ਰੂਪਨਗਰ -ਸਤਲੁਜ ਦਰਿਆ ਦੇ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਕਾਫ਼ੀ ਹੇਠਾਂ ਵਹਿ ਰਿਹਾ ਹੈ। ਜਿਸ ਕਾਰਨ ਕਿਸੇ ਨੂੰ ਵੀ ਘਬਰਾਉਣ ਦੀ ਲੋੜ ਨਹੀਂ ਹੈ। ਜਾਣਕਾਰੀ ਅਨੁਸਾਰ ਪਿਛਲੇ ਦਿਨੀਂ ਪਏ ਮੀਂਹ ਕਾਰਨ ਸਤਲੁਜ ਦਰਿਆ ’ਚ ਪਾਣੀ ਛੱਡੇ ਜਾਣ ਦੇ ਬਾਵਜੂਦ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ ਪਰ ਕੁਝ ਲੋਕਾਂ ਦੇ ਮਨਾਂ ’ਚ ਡਰ ਦਾ ਮਾਹੌਲ ਬਣਾਇਆ ਜਾ ਰਿਹਾ ਹੈ। ਜੇਕਰ ਅੱਜ ਦੇ ਹਾਲਾਤ ਦੀ ਗੱਲ ਕਰੀਏ ਤਾਂ ਸਤਲੁਜ ਦਰਿਆ ਦਾ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਕਾਫ਼ੀ ਹੇਠਾਂ ਚੱਲ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਹੈੱਡ ਵਰਕਸ ਅਧਿਕਾਰੀ ਪਰਮਿੰਦਰ ਕੁਮਾਰ ਨੇ ਦੱਸਿਆ ਕਿ ਰੂਪਨਗਰ ਦਰਿਆ ’ਚ ਪਾਣੀ ਦਾ ਪੱਧਰ 5.30 ਫੁੱਟ ਹੈ, ਜਦਕਿ 15 ਫੁੱਟ ਤੱਕ ਇਸ ਨੂੰ ਆਮ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਡਾਊਨ ਸਟ੍ਰੀਮ ਵੱਲ ਪਾਣੀ ਛੱਡਣ ਨਾਲ ਪਿਛਲੇ ਦਿਨਾਂ ’ਚ ਪਾਣੀ ਦੀ ਮਾਤਰਾ 1 ਲੱਖ 70 ਹਜ਼ਾਰ ਕਿਊਸਿਕ ਤੱਕ ਪਹੁੰਚ ਗਈ ਹੈ। ਅੱਜ ਇਹ 14400 ਕਿਊਸਿਕ ਹੈ, ਜਦਕਿ 50 ਹਜ਼ਾਰ ਕਿਊਸਿਕ ਤੋਂ ਉਪਰ ਖ਼ਤਰੇ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਪਾਣੀ ਦੀ ਮੰਗ ਨਾ ਹੋਣ ਕਾਰਨ ਸਰਹਿੰਦ ਨਹਿਰ ਅਤੇ ਬਿਸਤ ਦੋਆਬਾ ਨਹਿਰ ’ਚ ਵੀ ਪਾਣੀ ਨਹੀਂ ਛੱਡਿਆ ਜਾ ਰਿਹਾ ਹੈ। ਸਰਸਾ ਨਦੀ ’ਚ ਪਾਣੀ 254 ਕਿਊਸਿਕ, ਸਿਸਵਾਂ ਨਦੀ ’ਚ 133 ਕਿਊਸਿਕ, ਬੁੱਧੀ ਨਦੀ ’ਚ 295 ਕਿਊਸਿਕ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ।