ਲੁਧਿਆਣਾ, , 25 ਦਸੰਬਰ (ਬਿਊਰੋ)- ਲੁਧਿਆਣਾ ਕੋਰਟ ਬਲਾਸਟ ਵਿਚ ਮਰਨ ਵਾਲੇ ਵਿਅਕਤੀ ਦੀ ਸ਼ਨਾਖਤ ਹੁੰਦੇ ਸਾਰ ਹੀ ਕੱਲ NIA ਦੀ ਟੀਮ ਖੰਨਾ ਸਥਿਤ ਗਗਨ ਦੇ ਘਰ ਪਹੁੰਚੀ ਤੇ ਕਈ ਘੰਟੇ ਘਰ ਦੀ ਤਲਾਸ਼ੀ ਲਈ ਤੇ ਹੋਰ ਜਾਂਚ ਕੀਤੀ। ਉਸ ਤੋਂ ਬਾਅਦ ਦੇਰ ਰਾਤ ਪੁਲਿਸ ਗਗਨਦੀਪ ਦੇ ਭਰਾ ਨੂੰ ਜਾਂਚ ਅਤੇ ਪੁੱਛਗਿੱਛ ਲਈ ਆਪਣੇ ਨਾਲ ਲੈ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਗਗਨ ਬਤੌਰ ਮੁਨਸ਼ੀ ਸਦਰ ਥਾਣਾ ਖੰਨਾ ਵਿਚ ਤਾਇਨਾਤ ਸੀ ਤੇ ਸਾਲ 2019 ਵਿਚ STF ਵੱਲੋਂ ਉਸਦੇ ਕੋਲੋ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ ਸੀ। ਜਿਸ ਤੋਂ ਬਾਅਦ ਉਹ 2 ਸਾਲ ਲੁਧਿਆਣਾ ਜੇਲ ਵਿਚ ਵੀ ਰਿਹਾ ਤੇ ਕੁਝ ਮਹੀਨੇ ਪਹਿਲਾਂ ਹੀ ਬੇਲ ‘ਤੇ ਬਾਹਰ ਆਇਆ ਸੀ। ਰਿਪੋਰਟਾਂ ਮੁਤਾਬਕ ਜਾਂਚ ਟੀਮ ਨੂੰ ਧਮਾਕੇ ਵਾਲੀ ਥਾਂ ਤੋਂ ਡੋਂਗਲ ਮਿਲਿਆ ਹੈ ਅਤੇ ਉਸ ਦੀ ਮਦਦ ਨਾਲ ਗਗਨ ਦੇ ਘਰ ਦੀ ਲੋਕੇਸ਼ਨ ਟਰੇਸ ਕੀਤੀ ਗਈ ਹੈ। ਇਹ ਵੀ ਪਤਾ ਲੱਗਾ ਹੈ ਕਿ ਉਸ ਥਾਂ ‘ਤੇ ਵੱਡਾ ਧਮਾਕਾ ਕਰਨ ਦੀ ਯੋਜਨਾ ਸੀ ,ਕਿਉੰਕਿ ਦੂਜੀ ਮੰਜ਼ਿਲ ‘ਤੇ ਹੀ ਅਦਾਲਤ ਸੀ, ਜਿੱਥੇ ਗਗਨ ਦੀ ਪੇਸ਼ੀ ਹੁੰਦੀ ਸੀ ਤੇ ਓਥੇ ਹੀ ਉਸਦਾ ਰਿਕਾਰਡ ਰੂਮ ਸੀ।
ਇਸੇ ਲਈ ਉਸਦੇ ਵੱਲੋਂ ਦੂਜੀ ਮੰਜ਼ਿਲ ਨੂੰ ਨਿਸ਼ਾਨਾ ਬਣਾਇਆ ਗਿਆ ਤਾਂਕਿ ਕਿ ਰਿਕਾਰਡ ਸਮੇਤ ਪੂਰੀ ਮੰਜ਼ਿਲ ਨੂੰ ਹੀ ਉਡਾ ਦਿੱਤਾ ਜਾਵੇ ਪਰ ਬੰਬ ਇੰਸਟਾਲ ਕਰਦੇ ਸਮੇਂ ਹੀ ਕਿਸੇ ਗਲਤੀ ਕਰਕੇ ਓਹ ਬਲਾਸਟ ਹੋ ਗਿਆ ,ਜਿਸਦੇ ਵਿਚ ਗਗਨ ਦੀ ਮੌਤ ਹੋ ਗਈ। ਜਿਸ ਦਿਨ ਬਲਾਸਟ ਹੋਇਆ ਉਸ ਤੋਂ ਕੁਝ ਦਿਨ ਪਹਿਲਾਂ ਹੀ ਇਸਦੀ ਪੇਸ਼ੀ ਹੋਈ ਸੀ ਤੇ ਮਾਮਲਾ ਦਾ ਫ਼ੈਸਲਾ ਆਉਣਾ ਬਾਕੀ ਸੀ। ਇਸੇ ਲਈ ਇਹ ਪਲਾਨਿੰਨ ਕੀਤੀ ਗਈ ਸੀ। ਓਧਰ ਹੁਣ ਇਸ ਮਾਮਲੇ ਦੇ ਤਾਰ ਲੁਧਿਆਣਾ ਜੇਲ੍ਹ ਨਾਲ ਵੀ ਜੁੜਦੇ ਨਜ਼ਰ ਆ ਰਹੇ ਨੇ ਕਿਉੰਕਿ ਜਲਾਲਾਬਾਦ ਬਾਈਕ ਬਲਾਸਟ ਦੇ ਮੁਲਜ਼ਮ ਵੀ ਇਸੇ ਜੇਲ ਵਿਚ ਬੰਦ ਨੇ ਤੇ ਗਗਨ ਵੀ ਓਥੇ ਹੀ ਕਰੀਬ 2 ਸਾਲ ਰਿਹਾ ਸੀ। ਪੁਲਿਸ ਨੇ ਫ਼ਿਲਹਾਲ ਗਗਨ ਦੇ ਘਰੋਂ ਲੈਪਟਾਪ ਅਤੇ ਮੋਬਾਈਲ ਤੇ ਕੁਝ ਨਕਦੀ ਨੂੰ ਜ਼ਬਤ ਕਰ ਲਿਆ ਹੈ। ਪੁਲਿਸ ਅਜੇ ਵੀ ਗਗਨ ਦੇ ਘਰ ਮੌਜੂਦ ਹੈ ਅਤੇ ਅੰਦਰੋਂ ਜਾਂ ਬਾਹਰੋਂ ਕਿਸੇ ਨੂੰ ਵੀ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੈ।