ਨੈਸ਼ਨਲ ਡੈਸਕ : ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀਰਵਾਰ ਨੂੰ ਨਿਊਯਾਰਕ ‘ਚ ਇਕ ਮੀਡੀਆ ਬ੍ਰੀਫਿੰਗ ਵਿੱਚ ਭਾਰਤ ਦੁਆਰਾ ਮੁਅੱਤਲ ਵੀਜ਼ਾ ਸੇਵਾਵਾਂ ਬਾਰੇ ਸਵਾਲਾਂ ਤੋਂ ਬਚਦੇ ਦਿਖਾਈ ਦਿੱਤੇ। ਜਦੋਂ ਟਰੂਡੋ ਨੂੰ ਪੁੱਛਿਆ ਗਿਆ ਕਿ ਕੀ ਉਨ੍ਹਾਂ ਦੀ ਸਰਕਾਰ ਕੈਨੇਡੀਅਨ ਨਾਗਰਿਕਾਂ ਲਈ ਵੀਜ਼ਾ ਸੇਵਾਵਾਂ ਮੁਅੱਤਲ ਕਰਨ ਦੇ ਭਾਰਤ ਦੇ ਫ਼ੈਸਲੇ ਤੋਂ ਬਾਅਦ ਜਵਾਬੀ ਕਦਮ ਚੁੱਕੇਗੀ ਤਾਂ ਉਨ੍ਹਾਂ ਕਿਹਾ, “ਸਾਡੇ ਦੇਸ਼ ਵਿੱਚ ਕਾਨੂੰਨ ਦਾ ਰਾਜ ਹੈ। ਅਸੀਂ ਕੈਨੇਡੀਅਨਾਂ ਦੀ ਸੁਰੱਖਿਆ ਅਤੇ ਆਪਣੀਆਂ ਕਦਰਾਂ-ਕੀਮਤਾਂ ਤੇ ਅੰਤਰਰਾਸ਼ਟਰੀ ਨਿਯਮਾਂ-ਅਧਾਰਿਤ ਵਿਵਸਥਾ ਨੂੰ ਬਰਕਰਾਰ ਰੱਖਣ ਲਈ ਲੋੜੀਂਦੇ ਕਦਮ ਚੁੱਕਦੇ ਰਹਾਂਗੇ। ਫਿਲਹਾਲ ਸਾਡਾ ਫੋਕਸ ਇਹੀ ਹੈ।”
ਭਾਰਤ ਨੇ ਵੀਰਵਾਰ ਨੂੰ ਕੈਨੇਡਾ ਵਿੱਚ ਆਪਣੇ ਹਾਈ ਕਮਿਸ਼ਨ ਅਤੇ ਕੌਂਸਲੇਟਾਂ ਨੂੰ ਦਰਪੇਸ਼ ‘ਸੁਰੱਖਿਆ ਖਤਰਿਆਂ’ ਦੇ ਮੱਦੇਨਜ਼ਰ ਕੈਨੇਡੀਅਨ ਨਾਗਰਿਕਾਂ ਨੂੰ ਵੀਜ਼ਾ ਜਾਰੀ ਕਰਨ ‘ਤੇ ਅਸਥਾਈ ਪਾਬੰਦੀ ਦਾ ਐਲਾਨ ਕੀਤਾ ਹੈ। ਕੈਨੇਡਾ ‘ਚ ਇਕ ਖਾਲਿਸਤਾਨੀ ਵੱਖਵਾਦੀ ਦੇ ਕਤਲ ਨਾਲ ਸਬੰਧਤ ਓਟਾਵਾ ਦੇ ਦੋਸ਼ਾਂ ਨੂੰ ਲੈ ਕੇ ਕੂਟਨੀਤਕ ਵਿਵਾਦ ਦਰਮਿਆਨ ਭਾਰਤ ਨੇ ਇਹ ਕਦਮ ਚੁੱਕਿਆ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਇਸ ਫ਼ੈਸਲੇ ਵਿੱਚ ਤੀਜੇ ਦੇਸ਼ਾਂ ਦੇ ਕੈਨੇਡੀਅਨ ਵੀਜ਼ਾ ਬਿਨੈਕਾਰ ਵੀ ਸ਼ਾਮਲ ਹੋਣਗੇ।
ਬਾਗਚੀ ਨੇ ਕਿਹਾ ਕਿ ਸਥਿਤੀ ਦੀ ਨਿਯਮਤ ਤੌਰ ‘ਤੇ ਸਮੀਖਿਆ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਰੀਆਂ ਸ਼੍ਰੇਣੀਆਂ ਦੇ ਵੀਜ਼ੇ ਮੁਅੱਤਲ ਕਰ ਦਿੱਤੇ ਗਏ ਹਨ। ਬਾਗਚੀ ਨੇ ਕਿਹਾ, ”ਮਸਲਾ ਭਾਰਤ ਦੌਰੇ ਦਾ ਨਹੀਂ ਹੈ। ਜਿਨ੍ਹਾਂ ਕੋਲ ਵੈਧ ਵੀਜ਼ਾ ਅਤੇ ਦਸਤਾਵੇਜ਼ ਹਨ ਜਿਵੇਂ ਕਿ ਓਸੀਆਈ (ਓਵਰਸੀਜ਼ ਇੰਡੀਅਨ ਸਿਟੀਜ਼ਨਸ਼ਿਪ) ਕਾਰਡ ਹਨ, ਉਹ ਭਾਰਤ ਦੀ ਯਾਤਰਾ ਕਰਨ ਲਈ ਸੁਤੰਤਰ ਹਨ।” ਉਨ੍ਹਾਂ ਕਿਹਾ, ”ਮਸਲਾ ਹਿੰਸਾ ਨੂੰ ਭੜਕਾਉਣਾ, ਕੈਨੇਡੀਅਨ ਅਧਿਕਾਰੀਆਂ ਦੀ ਅਣਗਹਿਲੀ ਤੇ ਅਜਿਹੇ ਮਾਹੌਲ ਦੀ ਸਿਰਜਣਾ ਦਾ ਹੈ ਜੋ ਸਾਡੇ ਉੱਚ ਕਮਿਸ਼ਨ ਅਤੇ ਕੌਂਸਲੇਟਾਂ ਦੇ ਕੰਮਕਾਜ ਵਿੱਚ ਵਿਘਨ ਪਾਉਂਦਾ ਹੈ। ਇਸ ਕਾਰਨ ਸਾਨੂੰ ਅਸਥਾਈ ਤੌਰ ‘ਤੇ ਵੀਜ਼ਾ ਜਾਰੀ ਕਰਨਾ ਜਾਂ ਵੀਜ਼ਾ ਸੇਵਾਵਾਂ ਪ੍ਰਦਾਨ ਕਰਨਾ ਬੰਦ ਕਰਨਾ ਪਏਗਾ। ਅਸੀਂ ਨਿਯਮਤ ਅਧਾਰ ‘ਤੇ ਸਥਿਤੀ ਦੀ ਸਮੀਖਿਆ ਕਰਾਂਗੇ।”
ਇਸ ਤੋਂ ਪਹਿਲਾਂ ਦਿਨ ਵਿੱਚ ਕੈਨੇਡੀਅਨ ਨਾਗਰਿਕਾਂ ਦੀਆਂ ਵੀਜ਼ਾ ਅਰਜ਼ੀਆਂ ਦੀ ਸ਼ੁਰੂਆਤੀ ਜਾਂਚ ਕਰਨ ਲਈ ਭਾਰਤ ਦੁਆਰਾ ਨਿਯੁਕਤ ਇਕ ਨਿੱਜੀ ਏਜੰਸੀ ਨੇ “ਕਾਰਜਸ਼ੀਲ ਕਾਰਨਾਂ” ਕਰਕੇ ਵੀਜ਼ਾ ਸੇਵਾਵਾਂ ਨੂੰ ਮੁਅੱਤਲ ਕਰਨ ਬਾਰੇ ਆਪਣੀ ਵੈੱਬਸਾਈਟ ‘ਤੇ ਇਕ ਨੋਟਿਸ ਜਾਰੀ ਕੀਤਾ ਸੀ। ਹਾਲਾਂਕਿ, ਕੁਝ ਘੰਟਿਆਂ ਬਾਅਦ ਇਸ ਨੂੰ ਹਟਾ ਦਿੱਤਾ ਗਿਆ ਅਤੇ ਫਿਰ ਦੁਬਾਰਾ ਆਨਲਾਈਨ ਪਾ ਦਿੱਤਾ ਗਿਆ। ਏਜੰਸੀ ‘ਬੀਐੱਲਐੱਲ ਇੰਟਰਨੈਸ਼ਨਲ’ ਨੇ ਸਟਾਕ ਐਕਸਚੇਂਜ ਨੂੰ ਇਹ ਵੀ ਸੂਚਿਤ ਕੀਤਾ ਕਿ ਉਸ ਨੇ ਭਾਰਤ ਦੀਆਂ ਕੈਨੇਡਾ ਲਈ ਵੀਜ਼ਾ ਸੇਵਾਵਾਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ। ਖਾਲਿਸਤਾਨੀ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਨੂੰ ਲੈ ਕੇ ਭਾਰਤ ਅਤੇ ਕੈਨੇਡਾ ਵਿਚਾਲੇ ਕੂਟਨੀਤਕ ਵਿਵਾਦ ਚੱਲ ਰਿਹਾ ਹੈ।