ਅੰਮ੍ਰਿਤਸਰ, 25 ਜਨਵਰੀ (ਬਿਊਰੋ)- ਡਰੱਗ ਮਾਮਲੇ ਵਿਚ ਫਸੇ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਗ੍ਰਿਫ਼ਤਾਰ ਕਰਨ ਲਈ ਪੰਜਾਬ ਪੁਲਸ ਵਲੋਂ ਮਜੀਠੀਆ ਦੇ ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਕਲੋਨੀ ਵਿਚ ਸਥਿਤ ਘਰ ਵਿਚ ਛਾਪੇਮਾਰੀ ਕੀਤੀ ਹੈ। ਸੂਤਰਾਂ ਮੁਤਾਬਕ ਪੁਲਸ ਅਜੇ ਤਕ ਮਜੀਠੀਆ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ ਹੈ। ਬੀਤੇ ਦਿਨੀਂ ਪੰਜਾਬ ਹਰਿਆਣਾ ਹਾਈਕੋਰਟ ਨੇ ਬਿਕਰਮ ਮਜੀਠੀਆ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਖਾਰਜ ਕਰ ਦਿੱਤੀ ਸੀ, ਉਸ ਤੋਂ ਬਾਅਦ ਹੀ ਮਜੀਠੀਆ ਮੁੜ ਰੂਪੋਸ਼ ਹੋ ਗਏ ਹਨ। ਬੀਤੇ ਦਿਨੀਂ ਹਾਈਕੋਰਟ ਵਿਚ ਹੋਈ ਸੁਣਵਾਈ ਦੌਰਾਨ ਪੰਜਾਬ ਪੁਲਸ ਨੇ ਕਿਹਾ ਕਿ ਮਜੀਠੀਆ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕਰਨੀ ਜ਼ਰੂਰੀ ਹੈ। ਇਸ ਤੋਂ ਪਹਿਲਾਂ ਪੰਜਾਬ-ਹਰਿਆਣਾ ਹਾਈ ਕੋਰਟ ਨੇ ਦੋਵੇਂ ਪੱਖਾਂ ਦੀ ਬਹਿਸ ਹੋਣ ਮਗਰੋਂ ਫ਼ੈਸਲਾ ਰਿਜ਼ਰਵ ਰੱਖ ਲਿਆ ਸੀ। ਫਿਰ ਅਦਾਲਤ ਨੇ ਇਹ ਫੈਸਲਾ ਸੁਣਾਇਆ।
ਪੁਲਸ ਵੱਲੋਂ ਡਰੱਗ ਕੇਸ ਵਿਚ ਮਜੀਠੀਆ ਖ਼ਿਲਾਫ਼ ਐੱਫ. ਆਈ. ਆਰ. ਦਰਜ ਕੀਤੀ ਗਈ ਸੀ। ਉਸ ਮਗਰੋਂ ਮਜੀਠੀਆ ਰੂਪੋਸ਼ ਹੋ ਗਏ ਸਨ ਅਤੇ ਪੰਜਾਬ ਪੁਲਸ ਵੱਲੋਂ ਦਾਅਵਾ ਕੀਤਾ ਗਿਆ ਸੀ। 10 ਜਨਵਰੀ ਨੂੰ ਬਿਕਰਮ ਸਿੰਘ ਮਜੀਠੀਆ ਨੂੰ ਅਦਾਲਤ ਵੱਲੋਂ ਅਗਾਊਂ ਜ਼ਮਾਨਤ ਮਿਲੀ ਸੀ ਜਿਸ ਮਗਰੋਂ ਉਹ ਮੀਡੀਆ ਦੇ ਸਾਹਮਣੇ ਆਏ ਸਨ। ਇਸ ਦੌਰਾਨ ਉਨ੍ਹਾਂ ਕਿਹਾ ਸੀ ਕਿ ਉਹ ਕਿਤੇ ਵੀ ਭੱਜੇ ਨਹੀਂ ਸਨ, ਸਗੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਪਤਾ ਵੀ ਸੀ ਕਿ ਉਹ ਕਿੱਥੇ ਸਨ। ਉਧਰ ਅਕਾਲੀ ਦਲ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਹਾਈਕੋਰਟ ਦਾ ਫ਼ੈਸਲਾ ਮਨਜ਼ੂਰ ਹੈ ਅਤੇ ਉਨ੍ਹਾਂ ਦੀ ਕਾਨੂੰਨੀ ਲੜਾਈ ਜਾਰੀ ਰਹੇਗੀ।