ਸ਼੍ਰੀਨਗਰ, 25 ਜਨਵਰੀ (ਬਿਊਰੋ)- ਸੀਮਾ ਸੁਰੱਖਿਆ ਬਲ (ਬੀ. ਐੱਸ. ਐੱਫ.) ਕਸ਼ਮੀਰ ਫਰੰਟੀਅਰ ਦੇ ਇੰਸਪੈਕਟਰ ਜਨਰਲ ਰਾਜਾ ਬਾਬੂ ਸਿੰਘ ਨੇ ਸੋਮਵਾਰ ਨੂੰ ਕਿਹਾ ਕਿ ਸਰਹੱਦ ਪਾਰ ਲਗਭਗ 135 ਅੱਤਵਾਦੀ ਭਾਰਤ ’ਚ ਘੁਸਪੈਠ ਕਰਨ ਲਈ ਤਿਆਰ ਬੈਠੇ ਹਨ। ਬੀ. ਐੱਸ. ਐੱਫ. ਅਧਿਕਾਰੀ ਨੇ ਕਿਹਾ, ‘‘ਐੱਲ. ਓ. ਸੀ. ’ਤੇ ਕੁਲ ਮਿਲਾ ਕੇ ਹਾਲਤ ਸ਼ਾਂਤੀਪੂਰਨ ਹਨ। ਉਨ੍ਹਾਂ ਕਿਹਾ ਕਿ 2021 ’ਚ ਅਜਿਹੀਆਂ 58 ਘਟਨਾਵਾਂ ਸਾਹਮਣੇ ਆਈਾਂ ਸਨ, ਜਿਨ੍ਹਾਂ ’ਚ 5 ਅੱਤਵਾਦੀ ਮਾਰੇ ਗਏ, 21 ਵਾਪਸ ਦੌੜ ਗਏ ਅਤੇ ਇਕ ਨੇ ਆਤਮ-ਸਮਰਪਣ ਕੀਤਾ। ਇੰਸਪੈਕਟਰ ਜਨਰਲ (ਆਈ. ਜੀ.) ਨੇ ਕਿਹਾ, ‘‘2021 ’ਚ ਘੁਸਪੈਠ ਦੀਆਂ 31, 2019 ’ਚ 130 ਅਤੇ 2020 ’ਚ 36 ਘਟਨਾਵਾਂ ਹੋਈਆਂ ਹਨ।’’
ਉਨ੍ਹਾਂ ਕਿਹਾ ਕਿ 2021 ਦੌਰਾਨ ਬੀ. ਐੱਸ. ਐੱਫ. ਨੇ ਵੱਖ-ਵੱਖ ਘਟਨਾਵਾਂ ’ਚ 3 ਏ. ਕੇ.-47 ਰਾਈਫਲਾਂ, 6 ਪਿਸਟਲ , 20 ਹੱਥ ਗੋਲੇ, 2 ਆਈ. ਈ. ਡੀ. ਅਤੇ 17.3 ਕਿੱਲੋਗ੍ਰਾਮ ਹੈਰੋਇਨ ਜ਼ਬਤ ਕੀਤੀ। ਉਨ੍ਹਾਂ ਕਿਹਾ ਕਿ ਕੰਟਰੋਲ ਰੇਖਾ ਦੇ ਪਾਰ ਵੱਖ-ਵੱਖ ਲਾਂਚ ਪੈਡਾਂ ’ਤੇ 135 ਅੱਤਵਾਦੀ ਮੌਜੂਦ ਹਨ ਅਤੇ ਘੁਸਪੈਠ ਦੀ ਫਿਰਾਕ ’ਚ ਬੈਠੇ ਹਨ। ਆਈ. ਜੀ. ਨੇ ਕਿਹਾ ਕਿ ਫੌਜ ਅਤੇ ਬੀ. ਐੱਸ. ਐੱਫ. ਵਿਚਾਲੇ ਕਾਫ਼ੀ ਤਾਲਮੇਲ ਹੈ। ਉਨ੍ਹਾਂ ਕਿਹਾ, ‘‘ਜਿੰਨੀ ਜ਼ਿਆਦਾ ਅਸੀਂ ਖੇਤਰ ’ਚ ਨਿਗਰਾਨੀ ਰੱਖਾਂਗੇ, ਉਨ੍ਹਾਂ ਦੇ ਲਈ ਘੁਸਪੈਠ ਕਰਨਾ ਓਨਾ ਹੀ ਔਖਾ ਹੋਵੇਗਾ। ਅਸੀਂ ਘੁਸਪੈਠ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ।’’