ਜਲੰਧਰ, 3 ਫਰਵਰੀ (ਬਿਊਰੋ)- ਸੰਸਦ ਮੈਂਬਰ, ਵਿਧਾਇਕ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਹਿ ਚੁੱਕੇ ਬੇਦਾਗ ਅਕਸ ਵਾਲੇ ਸੁਨੀਲ ਜਾਖੜ ਇਸ ਵਾਰ ਚੋਣ ਮੈਦਾਨ ਵਿਚ ਨਹੀਂ ਹਨ। ਪਾਰਟੀ ਦੇ ਹੀ ਕੁੱਝ ਨੇਤਾਵਾਂ ਦੀ ਕਥਿਤ ਸੋਚ ਖ਼ਿਲਾਫ਼ ਨਰਾਜ਼ਗੀ ਦੇ ਚਲਦੇ ਉਨ੍ਹਾਂ ਨੇ ਚੋਣ ਨਾ ਲੜਨ ਦਾ ਫ਼ੈਸਲਾ ਤਾਂ ਕਰ ਲਿਆ ਪਰ ਸੂਬੇ ਵਿਚ ਉਨ੍ਹਾਂ ਦੀ ਰਾਜਨੀਤਕ ਹਾਜ਼ਰੀ ਪਾਰਟੀ ਲਈ ਬੇਹੱਦ ਜ਼ਰੂਰੀ ਹੈ। 4 ਮਹੀਨੇ ਪਹਿਲਾਂ ਮੁੱਖ ਮੰਤਰੀ ਅਹੁਦੇ ਦੇ ਪ੍ਰਬਲ ਦਾਅਵੇਦਾਰ ਬਣ ਕੇ ਉੱਭਰੇ ਸੁਨੀਲ ਜਾਖੜ ਨਾਲ ਪੰਜਾਬ ਦੇ ਰਾਜਨੀਤਕ ਮਾਹੌਲ ਬਾਰੇ ਗੱਲ ਕੀਤੀ ‘ਜਗ ਬਾਣੀ’ ਤੋਂ ਹਰੀਸ਼ਚੰਦਰ ਨੇ।
-ਤੁਸੀਂ ਚੋਣਾਂ ਦੇ ਸਮੇਂ ਹੀ 4 ਮਹੀਨੇ ਪਹਿਲਾਂ ਵਾਪਰੇ ਘਟਨਾਕ੍ਰਮ ਦਾ ਖ਼ੁਲਾਸਾ ਕਿਉਂ ਕੀਤਾ?
-ਇਸ ਵਿਚ ਚੋਣਾਂ ਦੇ ਸਮੇਂ ਜਿਹੀ ਕੋਈ ਗੱਲ ਨਹੀਂ। ਦਰਅਸਲ ਕਾਫ਼ੀ ਸਮੇਂ ਬਾਅਦ ਅਬੋਹਰ ਆਉਣਾ ਹੋਇਆ ਤਾਂ ਕਈ ਲੋਕਾਂ ਨੇ ਇਸ ਗੱਲ ’ਤੇ ਦੁੱਖ ਜਤਾਇਆ ਕਿ ਮੈਂ ਸਭ ਤੋਂ ਅੱਗੇ ਰਹਿਣ ਤੋਂ ਬਾਅਦ ਵੀ ਸੀ.ਐੱਮ. ਨਹੀਂ ਬਣ ਸਕਿਆ। ਉਦੋਂ ਮੈਂ ਕਿਹਾ ਕਿ ਦੁੱਖ ਤਾਂ ਹੋਣਾ ਹੀ ਨਹੀਂ ਚਾਹੀਦਾ। ਜਦੋਂ ਐੱਮ.ਐੱਲ.ਏ. ਨਾ ਹੁੰਦੇ ਅਤੇ ਪੀ.ਸੀ.ਸੀ. ਪ੍ਰਧਾਨ ਨਾ ਹੁੰਦੇ ਹੋਏ ਵੀ 79 ਵਿਚੋਂ 42 ਵਿਧਾਇਕਾਂ ਨੇ ਜੇਕਰ ਸੀ.ਐੱਮ. ਅਹੁਦੇ ਦੇ ਕਾਬਿਲ ਸਮਝਿਆ ਤਾਂ ਕਿਸੇ ਗੱਲ ਲਈ ਹੀ ਸਮਝਿਆ ਹੋਵੇਗਾ। ਇਹ ਮੇਰੇ ਲਈ ਫਖ਼ਰ ਅਤੇ ਮਾਣ ਸਨਮਾਨ ਵਾਲੀ ਗੱਲ ਹੈ ਕਿ ਮੇਰੇ ਵਿਚ ਵਿਧਾਇਕਾਂ ਨੇ ਵਿਸ਼ਵਾਸ ਜਤਾਇਆ। ਉਸ ਸਮੇਂ ਮੈਂ ਇਹ ਅੰਕੜੇ ਇੱਥੇ ਅਬੋਹਰ ਵਿਚ ਆਪਣੇ ਸਮਰਥਕਾਂ ਦੇ ਸਾਹਮਣੇ ਰੱਖੇ।
-ਜਦੋਂ ਤੁਹਾਡੇ ਹੱਕ ਵਿਚ ਇੰਨੇ ਵਿਧਾਇਕ ਸਨ ਤਾਂ ਮੁੱਖ ਮੰਤਰੀ ਬਣਨ ਵਿਚ ਅੜਚਨ ਕਿਉਂ ਆਈ?
-ਉਂਝ ਇਹ ਕੋਈ ਮਲਾਲ ਦੀ ਗੱਲ ਨਹੀਂ ਕਿ ਸੀ.ਐੱਮ. ਨਹੀਂ ਬਣ ਸਕਿਆ। ਮਲਾਲ ਤਾਂ ਇਸ ਗੱਲ ਦਾ ਹੈ ਕਿ ਮੇਰੇ ’ਤੇ ਭ੍ਰਿਸ਼ਟਾਚਾਰ, ਰੇਤਾ ਚੋਰੀ ਜਾਂ ਕਿਸੇ ਨਾਲ ਛੇੜਛਾੜ ਦਾ ਦੋਸ਼ ਲਗਾਉਂਦੇ। ਇਹ ਵੀ ਨਾ ਲਗਾਉਂਦੇ, ਇਹੀ ਕਹਿ ਦਿੰਦੇ ਕਿ ਤੁਸੀ ਵਿਧਾਇਕ ਨਹੀਂ ਹੋ ਇਸ ਲਈ ਮੁੱਖ ਮੰਤਰੀ ਨਹੀਂ ਬਣ ਸਕਦੇ। ਮੇਰੇ ਲਈ ਤਾਂ ਇਹੀ ਬੜਾ ਮਾਣ ਸੀ ਕਿ ਵਿਧਾਇਕਾਂ ਨੇ ਇੰਨਾ ਭਰੋਸਾ ਜਤਾਇਆ। ਪਰ ਇਹ ਦੋਸ਼ ਲਗਾ ਕੇ ਕਿ ਸੁਨੀਲ ਜਾਖੜ ਸਿੱਖ ਨਹੀਂ ਹਿੰਦੂ ਹੈ, ਮੇਰੀ ਦਿੱਲੀ ਵਿਚ ਖਿਲਾਫ਼ਤ ਕੀਤੀ ਗਈ। ਇਹ ਕਿਸੇ ਦਿੱਲੀ ਵਿਚ ਬੈਠੇ ਇਕ ਵਿਅਕਤੀ ਦੀ ਜਾਂ ਇੱਥੇ ਕੁਝ ਲੋਕਾਂ ਦੀ ਘਟੀਆ ਸੋਚ ਹੋ ਸਕਦੀ ਹੈ। ਪੰਜਾਬ ਨੇ ਮੈਨੂੰ ਕਦੇ ਇਹ ਅਹਿਸਾਸ ਨਹੀਂ ਕਰਾਇਆ ਕਿ ਮੈਂ ਦੂਜੇ ਦਰਜੇ ਦਾ ਨਾਗਰਿਕ ਹਾਂ। ਪੰਜਾਬ ਦੀ ਸੱਭਿਅਤਾ ਅਤੇ ਭਾਈਚਾਰੇ ਵਿਚ ਸੈਕੰਡ ਕਲਾਸ ਡੱਬਾ ਹੀ ਨਹੀਂ ਹੈ। ਇੱਥੇ ਸਾਰੇ ਫਰਸਟ ਕਲਾਸ ਸਿਟੀਜਨ ਹਨ। ਇਹ ਕਾਂਗਰਸ ਦੀ ਸੋਚ ਨਹੀਂ ਹੈ ਅਤੇ ਕਾਂਗਰਸ ਇਨ੍ਹਾਂ ਦੀ ਸੋਚ ਦਾ ਖਮਿਆਜ਼ਾ ਕਿਉਂ ਭੁਗਤੇ। ਇਹ ਇਨ੍ਹਾਂ ਦੀਆਂ ਕਮੀਆਂ ਅਤੇ ਹੀਣ ਭਾਵਨਾ ਹੈ। ਮੇਰਾ ਮੰਨਣਾ ਹੈ ਕਿ ਪੰਜਾਬ ਤੋਂ ਵੱਡਾ ਸੈਕੁਲਰ ਸੂਬਾ ਨਹੀਂ, ਕਾਂਗਰਸ ਤੋਂ ਵੱਡੀ ਸੈਕੂਲਰ ਪਾਰਟੀ ਨਹੀਂ ਅਤੇ ਰਾਹੁਲ ਗਾਂਧੀ ਤੋਂ ਵੱਡਾ ਕੋਈ ਸੈਕੁਲਰ ਨੇਤਾ ਨਹੀਂ।
-ਤਾਂ ਮਤਲਬ ਇਹ ਹੈ ਕਿ ਤੁਹਾਡੇ ਹੱਕ ਵਿਚ 42 ਵਿਧਾਇਕ ਹੋਣ ਦੇ ਬਾਵਜੂਦ 2 ਵਿਧਾਇਕਾਂ ਵਾਲੇ ਚੰਨੀ ਮੁੱਖ ਮੰਤਰੀ ਬਣ ਗਏ?
-ਮਲਾਲ ਇਹ ਹੈ ਕਿ ਵਿਧਾਇਕਾਂ ਅਤੇ ਕਾਂਗਰਸ ਦੇ ਲੋਕਾਂ ਦੇ ਫ਼ੈਸਲੇ ਨੂੰ ਇਨ੍ਹਾਂ ਕੁੱਝ ਲੋਕਾਂ ਨੇ ਪ੍ਰਭਾਵਿਤ ਕੀਤਾ। ਇਨ੍ਹਾਂ ਨੇ ਰਾਹੁਲ ਨੂੰ ਕਿਹਾ ਕਿ ਸੁਨੀਲ ਨੂੰ ਬਣਾਇਆ ਤਾਂ ਪੰਜਾਬ ਵਿਚ ਅੱਗ ਲੱਗ ਜਾਵੇਗੀ, ਪਾਰਟੀ ਹਾਰ ਜਾਵੇਗੀ। ਰਾਹੁਲ ਦਾ ਰਿਐਕਸ਼ਨ ਸੀ ਕਿ ਸੁਨੀਲ ਮੇਰੇ ਕਹਿਣੇ ਤੋਂ ਬਾਹਰ ਨਹੀਂ ਹਨ। ਉਨ੍ਹਾਂ ਨੇ ਪੰਜਾਬ ਨੂੰ ਵੇਖਦਿਆਂ ਸਹੀ ਫ਼ੈਸਲਾ ਲਿਆ। ਇਕ ਪਰਿਪੱਕ ਫ਼ੈਸਲਾ, ਜਿਸ ਵਿਚ ਇਕ ਗ਼ਰੀਬ, ਅਨੁਸੂਚਿਤ ਪਰਿਵਾਰ ਨੂੰ ਮੁੱਖ ਮੰਤਰੀ ਦਾ ਮੌਕਾ ਦਿੱਤਾ ਗਿਆ। ਉਸ ਇਤਿਹਾਸਕ ਫ਼ੈਸਲੇ ਦੀ ਚਮਕ, ਇਸ ਛੋਟੀ ਸੋਚ ਵਾਲੇ ਕਾਂਗਰਸੀਆਂ ਨੇ ਮੱਧਮ ਕਰ ਦਿੱਤੀ ਹੈ। ਜੋ ਉੱਚੇ ਅਹੁਦਿਆਂ ’ਤੇ ਪਹੁੰਚ ਗਏ।
-ਤਾਂ ਇਸ ਵਾਰ ਤੁਹਾਡੇ ਚੋਣ ਨਾ ਲੜਨ ਪਿੱਛੇ ਕੀ ਇਹੀ ਨਰਾਜ਼ਗੀ ਹੈ ਕਿ ਤੁਹਾਨੂੰ ਪਾਰਟੀ ਦੇ ਕੁੱਝ ਨੇਤਾਵਾਂ ਦੀ ਰਾਜਨੀਤੀ ਨਾਲ ਸਦਮਾ ਪਹੁੰਚਿਆ ਹੈ।
-ਨਰਾਜ਼ਗੀ ਨਹੀਂ ਹੈ, ਜਦੋਂ ਇਹ ਸਭ ਹੋਇਆ ਉਦੋਂ ਰਾਹੁਲ ਗਾਂਧੀ ਨੇ ਮੈਨੂੰ ਡਿਪਟੀ ਸੀ.ਐੱਮ. ਦਾ ਅਹੁਦਾ ਆਫ਼ਰ ਕੀਤਾ ਸੀ, ਉਦੋਂ ਮੈਂ ਕਹਿ ਦਿੱਤਾ ਸੀ ਕਿ ਜੋ ਲੋਕ ਇਸ ਨਜ਼ਰ ਨਾਲ ਵੇਖਦੇ ਹਨ ਕਿ ਸੁਨੀਲ ਪੰਜਾਬ ਵਿਚ ਅੱਗ ਲਗਾ ਦੇਵੇਗਾ ਤਾਂ ਮੈਂ ਅਜਿਹੇ ਲੋਕਾਂ ਦੇ ਨਾਲ ਕੰਮ ਨਹੀਂ ਕਰ ਸਕਦਾ। ਜਿਨ੍ਹਾਂ ਨੂੰ ਅਹੁਦਾ ਚਾਹੀਦਾ ਹੈ, ਉਹ ਹੋਰ ਲੋਕ ਹੋਣਗੇ, ਮੈਨੂੰ ਅਜਿਹੀ ਕੋਈ ਲਾਲਸਾ ਨਹੀਂ ਹੈ।
-ਚਰਨਜੀਤ ਸਿੰਘ ਚੰਨੀ ਦੋ ਸੀਟਾਂ ਤੋਂ ਚੋਣ ਲੜ ਰਹੇ ਹਨ, ਕੀ ਪਾਰਟੀ ਨੇ ਉਨ੍ਹਾਂ ਨੂੰ ਸੀ.ਐੱਮ. ਦੇ ਤੌਰ ’ਤੇ ਪ੍ਰੋਜੈਕਟ ਕਰ ਦਿੱਤਾ ਹੈ?
-ਤੌਰ ਦੀ ਗੱਲ ਹੀ ਨਹੀਂ ਹੈ, ਹੁਣ ਸਰਵੇ ਹੋ ਰਿਹਾ ਹੈ, ਮੇਰੇ ਤੋਂ ਰਾਇ ਲੈਣਗੇ ਤਾਂ ਕਹਾਂਗਾ ਕਿ ਜਦੋਂ ਫ਼ੈਸਲਾ ਲੈ ਲਿਆ ਤਾਂ ਕੋਈ ਕਿੰਤੂ-ਪਰੰਤੂ ਨਹੀਂ ਹੋਣਾ ਚਾਹੀਦਾ। ਪਹਿਲੀ ਗੱਲ ਤਾਂ ਇਹ ਕਿ ਮੁੱਖ ਮੰਤਰੀ ਅਹੁਦੇ ਨੂੰ ਲੈ ਕੇ ਸਵਾਲ ਹੀ ਨਹੀਂ ਉਠਣਾ ਚਾਹੀਦਾ ਸੀ। ਇਹ ਦੋਵੇਂ ਨੇਤਾ ਹੀ ਰਾਹੁਲ ਗਾਂਧੀ ਦੇ ਨਾਲ ਸਨ, ਜਦੋਂ ਉਹ ਅੰਮ੍ਰਿਤਸਰ ਤੋਂ ਜਲੰਧਰ ਆਏ। ਦੋਵਾਂ ਨੇ ਹੀ ਕਿਹਾ ਕਿ ਸੀ.ਐੱਮ. ਫੇਸ ਦਾ ਫ਼ੈਸਲਾ ਕਰਕੇ ਜਾਓ। ਰਾਹੁਲ ਨੇ ਵੀ ਸਟੇਜ ਤੋਂ ਕਹਿ ਦਿੱਤਾ ਕਿ ਪੰਜਾਬ ਦੇ ਲੋਕ ਚਾਹੁੰਦੇ ਹਨ ਤਾਂ ਛੇਤੀ ਹੀ ਸੀ.ਐੱਮ. ਫੇਸ ਐਲਾਨਿਆ ਜਾਵੇਗਾ। ਮੇਰਾ ਇਹ ਮੰਨਣਾ ਹੈ ਕਿ ਰੋਜ਼-ਰੋਜ਼ ਸੀ.ਐੱਮ. ਦੇ ਫ਼ੈਸਲੇ ਨਹੀਂ ਹੁੰਦੇ। ਤੁਸੀਂ ਜੇਕਰ ਉਸ ਨੂੰ ਮੌਕਾ ਦਿੱਤਾ ਹੈ ਤਾਂ ਇਹ ਵਧੀਆ ਰਾਜਨੀਤਿਕ ਫ਼ੈਸਲਾ ਹੈ । 4 ਮਹੀਨੇ ਦਾ ਸਮਾਂ ਥੋੜ੍ਹਾ ਹੁੰਦਾ ਹੈ ਹੁਣ ਉਸ ਨੂੰ ਹੋਰ ਮੌਕਾ ਦਿਓ। ਲੜਾਈ ਦੇ ਮੈਦਾਨ ਵਿਚ ਘੋੜੇ ਨਹੀਂ ਬਦਲੇ ਜਾਂਦੇ। ਇਸ ਮੌਕੇ ਫ਼ੈਸਲਾ ਨਹੀਂ ਬਦਲਿਆ, ਅੱਗੇ ਜੇਕਰ ਸਾਲ-ਦੋ ਸਾਲ ਵਿਚ ਪਰਫਾਰਮ ਨਹੀਂ ਕਰਦੇ ਤਾਂ ਬੇਸ਼ੱਕ ਬਦਲ ਦਿੱਤਾ ਜਾਵੇ। ਅਜਿਹੇ ਮੌਕੇ ਮੁੱਖ ਮੰਤਰੀ ਦਾ ਚਿਹਰਾ ਬਦਲਣਾ, ਰਾਜਨੀਤਿਕ ਪਰਿਪੱਕਤਾ ਨਹੀਂ ਹੋਵੇਗੀ, ਜਿਵੇਂ ਹੈ ਉਸ ਫ਼ੈਸਲੇ ਨੂੰ ਹੀ ਸਿਰੇ ਚੜ੍ਹਾਓ। ਮੇਰੇ ਜਾਂ ਕਿਸੇ ਦੇ ਵੀ ਮਤਭੇਦ ਰਹੇ ਹੋਣ, ਪੰਜਾਬ ਅਤੇ ਕਾਂਗਰਸ ਦੀ ਬਿਹਤਰੀ ਲਈ ਉਸ ਨੂੰ ਹੀ ਕੰਮ ਕਰਨ ਦਿਓ।
-ਪੰਜਾਬ ਵਿਚ ਸੀ.ਐੱਮ. ਫੇਸ ਕਾਂਗਰਸ ਲਈ ਹੋਣਾ ਚਾਹੀਦਾ ਹੈ ਜਾਂ ਨਹੀਂ?
-ਮੇਰਾ ਮੰਨਣਾ ਹੈ ਕਿ ਚੰਨੀ ਹੀ ਮੁੱਖ ਮੰਤਰੀ ਦਾ ਚਿਹਰਾ ਹੈ, ਸੀ.ਐੱਮ. ਉਹ ਹਨ, ਸੀ.ਐੱਮ. ਫੇਸ ਕੋਈ ਹੋਰ ਹੋਵੇ, ਕੀ ਅਜਿਹਾ ਹੋ ਸਕਦਾ ਹੈ? ਅਤੇ ਜਦੋਂ ਦੋਵਾਂ ਨੇ ਹੀ ਮੰਗ ਉਠਾ ਲਈ ਹੈ ਤਾਂ ਹੁਣ ਰਾਹੁਲ ਨੂੰ ਕਹਿ ਦੇਣਾ ਚਾਹੀਦਾ ਹੈ ਕਿ ਚੰਨੀ ਹੀ ਸਾਡਾ ਸੀ.ਐੱਮ. ਫੇਸ ਹੋਵੇਗਾ। ਇਸ ਵਿਚ ਰਾਜਨੀਤਿਕ ਤੌਰ ’ਤੇ ਵੀ ਘਬਰਾਉਣ ਦੀ ਗੱਲ ਨਹੀਂ ਹੈ ਕਿਉਂਕਿ ਉਨ੍ਹਾਂ ਦੋਵਾਂ ਨੇ ਹੀ ਕਿਹਾ ਹੈ ਕਿ ਸੀ.ਐੱਮ. ਫੇਸ ਐਲਾਨ ਕਰੋ, ਜੋ ਫ਼ੈਸਲਾ ਪਾਰਟੀ ਲਵੇਗੀ, ਉਸ ਨੂੰ ਮਨਜ਼ੂਰ ਕਰਾਂਗੇ। ਹੁਣ ਉਨ੍ਹਾਂ ਦੀ ਗੱਲ ’ਤੇ ਭਰੋਸਾ ਕਰਨਾ ਚਾਹੀਦਾ ਹੈ। ਮੈਨੂੰ ਪੂਰਾ ਭਰੋਸਾ ਹੈ ਕਿ ਦੋਵੇਂ ਪਾਰਟੀ ਦੇ ਸੱਚੇ ਸਿਪਾਹੀ ਹਨ ਅਤੇ ਮਿਲਕੇ ਚੱਲਣਗੇ।
-ਚੋਣਾਂ ਦੇ ਸਮੇਂ ਪਾਰਟੀ ਦੇ ਕਈ ਨੇਤਾ ਛੱਡ ਕੇ ਚਲੇ ਗਏ ਹਨ ਤਾਂ ਕੁੱਝ ਖ਼ੁਦ ਜਾਂ ਆਪਣੇ ਪਰਿਵਾਰ ਨੂੰ ਪਾਰਟੀ ਉਮੀਦਵਾਰਾਂ ਖ਼ਿਲਾਫ਼ ਉਤਾਰ ਚੁੱਕੇ ਹਨ, ਇਸ ਨਾਲ ਕਿੰਨਾ ਨੁਕਸਾਨ ਹੋਵੇਗਾ?
-ਹਰ ਵਾਰ ਹੀ ਅਜਿਹੇ ਹਾਲਾਤ ਬਣਦੇ ਹਨ, ਇਸ ਨਾਲ ਮਨ ਦੁਖਦਾ ਹੈ। ਮੈਂ ਤਾਂ ਚੋਣ ਕਮੇਟੀ ਦੀ ਬੈਠਕ ਵਿਚ ਵੀ ਕਿਹਾ ਸੀ ਕਿ ਉਮੀਦਵਾਰ ਚੁਣਨ ਦੀ ਪ੍ਰਕਿਰਿਆ ਸਾਲ ਭਰ ਪਹਿਲਾਂ ਸ਼ੁਰੂ ਹੋਣੀ ਚਾਹੀਦੀ ਹੈ, ਜਿਵੇਂ ਹਾਲ ਹੀ ਵਿਚ ਮੁੱਖ ਮੰਤਰੀ ਬਦਲਣ ਦਾ ਘਟਨਾਕ੍ਰਮ ਹੋਇਆ, ਜੇਕਰ ਸਾਲ ਭਰ ਪਹਿਲਾਂ ਮਸਲਾ ਉੱਠਦਾ ਤਾਂ ਗੱਲਬਾਤ ਨਾਲ ਕੰਮ ਚੱਲ ਜਾਂਦਾ। ਸਮਾਂ ਰਹਿੰਦੇ ਮਸਲਾ ਸੁਲਝ ਵੀ ਜਾਂਦਾ। ਹੁਣ ਅੱਗੇ ਲਈ ਜ਼ਰੂਰੀ ਹੈ ਕਿ ਸਿਟਿੰਗ ਐੱਮ.ਐੱਲ.ਏ. ਦੇ ਕੰਮ ਦਾ ਰਿਵਿਊ ਹੋਵੇ ਜੇਕਰ ਕੋਈ ਹੋਰ ਦਾਅਵੇਦਾਰ ਹੈ ਤਾਂ ਉਸ ’ਤੇ ਵੀ ਚਰਚਾ ਹੋਵੇ। ਜਿਸ ਨਾਲ ਪਾਰਟੀ ਨੂੰ ਕੋਈ ਠੋਸ ਫ਼ੈਸਲਾ ਕਰਨ ਲਈ ਸਮਾਂ ਮਿਲ ਜਾਵੇ।