ਚੰਡੀਗੜ੍ਹ : ਪੰਜਾਬ ਸਰਕਾਰ ਡਰੱਗ ਮਾਮਲੇ ‘ਚ ਵੱਡੀ ਕਾਰਵਾਈ ਕਰਨ ਦੀ ਤਿਆਰੀ ‘ਚ ਹੈ, ਜਿਸ ਦੇ ਸੰਕੇਤ ਖ਼ੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤੇ ਹਨ। ਦੱਸ ਦੇਈਏ ਕਿ ਹਾਈਕੋਰਟ ਵੱਲੋਂ ਖੋਲ੍ਹੇ ਗਏ ਡਰੱਗ ਨਾਲ ਸਬੰਧਿਤ 3 ਲਿਫ਼ਾਫੇ ਮੁੱਖ ਮੰਤਰੀ ਭਗਵੰਤ ਮਾਨ ਕੋਲ ਪਹੁੰਚ ਗਏ ਸਨ। ਇਸ ਦੀ ਜਾਣਕਾਰੀ ਮੁੱਖ ਮੰਤਰੀ ਮਾਨ ਨੇ ਟਵੀਟ ਰਾਹੀਂ ਸਾਂਝੀ ਕੀਤੀ ਹੈ। ਇਸ ਸਬੰਧੀ ਟਵੀਟ ਕਰਦਿਆਂ ਉਨ੍ਹਾਂ ਲਿਖਿਆ ਕਿ ਪੰਜਾਬ ‘ਚ ਡਰੱਗ ਮਾਮਲੇ ਨਾਲ ਸੰਬੰਧਤ ਕਈ ਸਾਲਾਂ ਤੋਂ ਬੰਦ ਪਏ 3 ਲਿਫ਼ਾਫ਼ੇ ਮਾਣਯੋਗ ਹਾਈਕੋਰਟ ਵੱਲੋਂ ਖੋਲ੍ਹੇ ਗਏ ਤੇ ਉਹ ਮੇਰੇ ਕੋਲ ਪਹੁੰਚ ਗਏ ਹਨ। ਮੁੱਖ ਮੰਤਰੀ ਮਾਨ ਨੇ ਸਖ਼ਤ ਸ਼ਬਦਾਂ ‘ਚ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਚਿੱਟੇ ਨਾਲ ਬਰਬਾਦ ਕਰਨ ਵਾਲਿਆਂ ‘ਤੇ ਕਾਨੂੰਨ ਮੁਤਾਬਕ ਸਖ਼ਤ ਕਾਰਵਾਈ ਹੋਵੇਗੀ।
ਜ਼ਿਕਰਯੋਗ ਹੈ ਕਿ ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਬੀਤੀ 28 ਮਾਰਚ ਨੂੰ ਸਾਲ 2017 ਅਤੇ 2018 ‘ਚ ਡਰੱਗਜ਼ ਮਾਮਲੇ ਵਿੱਚ ਬਣਾਈਆਂ ਗਈਆਂ ਸਪੈਸ਼ਲ ਇਨਵੈਸਟੀਗੇਸ਼ਨ ਰਿਪੋਰਟਾਂ ਨੂੰ 5 ਸਾਲ ਦੇ ਵਕਫੇ ਤੋਂ ਬਾਅਦ ਖੋਲ੍ਹਿਆ ਗਿਆ। ਜਸਟਿਸ ਗੁਰਮੀਤ ਸਿੰਘ ਸੰਧੇਵਾਲੀਆ ਅਤੇ ਜਸਟਿਸ ਹਰਪ੍ਰੀਤ ਕੌਰ ਜੀਵਲ ‘ਤੇ ਆਧਾਰਤ ਬੈਂਚ ਨੇ ਸਰਕਾਰ ਵੱਲੋਂ ਬਣਾਈ ਗਈ ਐੱਸ. ਆਈ. ਟੀ. ਦੀਆਂ ਰਿਪੋਰਟਾਂ ਦੇ ਆਧਾਰ ‘ਤੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕਰਨ ਦੀ ਆਜ਼ਾਦੀ ਦਿੱਤੀ ਹੈ ਤੇ ਹੁਣ ਮੁੱਖ ਮੰਤਰੀ ਮਾਨ ਕੋਲ ਇਹ ਖੋਲ੍ਹੀਆਂ ਹੋਈਆਂ ਰਿਪੋਰਟਾਂ ਪਹੁੰਚ ਗਈਆਂ ਹਨ ਤੇ ਸਰਕਾਰ ਵੱਲੋਂ ਜਲਦ ਹੀ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।