ਜਲੰਧਰ- ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਬਣਿਆਂ ਨੂੰ ਹਾਲੇ ਸਿਰਫ਼ ਇਕ ਸਾਲ ਬੀਤਿਆ ਹੈ ਪਰ ਰਾਜ ਦੇ ਨਾਗਰਿਕਾਂ ’ਤੇ ਬਿਨਾਂ ਕੋਈ ਟੈਕਸ ਲਾਏ ਇਮਾਨਦਾਰੀ ਨਾਲ ਬਹੁਤ ਕੁਝ ਕਰ ਵਿਖਾਇਆ ਗਿਆ ਹੈ। ਹੁਣ ਆਮ ਲੋਕ ਇਮਾਨਦਾਰੀ ਨਾਲ ਟੈਕਸ ਦੇਣ ਲੱਗੇ ਹਨ। ਜਿੱਥੇ ਕਿਤੇ ਟੈਕਸ-ਚੋਰੀ ਦੀ ਥੋੜ੍ਹੀ ਜਿੰਨੀ ਵੀ ਗੁੰਜਾਇਸ਼ ਸੀ, ਉਹ ਖ਼ਤਮ ਕਰ ਦਿੱਤੀ ਗਈ ਹੈ, ਇੰਝ ਟੈਕਸ ਕੁਲੈਕਸ਼ਨ ’ਚ ਚੋਖਾ ਵਾਧਾ ਦਰਜ ਕੀਤਾ ਜਾ ਰਿਹਾ ਹੈ। ਨਵੀਂਆਂ ਨੀਤੀਆਂ ਲਾਗੂ ਹੋਣ ਨਾਲ ਟੈਕਸ ਇੰਟੈਲੀਜੈਂਟ ਯੂਨਿਟਾਂ ਵੀ ਕਾਇਮ ਕੀਤੀਆਂ, ਡਾਟਾ ਮਾਈਨਿੰਗ ਰਾਹੀਂ ਟੈਕਸ ਚੋਰੀਆਂ ਦੇ ਰਾਹ ਰੋਕੇ ਗਏ। ਜੀਐੱਸਟੀ ਦੀ ਕੁਲੈਕਸ਼ਨ ’ਚ ਸਿਰਫ਼ ਅਜਿਹੇ ਉਪਰਾਲਿਆਂ ਸਦਕਾ ਹੀ ਵਾਧਾ ਹੋ ਸਕਿਆ ਹੈ। ਉਨ੍ਹਾਂ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਨੇ ਸਿਰਫ਼ ਜੀਐੱਸਟੀ ਦੇ ਮੁਆਵਜ਼ੇ ’ਤੇ ਹੀ ਟੇਕ ਰੱਖੀ, ਜੋ ਟੈਕਸ ਕੁਲੈਕਸ਼ਨ ’ਚ ਕੋਈ ਘਾਟਾ ਹੋਣ ਦੀ ਹਾਲਤ ’ਚ ਦਿੱਤਾ ਜਾਂਦਾ ਸੀ, ਜਦ ਕਿ ਉਹ ਸਹੂਲਤ ਸਿਰਫ਼ ਪਹਿਲੇ ਪੰਜ ਸਾਲਾਂ ਲਈ ਸੀ, ਜੋ ਪਿਛਲੇ ਵਰ੍ਹੇ ਖ਼ਤਮ ਹੋ ਗਈ ਸੀ। ਉਸ ਤੋਂ ਬਾਅਦ ਇਸ ਸਬੰਧੀ ਕੋਈ ਨੀਤੀ ਉਲੀਕੀ ਹੀ ਨਹੀਂ ਗਈ। ਜੇ ਕਿਤੇ ਅਜਿਹਾ ਕੀਤਾ ਜਾਂਦਾ, ਤਾਂ ਰਾਜ ਦੇ ਅਰਥਚਾਰੇ ਨੂੰ ਵੱਡਾ ਹੁਲਾਰਾ ਮਿਲਣਾ ਸੀ।