ਭੋਗਪੁਰ, 18 ਅਕਤੂਬਰ (ਦਲਜੀਤ ਸਿੰਘ)- ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿਖੇ ਕੇਂਦਰ ਸਰਕਾਰ ਦੇ ਭਾਜਪਾ ਸਰਕਾਰ ਦੇ ਮੰਤਰੀ ਦੇ ਪੁੱਤਰ ਵੱਲੋਂ ਕਿਸਾਨਾਂ ਤੇ ਕੀਤੇ ਅੰਨੇ ਤਸ਼ੱਦਦ ਦੇ ਰੋਸ ਵਜੋਂ ਕਿਸਾਨਾਂ ਵੱਲੋਂ ਰੇਲ ਰੋਕੋ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਸਬੰਧ ਵਿਚ ਅੱਜ ਭੋਗਪੁਰ ਰੇਲਵੇ ਸਟੇਸ਼ਨ ਦੇ ਟਰੈਕ ’ਤੇ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਬਲਾਕ ਭੋਗਪੁਰ ਦੇ ਪ੍ਰਧਾਨ ਅਮਰਜੀਤ ਸਿੰਘ ਚੌਲਾਗ ਦੀ ਅਗਵਾਈ ਵਿਚ ਕਿਸਾਨ ਵੱਡੀ ਗਿਣਤੀ ਵਿਚ ਰੇਲਵੇ ਟ੍ਰੈਕ ’ਤੇ ਇਕੱਠੇ ਹੋਏ ।
ਹੁਣ ਤੱਕ ਰੋਸ ਧਰਨੇ ਵਿਚ ਨਰਿੰਦਰ ਸਿੰਘ ਬਿਨਪਾਲਕੇ, ਗੁਰਮੇਲ ਸਿੰਘ ਜਸਵੰਤ ਸਿੰਘ, ਗੁਰਬਚਨ ਸਿੰਘ ਬੱਬੂ ,ਇੰਦਰਜੀਤ ਸਿੰਘ, ਸਹਿਜ ਪਾਲ ਸਿੰਘ ,ਜੈਦੀਪ ਸਿੰਘ ਹੁੰਦਲ, ਬੂਟਾ ਸਿੰਘ, ਮਨਜੀਤ ਸਿੰਘ ਅਤੇ ਹੋਰ ਕਿਸਾਨ ਆਗੂ ਅਤੇ ਕਿਸਾਨ ਜਥੇਬੰਦੀਆਂ ਦੇ ਵਰਕਰ ਰੇਲਵੇ ਟਰੈਕ ’ਤੇ ਬੈਠੇ ਹੋਏ ਸਨ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਭਾਜਪਾ ਸਰਕਾਰ ਤਿੰਨੇ ਖੇਤੀ ਕਾਨੂੰਨ ਰੱਦ ਨਹੀਂ ਕਰ ਦਿੰਦੀ, ਅਤੇ ਲਖੀਮਪੁਰਖੀਰੀ ਦੇ ਘਟਨਾ ਵਿਚ ਇਨਸਾਫ ਨਹੀਂ ਮਿਲਦਾ, ਉਦੋਂ ਤਕ ਅੰਦੋਲਨ ਜਾਰੀ ਰਹੇਗਾ।