ਅੰਮ੍ਰਿਤਸਰ, 9 ਫਰਵਰੀ (ਬਿਊਰੋ)- ਅੰਮ੍ਰਿਤਸਰ ’ਚ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਉਦੋਂ ਲੱਗਾ ਜਦੋਂ ਪੁਰਾਣੇ ਟਕਸਾਲੀ ਕਾਂਗਰਸੀ ਗਿੱਲ ਪਰਿਵਾਰ (ਮੈਂਬਰ ਪਾਰਲੀਮੈੰਟ ਜਸਬੀਰ ਸਿੰਘ ਡਿੰਪਾ ਦੇ ਭਰਾ) ਦੇ ਹਰਪਿੰਦਰ ਸਿੰਘ ਰਾਜਨ ਗਿੱਲ ਅੱਜ ਅਕਾਲੀ ਦਲ ‘ਚ ਸ਼ਾਮਲ ਹੋ ਗਏ, ਜਿਨ੍ਹਾਂ ਨੂੰ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ‘ਚ ਸ਼ਾਮਲ ਕੀਤਾ। ਜਸਬੀਰ ਸਿੰਘ ਡਿੰਪਾ ਦੇ ਬੇਟੇ ਗੁਰਸੰਤ ਉਪਦੇਸ਼ ਸਿੰਘ ਗਿੱਲ ਖਡੂਰ ਸਾਹਿਬ ਵਿਧਾਨ ਸਭਾ ਹਲਕੇ ਤੋੰ ਕਾਂਗਰਸ ਦੀ ਟਿਕਟ ਦੇ ਦਾਵੇਦਾਰ ਸਨ ਪਰ ਕਾਂਗਰਸ ਨੇ ਰਮਨਜੀਤ ਸਿੰਘ ਸਿੱਕੀ ਨੂੰ ਦਾਵੇਦਾਰ ਬਣਾਇਆ ਸੀ, ਜਿਸ ਤੋਂ ਡਿੰਪਾ ਦਾ ਪਰਿਵਾਰ ਨਾਰਾਜ਼ ਚੱਲ ਰਿਹਾ ਸੀ। ਦੱਸ ਦੇਈਏ ਕਿ ਰਾਜਨ ਗਿੱਲ ਨੇ ਤਾਂ ਕਾਂਗਰਸੀ ਉਮੀਦਵਾਰ ਵਜੋਂ ਖਡੂਰ ਸਾਹਿਬ ਤੋਂ ਨਾਮਜ਼ਦਗੀ ਪੱਤਰ ਵੀ ਦਾਖਲ ਕਰ ਦਿੱਤੇ ਸਨ, ਜੋ ਕਾਂਗਰਸ ਦੀ ਟਿਕਟ ਨਾ ਮਿਲਣ ‘ਤੇ ਰੱਦ ਕਰ ਦਿੱਤੇ ਸਨ। ਰਾਜਨ ਗਿੱਲ ਦੇ ਪਰਿਵਾਰ ਦੀਆਂ ਆਮ ਆਦਮੀ ਪਾਰਟੀ ‘ਚ ਵੀ ਜਾਣ ਦੀਆਂ ਚਰਚਾਵਾਂ ਸਨ, ਜਿਸ ਨੂੰ ਅੱਜ ਵਿਰਾਮ ਲੱਗ ਗਿਆ। ਡਿੰਪਾ ਦੇ ਦਾਦਾ ਗੁਰਦਿਤ ਸਿੰਘ ਸ਼ਾਹ ਆਜਾਦੀ ਘੁਲਾਟੀਏ ਰਹੇ ਤੇ ਪਿਤਾ ਬਿਆਸ ਸੰਤ ਸਿੰਘ ਲਿੱਦੜ ਬਿਆਸ ਹਲਕੇ ਤੋਂ ਵਿਧਾਇਕ ਰਹੇ ਹਨ। ਡਿੰਪਾ ਖੁਦ ਬਿਆਸ ਤੋਂ ਵਿਧਾਇਕ ਰਹੇ ਹਨ ਅਤੇ ਇਸ ਵੇਲੇ ਖਡੂਰ ਸਾਹਿਬ ਤੋਂ ਮੈੰਬਰ ਪਾਰਲੀਮੈਂਟ ਹਨ।
ਪੁਰਾਣਾ ਬਿਆਸ ਹਲਕੇ ਟੁੱਟਣ ਕਰਕੇ ਇਸ ਦੇ ਪਿੰਡ ਬਾਬਾ ਬਕਾਲਾ, ਜੰਡਿਆਲਾ ਤੇ ਖਡੂਰ ਸਾਹਿਬ ‘ਚ ਚਲੇ ਜਾਣ ਕਰਕੇ ਡਿੰਪਾ ਦੇ ਪਰਿਵਾਰ ਦਾ ਏਨਾ ਹਲਕਿਆਂ ਕਾਫ਼ੀ ਪ੍ਰਭਾਵ ਹੈ, ਜਦਕਿ ਡਿੰਪਾ ਅੰਮ੍ਰਿਤਸਰ ਪੂਰਬੀ ਦੇ ਇੰਚਾਰਜ ਰਹੇ ਤੇ ਨਵਜੋਤ ਸਿੱਧੂ ਦੇ ਕਾਂਗਰਸ ‘ਚ ਆਉਣ ‘ਤੇ ਇਹ ਹਲਕਾ ਛੱਡ ਕੇ ਅੰਮ੍ਰਿਤਸਰ ਦੱਖਣੀ ਤੋਂ ਵਿਧਾਨ ਸਭਾ ਚੋਣ ਲੜੇ ਸਨ। ਇਨ੍ਹਾਂ ਸੀਟਾਂ ‘ਤੇ ਡਿੰਪਾ ਦੇ ਸਮਰਥਕ ਤੇ ਦੋ ਕੌੰਸਲਰ ਪਹਿਲਾਂ ਹੀ ਅਕਾਲੀ ਦਲ ‘ਚ ਜਾ ਚੁੱਕੇ ਹਨ ਅਤੇ ਹੁਣ ਰਾਜਨ ਗਿੱਲ ਅਕਾਲੀ ਦਲ ‘ਚ ਸ਼ਾਮਲ ਹੋ ਰਹੇ ਹਨ। ਰਾਜਨ ਖੁਦ ਅੰਮ੍ਰਿਤਸਰ ਜ਼ਿਲ੍ਹਾ ਪਰਿਸ਼ਦ ਦੇ ਮੈਂਬਰ ਰਹੇ ਹਨ। ਹਾਲਾਂਕਿ ਇਸ ਤੋਂ ਪਹਿਲਾਂ ਸੁਖਬੀਰ ਬਾਦਲ ਡਿੰਪਾ ਦੇ ਸਮਰਥਕ ਸਤਿੰਦਰ ਸਿੰਘ ਛੱਜਲਵੱਡੀ ਨੂੰ ਜੰਡਿਆਲਾ ਤੋਂ ਅਕਾਲੀ ਦਲ ਦੀ ਟਿਕਟ ਦੇ ਚੁੱਕੇ ਹਨ।