ਗੁਰਬਾਣੀ ਚੈਨਲ ਯੂ-ਟਿਊਬ ਦੇ ਨਾਮ ’ਤੇ ਪੈ ਗਿਆ ਰੌਲਾ! ਧਾਰਮਿਕ ਤੇ ਸਿਆਸੀ ਹਲਕਿਆਂ ‘ਚ ਸ਼ੁਰੂ ਹੋਈ ਚਰਚਾ

sgpc/nawanpunjab.com


ਲੁਧਿਆਣਾ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੀਤੇ ਦਿਨ ਮੀਟਿੰਗ ‘ਚ ਸ੍ਰੀ ਦਰਬਾਰ ਸਾਹਿਬ ਤੋਂ 24 ਜੁਲਾਈ ਤੋਂ ਯੂ-ਟਿਊਬ ’ਤੇ ਗੁਰਬਾਣੀ ਕੀਰਤਨ ਦਾ ਪ੍ਰਸਾਰਣ ਚਲਾਉਣ ਦਾ ਐਲਾਨ ਕੀਤਾ ਗਿਆ ਹੈ। ਹੁਣ ਇਸ ਦੇ ਨਾਮ ’ਤੇ ਰੌਲਾ ਪੈ ਗਿਆ ਹੈ ਕਿਉਂਕਿ ਪਿਛਲੇ ਸਮੇਂ ‘ਚ ਸ੍ਰੀ ਹਰਿਮੰਦਰ ਸਾਹਿਬ ਨੂੰ ਸ੍ਰੀ ਦਰਬਾਰ ਸਾਹਿਬ ਦੇ ਨਾਮ ’ਤੇ ਬੁਲਾਉਣ ਦੀਆਂ ਚਿੱਠੀਆਂ ਤੇ ਹੁਕਮ ਜਾਰੀ ਹੋਏ ਸਨ ਪਰ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਧਾਮੀ ਨੇ ਨਵੇਂ ਸ਼ੁਰੂ ਹੋ ਰਹੇ ਯੂ-ਟਿਊਬ ਚੈਨਲ ਦਾ ਨਾਮ ‘ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ’ ਰੱਖ ਦਿੱਤਾ।

ਇਸ ‘ਤੇ ਅੱਜ ਧਾਰਮਿਕ ਤੇ ਸਿਆਸੀ ਹਲਕਿਆਂ ‘ਚ ਸ਼੍ਰੋਮਣੀ ਕਮੇਟੀ ਵੱਲੋਂ ਰੱਖੇ ਇਸ ਨਾਂ ਨੂੰ ਲੈ ਕੇ ਕਿੰਤੂ- ਪਰੰਤੂ ਹੋਣਾ ਸ਼ੁਰੂ ਹੋ ਗਿਆ ਹੈ। ਬਾਕੀ ਸੋਸ਼ਲ ਮੀਡੀਆ ’ਤੇ ਇਹ ਵੀ ਖ਼ਬਰ ਜੰਗਲ ਦੀ ਅੱਗ ਵਾਂਗ ਫੈਲੀ ਹੋਈ ਹੈ ਕਿ ਜਿਹੜੇ ਯੂ-ਟਿਊਬ ਚੈਨਲ ਨੂੰ 3 ਮਹੀਨੇ ਦਾ ਠੇਕਾ ਦਿੱਤਾ ਹੈ, ਉਹ ਕਥਿਤ ਤੌਰ ’ਤੇ ਬਾਦਲ ਪਰਿਵਾਰ ਦੇ ਨੇੜੇ-ਤੇੜੇ ਹੈ, ਜਿਸ ਨੂੰ ਲੈ ਕੇ ਕਈ ਤਰ੍ਹਾਂ ਦੀ ਚਰਚਾ ਨੇ ਵੀ ਜਨਮ ਲਿਆ ਹੈ। ਜਦੋਂ ਨਾਮ ਰੱਖਣ ਦੇ ਮਾਮਲੇ ‘ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ. ਗੁਰਚਰਨ ਸਿੰਘ ਗਰੇਵਾਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੰਨਿਆ ਕਿ ਸ੍ਰੀ ਦਰਬਾਰ ਸਾਹਿਬ ਨਾਮ ਹੈ ਪਰ ਉਨ੍ਹਾਂ ਨਾਲ ਹੀ ਕਿਹਾ ਕਿ ਤੁਹਾਡਾ ਸੁਝਾਅ ਸਾਡੇ ਕੋਲ ਆ ਗਿਆ ਹੈ, ਅਸੀਂ ਇਸ ’ਤੇ ਅਮਲ ਕਰਾਂਗੇ।
ਸਾਨੂੰ ਹੋਰ ਵੀ ਸੁਝਾਵਾਂ ਦੀ ਲੋੜ ਹੈ। ਇਸੇ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨਾਲ ਜਦੋਂ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਜੋ ਨਾਂ ਰੱਖਣ ਦੇ ਮਾਮਲੇ ’ਤੇ ਰੌਲਾ ਪਿਆ ਹੈ, ਉਹ ਠੀਕ ਹੈ। ਸ਼੍ਰੋਮਣੀ ਕਮੇਟੀ ਖ਼ੁਦ ਆਪਣਾ ਯੂ-ਟਿਊਬ ਚੈਨਲ ਕਿਉਂ ਨਹੀਂ ਸ਼ੁਰੂ ਕਰਦੀ, ਜਦੋਂ ਕਿ ਉਹ ਸਭ ਕੁੱਝ ਕਰਨ ਦੇ ਸਮਰੱਥ ਹੈ। ਉਨ੍ਹਾਂ ਕਿਹਾ ਕਿ ਚੈਨਲ ਦਾ ਨਾਂ ਵੀ ਐੱਸ. ਜੀ. ਪੀ. ਸੀ. ਰੱਖਣਾ ਚਾਹੀਦਾ ਹੈ। ਪਤਾ ਨਹੀਂ ਕਿਹੜੀਆਂ ਮਜਬੂਰੀਆਂ ਦੇ ਚੱਲਦੇ ਇਹ ਫ਼ੈਸਲੇ ਸਾਹਮਣੇ ਆ ਰਹੇ ਹਨ। ਬਾਕੀ ਸਿੱਖ ਸੰਗਤ ਹੁਣ ਸਭ ਕੁੱਝ ਸੋਸ਼ਲ ਮੀਡੀਆ ਤੋਂ ਇਲਾਵਾ ਹਰ ਚੀਜ਼ ਦੀ ਜਾਣਕਾਰੀ ਲੈ ਰਹੀ ਹੈ ਕਿ ਯੂ-ਟਿਊਬ ’ਤੇ ਕਿਸ ਦੀ ਕੀ ਭੂਮਿਕਾ ਹੈ, ਇਸ ਸਬੰਧੀ ਹੁਣ ਸੰਗਤਾਂ ਦੇ ਅੱਖੀਂ ਘੱਟਾ ਨਹੀਂ ਪਾਇਆ ਜਾ ਸਕਦਾ।

Leave a Reply

Your email address will not be published. Required fields are marked *