕਾਰ ਨੇ ਬੰਦ ਕਰ ਦਿੱਤੀ ਹੈ, ਜੇਕਰ ਉਹ ਇਸ ਨੂੰ ਖੁੱਲ੍ਹਵਾਉਣਾ ਚਾਹੁੰਦੇ ਹਨ ਤਾਂ ਉਹ ਉਨ੍ਹਾਂ ਦੇ ਨਾਲ ਹਨ। ਉਹ ਅੱਗੇ ਵਧਣ। ਕਿਸਾਨ ਉਨ੍ਹਾਂ ਦੇ ਪਿੱਛੇ ਹੋਣਗੇ।