ਹੁਸ਼ਿਆਰਪੁਰ ‘ਚ ਸਵੇਰੇ ਇੱਕ ਦਰਦਨਾਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ ਕੈਂਟਰ ਨੇ ਇਨੋਵਾ ਕਾਰ ਨੂੰ ਟੱਕਰ ਮਾਰ ਦਿੱਤੀ ਤੇ ਇਨੋਵਾ ‘ਚ ਸਵਾਰ ਇੱਕ ਲੜਕੀ ਸਮੇਤ 4 ਲੋਕਾਂ ਦੀ ਮੌਤ ਹੋ ਗਈ। ਜਦੋਂਕਿ ਇੱਕ ਔਰਤ ਗੰਭੀਰ ਜ਼ਖ਼ਮੀ ਹੈ। ਮਰਨ ਵਾਲਿਆਂ ਵਿੱਚ ਫਾਰੂਕ, ਉਸ ਦਾ ਪੁੱਤਰ, ਬੇਟੀ ਅਤੇ ਡਰਾਈਵਰ ਸ਼ਾਮਲ ਹਨ। ਔਰਤ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜਿਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ।
ਹਾਦਸੇ ਤੋਂ ਬਾਅਦ ਕੈਂਟਰ ਚਾਲਕ ਫਰਾਰ
ਇਨੋਵਾ ਵਿੱਚ ਸਫਰ ਕਰ ਰਿਹਾ ਪਰਿਵਾਰ ਜੰਮੂ ਦੇ ਕਟੜਾ ਤੋਂ ਆਇਆ ਸੀ। ਉਹ ਆਪਣੇ ਰਿਸ਼ਤੇਦਾਰ ਦਾ ਪਤਾ ਲੈਣ ਲਈ ਚੰਡੀਗੜ੍ਹ ਪੀਜੀਆਈ ਜਾ ਰਿਹਾ ਸੀ। ਹਾਦਸੇ ਤੋਂ ਬਾਅਦ ਚਾਲਕ ਕੈਂਟਰ ਸਮੇਤ ਉਥੋਂ ਫਰਾਰ ਹੋ ਗਿਆ। ਪੁਲੀਸ ਨੇ ਕੈਂਟਰ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ।
ਟਰੱਕ ਅਤੇ ਇਨੋਵਾ ਦੀ ਹੋਈ ਸਿੱਧੀ ਟੱਕਰ
ਜਾਣਕਾਰੀ ਅਨੁਸਾਰ ਇਹ ਟਰੱਕ ਹੁਸ਼ਿਆਰਪੁਰ ਤੋਂ ਟਾਂਡਾ ਵੱਲ ਜਾ ਰਿਹਾ ਸੀ, ਜਦੋਂ ਇਹ ਧੱਤਣ ਪੁਲੀ ਨੇੜੇ ਪੁੱਜਾ ਤਾਂ ਸਾਹਮਣੇ ਤੋਂ ਆ ਰਹੀ ਇਨੋਵਾ ਗੱਡੀ ਨਾਲ ਸਿੱਧੀ ਟੱਕਰ ਹੋ ਗਈ। ਇਨੋਵਾ ਜੰਮੂ ਤੋਂ ਹੁਸ਼ਿਆਰਪੁਰ ਵੱਲ ਜਾ ਰਹੀ ਸੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦੇ ਪਰਖੱਚੇ ਉਡ ਗਏ। ਘਟਨਾ ਤੋਂ ਬਾਅਦ ਇਨੋਵਾ ਗੱਡੀ ਕੱਚੀ ਸੜਕ ‘ਤੇ ਜਾ ਡਿੱਗੀ।
ਪੁਲਿਸ ਟੀਮ ਮੌਕੇ ’ਤੇ ਪਹੁੰਚ ਗਈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਜੰਮੂ ਦੇ ਕਟੜਾ ਦਾ ਰਹਿਣ ਵਾਲਾ ਫਾਰੂਕ ਆਪਣੀ ਪਤਨੀ, ਪੁੱਤਰ-ਧੀ ਅਤੇ ਡਰਾਈਵਰ ਨਾਲ ਕਿਸੇ ਰਿਸ਼ਤੇਦਾਰ ਦਾ ਪਤਾ ਲੈਣ ਲਈ ਪੀਜੀਆਈ ਚੰਡੀਗੜ੍ਹ ਜਾ ਰਿਹਾ ਸੀ। ਕੈਂਟਰ ਗਲਤ ਸਾਈਡ ਤੋਂ ਆ ਰਿਹਾ ਸੀ। ਉਸ ਨੇ ਗਲਤ ਸਾਈਡ ਤੋਂ ਆ ਕੇ ਇਨੋਵਾ ਨੂੰ ਟੱਕਰ ਮਾਰ ਦਿੱਤੀ। ਫਿਲਹਾਲ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ ਜੋ ਮੌਕੇ ਤੋਂ ਫਰਾਰ ਹੋ ਗਿਆ ਹੈ।