ਅੰਮ੍ਰਿਤਸਰ ਉੱਤਰੀ ਤੋਂ ‘ਆਪ’ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪਣੀ ਹੀ ਸਰਕਾਰ ’ਤੇ ਵਰ੍ਹਦਿਆ ਦੋਸ਼ ਲਗਾਇਆ ਕਿ ਉਹ ਰਾਜਨੀਤੀ-ਪੁਲੀਸ-ਸ਼ਰਾਬ ਮਾਫੀਆ ਗਠਜੋੜ ਨੂੰ ਰੋਕਣ ਵਿਚ ਅਸਫਲ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਦੇ ਰਾਜ ਦੌਰਾਨ 2020 ਵਿਚ ਮਾਝਾ ਖੇਤਰ ਵਿਚ ਹੋਏ ਜ਼ਹਿਰੀਲੀ ਸ਼ਰਾਬ ਕਾਂਡ ਨੂੰ ਯਾਦ ਕਰਦੇ ਹੋਏ, ਕੁੰਵਰ ਨੇ ਦੱਸਿਆ ਕਿ ਮਾਨ ਨੇ ਉਸ ਸਮੇਂ ਦੇ ਮੁੱਖ ਮੰਤਰੀ ਨੂੰ ਜ਼ਿੰਮੇਵਾਰ ਠਹਿਰਾਇਆ ਸੀ ਅਤੇ ਮੰਗ ਕੀਤੀ ਸੀ ਕਿ ਉਨ੍ਹਾਂ ਵਿਰੁੱਧ ਕਤਲ ਦਾ ਕੇਸ ਦਰਜ ਕੀਤਾ ਜਾਵੇ।
ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨ ਬਾਰੇ ਸਬੂਤ ਉਨ੍ਹਾਂ ਕੋਲ ਹੋਣ ਸਬੰਧੀ ਦੱਸਦਿਆਂ ਵਿਧਾਇਕ ਨੇ ਕਿਹਾ, “ਹੁਣ ਆਪਣੇ ਸ਼ਬਦਾਂ ’ਤੇ ਖਰਾ ਉੱਤਰੋ।’’
ਇਕ ਸੰਗਠਿਤ ਨੈੱਟਵਰਕ ਰਾਹੀਂ ਜ਼ਹਿਰੀਲੀ ਸ਼ਰਾਬ ਦੀ ਆਸਾਨੀ ਨਾਲ ਉਪਲਬਧ ਹੋਣ ਬਾਰੇ ਪਰਦਾਫਾਸ਼ ਕਰਦੇ ਹੋਏ ਕੁੰਵਰ ਨੇ ਭਗਵੰਤ ਮਾਨ ਦੇ ਜੱਦੀ ਜ਼ਿਲ੍ਹੇ ਸੰਗਰੂਰ ਵਿਚ ਵਾਪਰੇ ਇਕ ਅਜਿਹੇ ਹੀ ਦੁਖਾਂਤ ਨੂੰ ਵੀ ਦੁਹਰਾਇਆ। ਜਦੋਂ ਮਾਰਚ 2024 ਵਿਚ ਸੰਗਰੂਰ ’ਚ ਨਕਲੀ ਸ਼ਰਾਬ ਕਾਰਨ ਲਗਪਗ 20 ਵਿਅਕਤੀਆਂ ਦੀ ਮੌਤ ਹੋ ਗਈ ਸੀ। ਦੋਵਾਂ ਮਾਮਲਿਆਂ ਦਾ ਹਾਲੇ ਤਕ ਨਿਬੇੜਾ ਨਹੀਂ ਹੋਇਆ।
ਜ਼ਿਕਰਯੋਗ ਹੈ ਕਿ ਵਿਧਾਇਕ ਕੁੰਵਰ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਮਜੀਠਾ ਖੇਤਰ ਦੇ ਭੰਗਾਲੀ ਪਿੰਡ ਦਾ ਦੌਰਾ ਕੀਤਾ ਜਿੱਥੇ ਜ਼ਹਿਰੀਲੀ ਸ਼ਰਾਬ ਪੀਣ ਤੋਂ ਬਾਅਦ 24 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਸਰਕਾਰੀ ਹਸਪਤਾਲ ਵਿਚ ਇਲਾਜ ਅਧੀਨ ਹਨ। ਇਸ ਦੌਰਾਨ ਕਾਰਵਾਈ ਨਾਲ ਅਸੰਤੁਸ਼ਟੀ ਪ੍ਰਗਟ ਕਰਦੇ ਹੋਏ ਉਨ੍ਹਾਂ ਕਿਹਾ ਕਿ ਸਿਰਫ਼ ਹੇਠਲੇ ਪੱਧਰ ਦੇ ਪੁਲੀਸ ਅਧਿਕਾਰੀਆਂ ਨੂੰ ਮੁਅੱਤਲ ਕਰਨ ਨਾਲ ਕੋਈ ਨਤੀਜਾ ਨਹੀਂ ਨਿਕਲੇਗਾ ਅਤੇ ਉਨ੍ਹਾਂ ਸਖ਼ਤ ਕਾਰਵਾਈ ਦੀ ਮੰਗ ਕੀਤੀ।
ਪੀੜਤ ਪਰਿਵਾਰਾਂ ਨੂੰ ਮੁਆਵਜ਼ੇ ਦੇ ਚੈੱਕ ਵੰਡਣ ਦੇ ਸਰਕਾਰ ਦੇ ਕਦਮ ’ਤੇ ਉਨ੍ਹਾਂ ਤਨਜ਼ ਕਸਿਆ। ਕੁੰਵਰ ਵਿਜੈ ਪ੍ਰਤਾਪ ਨੇ ਕਿਹਾ ਕਿ ਜਦੋਂ ਉਨ੍ਹਾਂ 2021 ਵਿਚ ‘ਆਪ’ ’ਚ ਸ਼ਾਮਲ ਹੋਣ ਲਈ ਪੁਲੀਸ ਦੀ ਨੌਕਰੀ ਛੱਡੀ ਸੀ, ਤਾਂ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਉਦੋਂ ਕਿਹਾ ਸੀ, “ਹੁਣ ਸਾਡੇ ਨਾਲ ਕੁੰਵਰ ਵਿਜੈ ਪ੍ਰਤਾਪ ਵਰਗੇ ਅਧਿਕਾਰੀ ਹਨ ਅਤੇ ਹੁਣ ਗੈਂਗਸਟਰਾਂ ਅਤੇ ਮਾਫੀਆ ਲਈ ਕੋਈ ਜਗ੍ਹਾ ਨਹੀਂ ਹੋਵੇਗੀ’’ ਪਰ ਇਸ ਦੇ ਉਲਟ ਇਸ ਸਰਕਾਰ ਦੇ ਅਧੀਨ ਮਾਫੀਆ-ਪੁਲੀਸ ਗਠਜੋੜ ਖੁੱਲ੍ਹ ਕੇ ਚੱਲ ਰਿਹਾ ਹੈ।
ਕੁੰਵਰ ਨੇ ਕਿਹਾ, ‘‘ਮੈਂ ਇਸ ਮਾਮਲੇ ’ਤੇ ਵਿਸ਼ੇਸ਼ ਸੈਸ਼ਨ ਲਈ ਸਪੀਕਰ ਦੇ ਧਿਆਨ ਵਿਚ ਲਿਆਵਾਗਾਂ।’’ ਉਨ੍ਹਾਂ ਕਿਹਾ ਕਿ ਕਾਰਵਾਈ ਇਸ ਤਰੀਕੇ ਨਾਲ ਕੀਤੀ ਜਾਣੀ ਚਾਹੀਦੀ ਹੈ ਕਿ ਰਾਜਨੀਤੀ-ਪੁਲੀਸ-ਮਾਫੀਆ ਗਠਜੋੜ ਦਾ ਪਰਦਾਫਾਸ਼ ਕੀਤਾ ਜਾਵੇ।