ਜਲੰਧਰ – ਰੇਲਵੇ ਮੰਤਰਾਲੇ ਵੱਲੋਂ ਵਿਕਾਸ ਸਟੇਸ਼ਨ ਤੋਂ ਉੱਤਰਾਖੰਡ ਦੇ ਰੁਦਰਪੁਰ ਲਈ 2 ਸਿੱਧੀਆਂ ਸਪੈਸ਼ਲ ਟਰੇਨਾਂ 29 ਅਤੇ 30 ਸਤੰਬਰ ਨੂੰ ਚੱਲਣਗੀਆਂ। ਇਨ੍ਹਾਂ ਟਰੇਨਾਂ ਵਿਚ ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ ਦੇ ਲਗਭਗ 3000 ਤੋਂ ਵੱਧ ਸ਼ਰਧਾਲੂ ਰੁਦਰਪੁਰ ਜਾਣਗੇ। ਵਰਣਨਯੋਗ ਹੈ ਕਿ ਡੇਰਾ ਬਿਆਸ ਦਾ ਉਤਰਾਖੰਡ ਦੇ ਰੁਦਰਪੁਰ ਵਿਚ ਵੀ ਇਕ ਵਿਸ਼ਾਲ ਸਤਿਸੰਗ ਘਰ ਹੈ ਅਤੇ ਉਥੇ 3 ਅਤੇ 4 ਅਕਤੂਬਰ ਨੂੰ ਭੰਡਾਰੇ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਵਿਚ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵਿਸ਼ੇਸ਼ ਰੂਪ ਵਿਚ ਪਹੁੰਚ ਕੇ ਸਤਿਸੰਗ ਕਰਨਗੇ। ਇਸ ਭੰਡਾਰੇ ਵਿਚ ਲੱਖਾਂ ਦੀ ਗਿਣਤੀ ਵਿਚ ਸ਼ਰਧਾਲੂਆਂ ਦੇ ਪਹੁੰਚਣ ਦੀ ਸੰਭਾਵਨਾ ਹੈ, ਜਿਸ ਦੇ ਲਈ ਡੇਰੇ ਵੱਲੋਂ ਵੱਡੇ ਪੱਧਰ ’ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
ਇਸੇ ਕੜੀ ਤਹਿਤ 2 ਸਪੈਸ਼ਲ ਟਰੇਨਾਂ ਰੁਦਰਪੁਰ ਲਈ ਚਲਾਈਆਂ ਜਾ ਰਹੀਆਂ ਹਨ। 22 ਡੱਬਿਆਂ ਅਤੇ 2 ਐੱਸ. ਐੱਲ. ਆਰ. ਵਾਲੀ ਇਸ ਟਰੇਨ ਵਿਚ ਡੇਰੇ ਦੀ ਸੰਗਤ ਅਤੇ ਸੇਵਾਦਾਰ ਹੋਣਗੇ, ਜਿਹੜੇ ਕਿ ਪੂਰੀ ਵਿਵਸਥਾ ਵਿਚ ਆਪਣਾ ਯੋਗਦਾਨ ਦੇਣਗੇ। ਸੂਤਰਾਂ ਮੁਤਾਬਕ ਇਸ ਟਰੇਨ ਵਿਚ ਜਾਣ ਵਾਲੀ ਸੰਗਤ ਲਈ ਡੇਰੇ ਵੱਲੋਂ ਉਚਿਤ ਪ੍ਰਬੰਧ ਕੀਤੇ ਜਾ ਰਹੇ ਹਨ। ਭੰਡਾਰੇ ਤੋਂ ਬਾਅਦ ਉਕਤ ਟਰੇਨਾਂ ਰੁਦਰਪੁਰ ਤੋਂ 4 ਅਕਤੂਬਰ ਨੂੰ ਵਾਪਸੀ ਲਈ ਰਵਾਨਾ ਹੋਣਗੀਆਂ।