CM ਮਾਨ ਵੱਲੋਂ ਸੱਦੀ ਖੁੱਲ੍ਹੀ ਬਹਿਸ ‘ਚ ਜਾਣ ਤੋਂ ਸੁਨੀਲ ਜਾਖੜ ਦਾ ਇਨਕਾਰ

vbk-Sunil-Jakhar/nawanpunjab.com

ਚੰਡੀਗੜ੍ਹ : ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਮੁੱਖ ਮੰਤਰੀ ਵੱਲੋਂ ਇਕ ਨਵੰਬਰ ਨੂੰ ਟੈਗੋਰ ਥੀਏਟਰ ਵਿਖੇ ਵਿਰੋਧੀ ਧਿਰਾਂ ਲਈ ਰੱਖੀ ਖੁੱਲ੍ਹੀ ਬਹਿਸ ‘ਚ ਜਾਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਬਾਰੇ ਪ੍ਰੈੱਸ ਕਾਨਫਰੰਸ ਕਰਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਮੈਂ ਕੋਈ ਥੀਏਟਰ ਆਰਟਿਸਟ ਨਹੀਂ ਅਤੇ ਥੀਏਟਰ ‘ਚ ਜਾ ਕੇ ਕਾਮੇਡੀਆਂ ਹੁੰਦੀਆਂ ਹਨ, ਇਸ ਲਈ ਮੈਂ ਟੈਗੋਰ ਥੀਏਟਰ ਨਹੀਂ ਜਾਵਾਂਗਾ। ਉਨ੍ਹਾਂ ਕਿਹਾ ਕਿ ਸਰਕਾਰ ਸਾਨੂੰ ਇਕ ਮਸਲਾ ਤਾਂ ਦੱਸੇ ਕਿ ਆਖ਼ਰ ਖੁੱਲ੍ਹੀ ਬਹਿਸ ਕਿਸ ਮਸਲੇ ‘ਤੇ ਹੋ ਰਹੀ ਹੈ। ਉਨ੍ਹਾਂ ਨੇ ਮੁੱਖ ਮੰਤਰੀ ਮਾਨ ਨੂੰ ਚੁਣੌਤੀ ਦਿੱਤੀ ਕਿ ਜੇਕਰ ਉਨ੍ਹਾਂ ਨੇ ਬਹਿਸ ਰੱਖਣੀ ਹੈ ਤਾਂ ਫਿਰ ਉਨ੍ਹਾਂ ਨਾਲ ਅਬੋਹਰ ਚੱਲਣ, ਜਿੱਥੇ ਪਾਣੀਆਂ ਦੇ ਬਾਹਰ ਜਾਣ ਦਾ ਅਸਰ ਪਵੇਗਾ।

ਉਨ੍ਹਾਂ ਕਿਹਾ ਕਿ ਅਸੀਂ ਟੇਲ ‘ਤੇ ਬੈਠੇ ਹਾਂ। ਅਸੀਂ ਬਹਿਸ ਤੋਂ ਨਹੀਂ ਭੱਜਦੇ, ਸਗੋਂ ਨੋਟੰਕੀਆਂ ਤੋਂ ਭੱਜਦੇ ਹਾਂ। ਅਸੀਂ ਤੱਥਾਂ ‘ਤੇ ਗੱਲ ਕਰਦੇ ਹਾਂ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਆਪਣੇ ਅਹੁਦੇ ਦਾ ਖ਼ਿਆਲ ਰੱਖ ਕੇ ਸ਼ਬਦਾਵਲੀ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਜਿਹਾ ਕਰਕੇ ਮੁੱਦਿਆਂ ਤੋਂ ਭਟਕਾਉਣ ਦੀ ਗੱਲ ਕਰ ਰਹੀ ਹੈ। ਮੁੱਖ ਮੰਤਰੀ ਮਾਨ ਅਬੋਹਰ ‘ਚ ਆ ਕੇ ਬਹਿਸ ਕਰਨ ਅਤੇ ਕੋਈ ਵੀ ਅਜਿਹਾ ਇਨਸਾਨ ਜੋ ਪੱਖਪਾਤ ਨਹੀਂ ਕਰਦਾ, ਉਸ ਨੂੰ ਉੱਥੇ ਬੁਲਾ ਲਿਆ ਜਾਵੇ।

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਦੇ ਮੁੱਦਿਆਂ ‘ਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਤੇ ਖੁੱਲ੍ਹੀ ਬਹਿਸ ਦੇ ਸੱਦੇ ‘ਤੇ ਸੁਨੀਲ ਜਾਖੜ ਨੇ ਆਪਣਾ ਪ੍ਰਤੀਕਰਮ ਦਿੰਦਿਆਂ ਕਿਹਾ ਸੀ ਕਿ ਉਹ ਪੰਜਾਬ ਦੇ ਮਸਲੇ ‘ਤੇ ਬਹਿਸ ਕਰਨ ਲਈ ਤਿਆਰ ਹਨ ਪਰ ਪਹਿਲਾਂ ਮੁੱਖ ਮੰਤਰੀ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦੇਣ। ਜਾਖੜ ਨੇ ਆਖਿਆ ਕਿ ਭਗਵੰਤ ਮਾਨ ਜੀ, ਪੰਜਾਬ ਦੇ ਹਰ ਮੁੱਦੇ ‘ਤੇ ਬਹਿਸ ਕਰਨ ਲਈ ਅਸੀਂ ਹਰ ਸਮੇਂ ਤਿਆਰ ਹਾਂ। ਪਹਿਲਾਂ ਤੁਸੀਂ ਇਹ ਤਾਂ ਦੱਸੋ ਕਿ ਪੰਜਾਬ ਦੇ ਪਾਣੀਆਂ ਦੇ ਗੰਭੀਰ ਮਸਲੇ ’ਤੇ ਤੁਸੀਂ ਕਿਹੜੇ ਦਬਾਅ ਜਾਂ ਸਿਆਸੀ ਹਿੱਤਾਂ ਦੀ ਪੂਰਤੀ ਲਈ ਸੁਪਰੀਮ ਕੋਰਟ ਵਿੱਚ ਗੋਡੇ ਟੇਕੇ। ਪੰਜਾਬ ਮੰਗਦਾ ਜਵਾਬ।

Leave a Reply

Your email address will not be published. Required fields are marked *