ਸੈਕਰਾਮੈਂਟੋ, 14 ਅਗਸਤ (ਦਲਜੀਤ ਸਿੰਘ)- ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਕਾਬੁਲ ਵਿਚਲੇ ਅਮਰੀਕੀ ਦੂਤਘਰ ਨੂੰ ਸਾਰੇ ਸੰਵੇਦਨਸ਼ੀਲ ਦਸਤਾਵੇਜ਼ ਤੇ ਹੋਰ ਅਜਿਹੀ ਸਮਗਰੀ ਨਸ਼ਟ ਕਰਨ ਦੇ ਆਦੇਸ਼ ਦਿੱਤੇ ਹਨ ਜਿਸ ਨੂੰ ਉਸ ਵਿਰੁੱਧ ਪ੍ਰਚਾਰ ਲਈ ਵਰਤਿਆ ਜਾ ਸਕਦਾ ਹੋਵੇ। ਇਹ ਨਿਰਦੇਸ਼ ਤਾਲਿਬਾਨ ਵਲੋਂ ਅਫ਼ਗ਼ਾਨਿਸਤਾਨ ਸਰਕਾਰ ਦਾ ਤਖ਼ਤਾ ਪਲਟ ਦੇਣ ਦੀ ਸੰਭਾਵਨਾ ਦਰਮਿਆਨ ਦਿੱਤੇ ਗਏ ਹਨ। ਇਸ ਤੋਂ ਇਕ ਦਿਨ ਪਹਿਲਾਂ ਪੈਂਟਾਗਨ ਨੇ ਅਮਰੀਕੀ ਦੂਤ ਘਰ ਵਿਚੋਂ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਸੁਰੱਖਿਅਤ ਕੱਢ ਕੇ ਲਿਆਉਣ ਵਾਸਤੇ 3000 ਜਵਾਨ ਕਾਬੁਲ ਭੇਜਣ ਦਾ ਐਲਾਨ ਕੀਤਾ ਸੀ।
ਅਮਰੀਕੀ ਵਿਦੇਸ਼ ਵਿਭਾਗ ਦੇ ਮੁੱਖ ਬੁਲਾਰੇ ਨੈਡ ਪਰਾਈਸ ਨੇ ਕਿਹਾ ਹੈ ਕਿ ”ਮੈ ਇਕ ਗੱਲ ਸਪਸ਼ਟ ਕਰ ਦੇਣੀ ਚਾਹੁੰਦਾ ਹਾਂ ਕਿ ਕਾਬੁਲ ਵਿਚ ਸਾਡਾ ਦੂਤ ਘਰ ਖੁਲਾ ਰਹੇਗਾ ਤੇ ਸਾਡੀ ਯੋਜਨਾ ਅਫ਼ਗ਼ਾਨਿਸਤਾਨ ਵਿਚ ਕੂਟਨੀਤਕ ਕੰਮ ਜਾਰੀ ਰਖਣ ਦੀ ਹੈ। ਇਕ ਜਾਣਕਾਰੀ ਅਨੁਸਾਰ ਹੁਣ ਕਾਬੁਲ ਵਿਚ ਕੇਵਲ ਪ੍ਰਮੁੱਖ ਕੂਟਨੀਤਕ ਅਧਿਕਾਰੀ ਰਹਿ ਜਾਵੇਗਾ ਤੇ ਬਾਕੀ ਸਾਰਾ ਸਟਾਫ਼ ਕੱਢ ਲਿਆ ਜਾਵੇਗਾ।