ਪ੍ਰਯਾਗਰਾਜ, ਐੱਸ. ਆਈ. ਟੀ., ਫੋਰੈਂਸਿਕ ਟੀਮ ਅਤੇ ਜੁਡੀਸ਼ੀਅਲ ਜਾਂਚ ਕਮਿਸ਼ਨ ਦੀ ਟੀਮ ਨੇ ਵੀਰਵਾਰ ਪੁਲਸ ਹਿਰਾਸਤ ਵਿੱਚ ਮਾਫੀਆ ਅਤੀਕ ਅਹਿਮਦ ਅਤੇ ਉਸਦੇ ਭਰਾ ਅਸ਼ਰਫ ਦੀ ਹੋਈ ਹੱਤਿਆ ਦੀ ਘਟਨਾ ਦਾ ਨਾਟਕੀ ਰੂਪਾਂਤਰਨ ਕੀਤਾ।
ਇਸ ਘਟਨਾ ਦੇ ਨਾਟਕੀ ਰੁਪਾਂਤਰਨ ਦੌਰਾਨ ਅਤੀਕ ਅਤੇ ਅਸ਼ਰਫ਼ ਵੱਲੋਂ ਜੀਪ ਤੋਂ ਹੇਠਾਂ ਉਤਰ ਕੇ ਹਸਪਤਾਲ ਅੰਦਰ ਦਾਖ਼ਲ ਹੋਣ ਅਤੇ ਮੀਡੀਆ ਵਲੋਂ ਬਾਈਟ ਲੈਣ ਦੌਰਾਨ 3 ਨੌਜਵਾਨਾਂ ਵੱਲੋਂ ਗੋਲੀਆਂ ਚਲਾਏ ਜਾਣ ਦੇ ਦ੍ਰਿਸ਼ਾਂ ਨੂੰ ਰੀਕ੍ਰੀਏਟ ਕੀਤਾ ਗਿਆ ।
ਸੂਤਰਾਂ ਨੇ ਦੱਸਿਆ ਕਿ ਇਸ ਨਾਟਕੀ ਰੁਪਾਂਤਰਨ ਦੌਰਾਨ ਉਨ੍ਹਾਂ ਸਾਰੇ ਪੁਲਸ ਮੁਲਾਜ਼ਮਾਂ ਨੂੰ ਮੌਕੇ ’ਤੇ ਰੱਖਿਆ ਗਿਆ ਜੋ ਅਤੀਕ ਅਤੇ ਅਸ਼ਰਫ਼ ਦੇ ਕਤਲ ਸਮੇਂ ਮੌਜੂਦ ਸਨ। ਇਸ ਨਾਟਕੀ ਰੁਪਾਂਤਰਨ ਤੋਂ ਘਟਨਾ ਦੀ ਜਾਂਚ ਦੇ ਕਈ ਸੁਰਾਗ ਮਿਲਣ ਦੀ ਸੰਭਾਵਨਾ ਹੈ । ਉਸ ਆਧਾਰ ’ਤੇ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਸਕਦੀ ਹੈ।
15 ਅਪ੍ਰੈਲ ਨੂੰ ਮਾਫੀਆ ਅਤੀਕ ਅਹਿਮਦ ਅਤੇ ਉਸ ਦੇ ਭਰਾ ਅਸ਼ਰਫ ਦੀ ਪੁਲਸ ਹਿਰਾਸਤ ‘ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਦੋਂ ਪੁਲਸ ਉਨ੍ਹਾਂ ਨੂੰ ਮੈਡੀਕਲ ਜਾਂਚ ਲਈ ਹਸਪਤਾਲ ਲੈ ਕੇ ਗਈ ਸੀ। ਹਮਲਾਵਰਾਂ ਨੂੰ ਉਸੇ ਸਮੇਂ ਗ੍ਰਿਫਤਾਰ ਕਰ ਲਿਆ ਗਿਆ ਸੀ। ਬੁੱਧਵਾਰ ਨੂੰ ਸੀ. ਜੇ. ਐੱਮ. ਡੀ. ਕੇ. ਗੌਤਮ ਦੀ ਅਦਾਲਤ ਨੇ ਇਨ੍ਹਾਂ ਮੁਲਜ਼ਮਾਂ ਨੂੰ 4 ਦਿਨਾਂ ਦੇ ਪੁਲਸ ਰਿਮਾਂਡ ’ਤੇ ਸੌਂਪ ਦਿੱਤਾ ਸੀ।