ਜਲੰਧਰ- ਥਾਣਾ ਲਾਂਬੜਾ ਅਧੀਨ ਪੈਂਦੇ ਪਿੰਡ ਚਿੱਟੀ ਦੇ ਮੋੜ ਨੇੜੇ ਅੱਜ ਸਵੇਰੇ ਉਸ ਸਮੇਂ ਸਨਸਨੀ ਫ਼ੈਲ ਗਈ ਜਦੋਂ ਲੋਕਾਂ ਨੇ ਉਥੇ ਕਤਲ ਕਰਕੇ ਸੁੱਟੀ ਹੋਈ ਲਾਸ਼ ਵੇਖੀ। ਇਸ ਤੋਂ ਬਾਅਦ ਇਲਾਕਾ ਵਾਸੀਆਂ ਨੇ ਤੁਰੰਤ ਥਾਣਾ ਲਾਂਬੜਾ ਦੀ ਪੁਲਸ ਨੂੰ ਸੂਚਿਤ ਕੀਤਾ ਅਤੇ ਐੱਸ. ਐੱਚ. ਓ. ਅਮਨ ਸੈਣੀ ਪੁਲਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ।
ਪੁਲਸ ਸੂਤਰਾਂ ਅਨੁਸਾਰ ਬੀਤੀ ਦੇਰ ਰਾਤ ਇਕ 50 ਸਾਲਾ ਵਿਅਕਤੀ ਦਾ ਗਲਾ ਵੱਢ ਕੇ ਲਾਸ਼ ਉੱਥੇ ਹੀ ਸੁੱਟ ਦਿੱਤੀ ਗਿਆ, ਪੁਲਸ ਨੇੜੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕਰ ਰਹੀ ਹੈ। ਅਜੇ ਤੱਕ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ। ਦੱਸਣਯੋਗ ਹੈ ਕਿ ਕਰਤਾਰਪੁਰ ਸਬ-ਡਿਵੀਜ਼ਨ ਦੇ ਇਲਾਕੇ ‘ਚੋਂ ਮਿਲੀ ਇਹ ਪਹਿਲੀ ਲਾਸ਼ ਨਹੀਂ ਹੈ, ਇਸ ਤੋਂ ਪਹਿਲਾਂ ਵੀ ਕਰੀਬ 1 ਸਾਲ ਪਹਿਲਾਂ ਰਾਏਪੁਰ ਸੂਏ ‘ਚੋਂ ਦੋ ਅਣਪਛਾਤੀਆਂ ਔਰਤਾਂ ਦੀਆਂ ਲਾਸ਼ਾਂ ਮਿਲ ਚੁੱਕੀਆਂ ਹਨ ਅਤੇ ਇਸ ਤੋਂ ਇਲਾਵਾ, ਰਾਏਪੁਰ ਨੇੜੇ ਹਾਈਵੇਅ ‘ਤੇ ਇਕ ਬਜ਼ੁਰਗ ਔਰਤ ਦੀ ਲਾਸ਼ ਵੀ ਮਿਲੀ ਹੈ ਅਤੇ ਰਾਏਪੁਰ ਨਹਿਰ ਨੇੜੇ ਕ ਵਿਅਕਤੀ ਦੀ ਲਾਸ਼ ਦਰੱਖ਼ਤ ਨਾਲ ਲਟਕਦੀ ਮਿਲੀ ਹੈ, ਜਿਸ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ।