ਕੌਮਾਂਤਰੀ ਨਗਰ ਕੀਰਤਨ ਗੁ: ਸ੍ਰੀ ਬੇਰ ਸਾਹਿਬ ਤੋਂ ਕਰਤਾਰਪੁਰ ਸਾਹਿਬ ਲਈ ਰਵਾਨਾ

nagar kiratn/nawanpunjab.com

ਸੁਲਤਾਨਪੁਰ ਲੋਧੀ, 3 ਮਾਰਚ (ਬਿਊਰੋ)- ਨਿਰੋਲ ਸੇਵਾ ਸੰਸਥਾ ਵੱਲੋਂ ਸ੍ਰੀ ਮੁਕਤਸਰ ਸਾਹਿਬ ਤੋਂ ਸ੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ ) ਤੱਕ ਜਾਣ ਲਈ 28 ਫਰਵਰੀ ਤੋਂ ਆਰੰਭ ਹੋਇਆ 13ਵਾਂ ਮਹਾਨ ਕੌਮਾਂਤਰੀ ਨਗਰ ਕੀਰਤਨ ਬੀਤੀ ਰਾਤ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ (ਪਹਿਲੀ ਪਾਤਸ਼ਾਹੀ) ਸੁਲਤਾਨਪੁਰ ਲੋਧੀ ਵਿਖੇ ਪੁੱਜਾ, ਜਿਸ ਦਾ ਗੁਰਦੁਆਰਾ ਬੇਰ ਸਾਹਿਬ ਦੇ ਮੈਨੇਜਰ ਭਾਈ ਗੁਰਪ੍ਰੀਤ ਸਿੰਘ ਰੋਡੇ ਅਤੇ ਹੈੱਡ ਗ੍ਰੰਥੀ ਗਿਆਨੀ ਸੁਰਜੀਤ ਸਿੰਘ ਸਭਰਾ ਦੀ ਅਗਵਾਈ ‘ਚ ਸ਼੍ਰੋਮਣੀ ਕਮੇਟੀ ਅਤੇ ਸਮੂਹ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਨਿੱਘਾ ਸਵਾਗਤ ਕੀਤਾ ਗਿਆ। ਰਾਤ ਵਿਸ਼ਰਾਮ ਕਰਨ ਉਪਰੰਤ ਅੱਜ ਸਵੇਰੇ ਇਹ ਵਿਸ਼ਾਲ ਕੌਮਾਂਤਰੀ ਨਗਰ ਕੀਰਤਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਤੋਂ ਅਗਲੇ ਪੜਾਅ ਲਈ ਸੁਲਤਾਨਪੁਰ ਲੋਧੀ ਤੋਂ ਰਵਾਨਾ ਹੋਣ ਦੀ ਅਰਦਾਸ ਗਿਆਨੀ ਸੁਰਜੀਤ ਸਿੰਘ ਸਭਰਾ ਹੈੱਡ ਗ੍ਰੰਥੀ ਨੇ ਕੀਤੀ ਅਤੇ ਉਪਰੰਤ ਗੁਰਦੁਆਰਾ ਬਾਉਲੀ ਸਾਹਿਬ ਡੱਲਾ ਵਾਇਆ ਜੈਕਾਰੇ ਗੂੰਜਾਉਂਦੇ ਹੋਏ ਰਵਾਨਾ ਹੋਇਆ, ਜੋਕਿ ਕਾਲਾ ਸੰਘਿਆਂ, ਜਲੰਧਰ ਤੋਂ ਗੁਰਦੁਆਰਾ ਗੰਗਸਰ ਸਾਹਿਬ ਕਰਤਾਰਪੁਰ ਵਿਖੇ ਪੁੱਜੇਗਾ ਅਤੇ ਰਾਤ ਨੂੰ ਵਿਸ਼ਰਾਮ ਕਰਨ ਉਪਰੰਤ ਸ੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ) ਲਈ ਰਵਾਨਾ ਹੋਵੇਗਾ। ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਰਾਪਤ ਧਰਤੀ ਗੁਰਦੁਆਰਾ ਸ੍ਰੀ ਗੁਪਤਸਰ ਸਾਹਿਬ ਪਿੰਡ ਛੱਤਿਆਣਾ ਤੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ‘ਚ ਅਤੇ ਨਿਰੋਲ ਸੇਵਾ ਸੰਸਥਾ ਦੇ ਮੁੱਖ ਸੇਵਾਦਾਰ ਜਗਦੀਪ ਸਿੰਘ ਸੋਢੀ ਦੇ ਪ੍ਰਬੰਧਾਂ ਹੇਠ ਰਵਾਨਾ ਹੋਏ ਇਸ ਨਗਰ ਕੀਰਤਨ ਦਾ ਰਸਤਿਆਂ ‘ਚ ਸੰਗਤਾਂ ਵੱਲੋ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ। ਇਸ ਸਮੇਂ ਫੁੱਲਾਂ ਨਾਲ ਸ਼ਿੰਗਾਰੀ ਗਈ ਵੱਡੀ ਬੱਸ ਵਾਲੀ ਪਾਲਕੀ ‘ਚ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੁਸ਼ੋਭਿਤ ਕਰਕੇ ਬੜੀ ਹੀ ਸ਼ਰਧਾ ਨਾਲ ਸ਼ਬਦ ਕੀਰਤਨ ਕਰਦੇ ਹੋਏ ਸੰਗਤਾਂ ਗੱਡੀਆਂ ਰਾਹੀਂ ਨਾਲ ਨਾਲ ਜਾ ਰਹੀਆਂ ਸਨ।
ਇਹ ਨਗਰ ਕੀਰਤਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਰੋਡ ਜੀ ਤੋਂ ਤਲਵੰਡੀ ਪੁਲ ਚੌਂਕ, ਸੁਲਤਾਨਪੁਰ ਰੂਰਲ ਅਤੇ ਡੱਲਾ ਸਾਹਿਬ ਰੋਡ ਤੋਂ ਹੁੰਦੇ ਹੋਏ ਗੁਰਦੁਆਰਾ ਬਾਉਲੀ ਸਾਹਿਬ ਡੱਲਾ ਪੁੱਜਾ ਜਿੱਥੇ ਗੁਰਦੁਆਰਾ ਬਾਉਲੀ ਸਾਹਿਬ ਦੇ ਮੈਨੇਜਰ ਚੈਚਲ ਸਿੰਘ ਦੀ ਅਗਵਾਈ ‘ਚ ਨਿੱਘਾ ਸਵਾਗਤ ਕੀਤਾ ਗਿਆ। ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਸਵੇਰੇ ਧਾਰਮਿਕ ਦੀਵਾਨ ਸਜਾਏ ਗਏ ਅਤੇ ਉਪਰੰਤ ਮੈਨੇਜਰ ਭਾਈ ਗੁਰਪ੍ਰੀਤ ਸਿੰਘ ਰੋਡੇ ਅਤੇ ਹੈੱਡ ਗ੍ਰੰਥੀ ਭਾਈ ਸੁਰਜੀਤ ਸਿੰਘ ਸਭਰਾ ਨੇ ਪੰਜ ਪਿਆਰੇ ਸਾਹਿਬਾਨ ਅਤੇ ਪੰਜ ਦੁਲਾਰੇ ਸਾਹਿਬਾਨ ਤੋਂ ਇਲਾਵਾ ਨਿਰੋਲ ਸੇਵਾ ਸੰਸਥਾ ਦੇ ਮੁਖੀ ਜਗਦੀਪ ਸਿੰਘ ਸੋਢੀ ਆਦਿ ਦਾ ਸਨਮਾਨ ਸਿਰੋਪਾਓ ਦੇ ਕੇ ਕੀਤਾ ਗਿਆ । ਨਗਰ ਕੀਰਤਨ ਸਬੰਧੀ ਜਾਣਕਾਰੀ ਦਿੰਦੇ ਹੋਏ ਨਿਰੋਲ ਸੇਵਾ ਸੰਸਥਾ ਦੇ ਮੁੱਖ ਸੇਵਾਦਾਰ ਜਗਦੀਪ ਸਿੰਘ ਸੋਢੀ ਨੇ ਦੱਸਿਆ ਕਿ ਇਸ ਨਗਰ ਕੀਰਤਨ ਦਾ ਮੁੱਖ ਮਕਸਦ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕਰਨਾ ਹੈ ਅਤੇ ਇਹ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਵਿਚੋਂ ਬਣੇ ਰੂਟ ਮੁਤਾਬਕ ਡੇਰਾ ਬਾਬਾ ਨਾਨਕ ਹੋ ਕੇ ਗੁਰਦੁਆਰਾ ਕਰਤਾਰਪੁਰ ਸਾਹਿਬ ਪਾਕਿਸਤਾਨ ਵਿਖੇ 6 ਮਾਰਚ ਨੂੰ ਇਸ ਮਹਾਨ ਨਗਰ ਕੀਰਤਨ ਦੀ ਸੰਪੂਰਨਤਾ ਹੋਵੇਗੀ। ਉਨ੍ਹਾਂ ਦੱਸਿਆ ਕਿ ਅਸੀਂ ਭਾਰਤ ਸਰਕਾਰ ਤੋਂ 5000 ਸੰਗਤਾਂ ਦੇ ਸ੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ) ਜਾਣ ਦੀ ਆਗਿਆ ਮੰਗੀ ਸੀ ਪਰ 325 ਸੰਗਤਾਂ ਦੀ ਹੀ ਮਨਜ਼ੂਰੀ ਮਿਲੀ ਹੈ।

ਇਸ ਸਮੇਂ ਇਸ ਨਗਰ ਕੀਤਰਨ ‘ਚ ਹਾਥੀ ‘ਤੇ ਸਵਾਰ ਹੋ ਕੇ ਸਿੰਘ ਕੌਤਕ ਵਿਖਾ ਰਹੇ ਸਨ । ਨਾਲ-ਨਾਲ ਵੱਡੇ ਟਰਾਲਿਆਂ ‘ਤੇ ਬਣਾਏ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ), ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦੇ ਸੁੰਦਰ ਮਾਡਲ ਤੇ ਸ੍ਰੀ ਹਰਮਿੰਦਰ ਸਾਹਿਬ ਅੰਮ੍ਰਿਤਸਰ ਦੇ ਸੁੰਦਰ ਮਾਡਲ ਨਗਰ ਕੀਰਤਨ ਦੀ ਸ਼ੋਭਾ ਵਧਾ ਰਹੇ ਸਨ ਅਤੇ ਸਿੱਖ ਇਤਿਹਾਸ ਨਾਲ ਸਬੰਧਿਤ ਵੱਖ-ਵੱਖ ਸੁੰਦਰ ਝਾਕੀਆਂ ਵੀ ਇਸ ਨਗਰ ਕੀਰਤਨ ਦਾ ਹਿੱਸਾ ਬਣੀਆਂ ਹੋਈਆਂ ਸਨ, ਜਿਨ੍ਹਾਂ ਦੇ ਦਰਸ਼ਨ ਕਰਨ ‘ਤੇ ਫੋਟੋਆਂ ਖਿੱਚ ਕੇ ਲਿਜਾਣ ਲਈ ਸੰਗਤਾਂ ‘ਚ ਵਿਸ਼ੇਸ਼ ਖਿੱਚ ਰਹੀ। ਇਸ ਸਮੇਂ ਨਗਰ ਕੀਰਤਨ ਦੇ ਸਵਾਗਤ ਲਈ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਕਮੇਟੀ ਮੈਂਬਰ ਬੀਬੀ ਗੁਰਪ੍ਰੀਤ ਕੌਰ ਰੂਹੀ, ਅੰਤ੍ਰਿੰਗ ਕਮੇਟੀ ਮੈਂਬਰ ਜਥੇ ਜਰਨੈਲ ਸਿੰਘ ਡੋਗਰਾਵਾਲ, ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਮੈਨੇਜਰ ਭਾਈ ਗੁਰਪ੍ਰੀਤ ਸਿੰਘ ਰੋਡੇ, ਭਾਈ ਹਰਜੀਤ ਸਿੰਘ ਪ੍ਰਚਾਰਕ, ਭਾਈ ਹਰਵਿੰਦਰ ਸਿੰਘ ਪ੍ਰਚਾਰਕ, ਐਡੀਸ਼ਨਲ ਮੈਨੇਜਰ ਸਰਬਜੀਤ ਸਿੰਘ ਧੂੰਦਾ, ਗੁਰਦਿਆਲ ਸਿੰਘ ਖਾਲਸਾ, ਭਾਈ ਹਰਜਿੰਦਰ ਸਿੰਘ ਚੰਡੀਗੜ੍ਹ ਵਾਲੇ ਐਡੀਸਨਲ ਹੈੱਡ ਗ੍ਰੰਥੀ, ਜਥੇ ਸਰਵਣ ਸਿੰਘ ਚੱਕਾਂ, ਜਥੇ ਸਰਵਣ ਸਿੰਘ ਭੌਰ, ਸੰਤੋਖ ਸਿੰਘ ਇੰਸਪੈਕਟਰ ਸ਼੍ਰੋਮਣੀ ਕਮੇਟੀ, ਜਥੇ ਸਤਨਾਮ ਸਿੰਘ ਗਿੱਲ ਸੀਨੀਅਰ ਮੀਤ ਪ੍ਰਧਾਨ ਨੰਬਰਦਾਰ ਯੂਨੀਅਨ, ਜਥੇ ਦਿਲਬਾਗ ਸਿੰਘ ਗਿੱਲ ਐੱਮ. ਡੀ, ਸਤਨਾਮ ਸਿੰਘ ਰਾਮੇ, ਉਕਾਰ ਸਿੰਘ ਭੋਲਾ, ਗੁਰਪ੍ਰੀਤ ਸਿੰਘ ਫੱਤੂਢੀਂਗਾ, ਭਾਈ ਹਰਦੀਪ ਸਿੰਘ, ਡਾ. ਨਿਰਵੈਲ ਸਿੰਘ ਧਾਲੀਵਾਲ ਆਦਿ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।

Leave a Reply

Your email address will not be published. Required fields are marked *