ਜ਼ੀਰਕਪੁਰ- ਜ਼ੀਰਕਪੁਰ ‘ਚ ਪੁਲਸ ਸਮੇਤ ਐੱਨ. ਆਈ. ਏ. ਦੀ ਟੀਮ ਵੱਲੋਂ ਅਚਾਨਕ ਵੱਡੇ ਪੱਧਰ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜ਼ੀਰਕਪੁਰ ਦੀ ਵੀ. ਆਈ. ਪੀ. ਰੋਡ ‘ਤੇ ਸਥਿਤ ਜੈਪੁਰੀਆ ਸੁਸਾਇਟੀ ‘ਚ ਚੜ੍ਹਦੀ ਸਵੇਰ ਸਮੇਂ ਹੀ ਐੱਨ. ਆਈ. ਏ. ਟੀਮ ਦੀ ਛਾਪੇਮਾਰੀ ਕਾਰਨ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇਸ ਦੌਰਾਨ ਵੱਡੀ ਗਿਣਤੀ ‘ਚ ਪੁਲਸ ਦੀਆਂ ਵੱਖ-ਵੱਖ ਏਜੰਸੀਆ ਵੱਲੋਂ ਸੁਸਾਇਟੀ ‘ਚ ਆਉਣ-ਜਾਣ ਵਾਲੀਆਂ ਗੱਡੀਆਂ ਸਮੇਤ ਫਲੈਟਾਂ ‘ਚ ਰਹਿੰਦੇ ਵਿਅਕਤੀਆਂ ਦੀ ਵੈਰੀਫਿਕੇਸ਼ਨ ਸਮੇਤ ਡੂੰਘਾਈ ਨਾਲ ਚੈਕਿੰਗ ਕੀਤੀ ਜਾ ਰਹੀ ਹੈ।
ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਸਾਥੀਆਂ ‘ਚ ਰੰਮੀ ਮਸ਼ਾਣਾ ਗੈਂਗਸਟਰ, ਜਿਸ ਨੂੰ ਬਠਿੰਡਾ ਪੁਲਸ ਤਲਾਸ਼ ਕਰ ਰਹੀ ਹੈ, ਉਸ ਦੀ ਸੂਹ ਮਿਲਣ ‘ਤੇ ਇੱਥੇ ਚੈਕਿੰਗ ਕੀਤੀ ਜਾ ਰਹੀ ਹੈ। ਇਹ ਵੀ ਪਤਾ ਲੱਗਾ ਹੈ ਕਿ ਹਰ ਫਲੈਟ ਸਮੇਤ ਨੇੜਲੇ ਘਰਾਂ ਦੀ ਵੀ ਜਾਂਚ-ਪੜਤਾਲ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਕੁੱਝ ਫਲੈਟਾਂ ਦੀ ਸ਼ੱਕ ਦੇ ਆਧਾਰ ‘ਤੇ ਤਲਾਸ਼ੀ ਵੀ ਲਈ ਜਾ ਰਹੀ ਹੈ, ਜਿਸ ਦੌਰਾਨ ਵੱਡੀ ਸਫ਼ਲਤਾ ਹਾਸਲ ਕਰਨ ਦੇ ਸੰਕੇਤ ਦਿੱਤੇ ਜਾ ਰਹੇ ਹਨ।
ਪੁਲਸ ਦੇ ਅਧਿਕਾਰੀਆਂ ‘ਚ ਐੱਸ. ਪੀ. ਰੈਂਕ ਤੋਂ ਲੈ ਕੇ ਹੋਰ ਵੱਡੇ ਅਧਿਕਾਰੀ ਇਸ ਜਾਂਚ ‘ਚ ਸ਼ਾਮਲ ਹਨ। ਇਸ ਮੌਕੇ ਡੀ. ਐੱਸ. ਪੀ. ਅਮਨਦੀਪ ਬਰਾੜ ਅਤੇ ਜ਼ੀਰਕਪੁਰ ਦੇ ਥਾਣਾ ਮੁਖੀ ਦੀਪਇੰਦਰ ਸਿੰਘ ਬਰਾੜ ਵੀ ਚੈਕਿੰਗ ਕਰਦੇ ਵੇਖੇ ਗਏ। ਪਰ ਮੀਡੀਆ ਨੂੰ ਪੁਲਸ ਅਧਿਕਾਰੀਆਂ ਵੱਲੋਂ ਹਾਲੇ ਕੁੱਝ ਵੀ ਦੱਸਣ ਤੋਂ ਇਨਕਾਰ ਕੀਤਾ ਗਿਆ ਹੈ।