ਲੁਧਿਆਣਾ/ਚੰਡੀਗੜ੍ਹ/- ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ ‘ਪੜ੍ਹੋ ਪੰਜਾਬ ਪੜ੍ਹਾਓ ਪੰਜਾਬ’ (ਪ੍ਰਾਇਮਰੀ) ਪ੍ਰਾਜੈਕਟ ਦੇ ਅਧੀਨ ਜ਼ਿਲ੍ਹਾ ਕੋਆਰਡੀਨੇਟਰ/ਸਹਾਇਕ ਜ਼ਿਲ੍ਹਾ ਕੋਆਰਡੀਨੇਟਰ ਅਤੇ ਬੀ. ਐੱਮ. ਟੀ. ਦੇ ਰੂਪ ’ਚ ਕੰਮ ਕਰ ਰਹੇ ਅਧਿਆਪਕਾਂ ਨੂੰ ਆਪਣੇ ਜੱਦੀ ਸਕੂਲਾਂ ’ਚ ਤੁਰੰਤ ਮੌਜੂਦ ਹੋਣ ਅਤੇ ਸਕੂਲਾਂ ਵਿਚ ਰਹਿ ਕੇ ਪ੍ਰਾਜੈਕਟ ਦਾ ਕੰਮ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਇਸ ਸਬੰਧ ਵਿਚ ਵਿਭਾਗ ਵਲੋਂ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ (ਪ੍ਰਾਇਰੀ ਸਿੱਖਿਆ) ਨੂੰ ਜਾਰੀ ਪੱਤਰ ’ਚ ਕਿਹਾ ਗਿਆ ਹੈ ਕਿ ‘ਪੜ੍ਹੋ ਪੰਜਾਬ ਪੜ੍ਹਾਓ ਪੰਜਾਬ’ (ਪ੍ਰਾਇਮਰੀ) ਪ੍ਰਾਜੈਕਟ ਅਧੀਨ ਜ਼ਿਲ੍ਹਾ ਕੋਆਰਡੀਨੇਟਰ/ਸਹਾਇਕ ਜ਼ਿਲ੍ਹਾ ਕੋਆਰਡੀਨੇਟਰ ਅਤੇ ਬੀ. ਐੱਮ. ਟੀ. ਦੇ ਰੂਪ ’ਚ ਕੰਮ ਰਹੇ ਅਧਿਆਪਕਾਂ ਨੂੰ ਤੁਰੰਤ ਪ੍ਰਭਾਵ ਨਾਲ ਉਨ੍ਹਾਂ ਦੇ ਜੱਦੀ ਸਕੂਲਾਂ ’ਚ ਭੇਜਿਆ ਜਾਵੇ।
ਦੱਸ ਦੇਈਏ ਕਿ ਇਹ ਅਧਿਆਪਕ ਪਿਛਲੇ ਲਗਭਗ 5 ਸਾਲਾਂ ਤੋਂ ਵੱਧ ਸਮੇਂ ਤੋਂ ਇਸ ਡਿਊਟੀ ’ਤੇ ਤਾਇਨਾਤ ਸਨ। ਪਿਛਲੇ ਕਈ ਸਾਲਾਂ ਤੋਂ ਜ਼ਿਲਾ ਕੋਆਰਡੀਨੇਟਰ/ਸਹਾਇਕ ਜ਼ਿਲ੍ਹਾ ਕੋਆਰਡੀਨੇਟਰ ਅਤੇ ਬੀ. ਐੱਮ. ਟੀ. ਦੀ ਡਿਊਟੀ ਦੇ ਨਾਂ ’ਤੇ ਸਕੂਲਾਂ ਤੋਂ ਬਾਹਰ ਕੰਮ ਕਰ ਰਹੇ ਅਧਿਆਪਕਾਂ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਦੇ ਹੋ ਰਹੇ ਨੁਕਸਾਨ ਨੂੰ ਲੈ ਕੇ ਸਿੱਖਿਆ ਵਿਭਾਗ ਦੀ ਖੂਬ ਕਿਰਕਰੀ ਹੋ ਰਹੀ ਸੀ, ਜਿਸ ਨਾਲ ਜੋੜ ਕੇ ਇਸ ਕਾਰਵਾਈ ਨੂੰ ਦੇਖਿਆ ਜਾ ਰਿਹਾ ਹੈ।