ਇੰਦੌਰ-ਦੁਬਈ ਦੀ ਸਿੱਧੀ ਫਲਾਈਟ ਨੇ 17 ਮਹੀਨਿਆਂ ਬਾਅਦ ਭਰੀ ਉਡਾਣ, ਮੰਤਰੀ ਸਿੰਧੀਆ ਨੇ ਵਿਖਾਈ ਹਰੀ ਝੰਡੀ

plane/nawanpunjab.com

ਇੰਦੌਰ, 1 ਸਤੰਬਰ (ਦਲਜੀਤ ਸਿੰਘ)- ਸਰਕਾਰੀ ਹਵਾਬਾਜ਼ੀ ਕੰਪਨੀ ਏਅਰ ਇੰਡੀਆ ਦੀ ਇੰਦੌਰ-ਦੁਬਈ ਉਡਾਣ ਕਰੀਬ 17 ਮਹੀਨੇ ਦੇ ਲੰਬੇ ਵਕਫ਼ੇ ਮਗਰੋਂ ਬੁੱਧਵਾਰ ਯਾਨੀ ਕਿ ਅੱਜ ਬਹਾਲ ਹੋ ਗਈ। ਮੱਧ ਪ੍ਰਦੇਸ਼ ਦੀ ਇਸ ਇਕਲੌਤੀ ਸਿੱਧੀ ਕੌਮਾਂਤਰੀ ਉਡਾਣ ਦਾ ਪਰਿਚਾਲਨ ਕੋਵਿਡ-19 ਦੇ ਕਹਿਰ ਕਾਰਨ ਮਾਰਚ 2020 ’ਚ ਰੋਕ ਦਿੱਤਾ ਗਿਆ ਸੀ, ਜਿਸ ਨੂੰ ਮਹਾਮਾਰੀ ਦੀ ਸਥਿਤੀ ਕੰਟਰੋਲ ’ਚ ਆਉਣ ਮਗਰੋਂ ਮੁੜ ਸ਼ੁਰੂ ਕੀਤਾ ਗਿਆ ਹੈ। ਇੰਦੌਰ-ਦੁਬਈ ਉਡਾਣ ਦੀ ਬਹਾਲੀ ਨੂੰ ਲੈ ਕੇ ਇੱਥੇ ਦੇਵੀ ਅਹਿਲਆਬਾਈ ਹੋਲਕਰ ਕੌਮਾਂਤਰੀ ਹਵਾਈ ਅੱਡੇ ਵਿਚ ਆਯੋਜਿਤ ਪ੍ਰੋਗਰਾਮ ’ਚ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਯ ਸਿੰਧੀਆ ਨੇ ਵੀਡੀਓ ਕਾਨਫਰੰਸ ਜ਼ਰੀਏ ਹਿੱਸਾ ਲਿਆ ਅਤੇ ਇਸ ਉਡਾਣ ਨੂੰ ਹਰੀ ਝੰਡੀ ਵਿਖਾਈ।

ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਇੰਦੌਰ-ਦੁਬਈ ਉਡਾਣ 17 ਮਹੀਨੇ ਬਾਅਦ ਬਹਾਲ ਕੀਤੀ ਜਾ ਰਹੀ ਹੈ। ਮੈਨੂੰ ਯਾਦ ਹੈ ਕਿ ਮੇਰੇ ਨਾਗਰਿਕ ਹਵਾਬਾਜ਼ੀ ਮੰਤਰੀ ਬਣਨ ਦੇ ਮਹਿਜ 5 ਦਿਨ ਬਾਅਦ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਮੇਰੇ ਤੋਂ ਪਹਿਲੀ ਮੰਗ ਇਹ ਕੀਤੀ ਸੀ ਕਿ ਇਸ ਕੌਮਾਂਤਰੀ ਉਡਾਣ ਨੂੰ ਮੁੜ ਸ਼ੁਰੂ ਕੀਤਾ ਜਾਵੇ। ਸਿੰਧੀਆ ਨੇ ਦੱਸਿਆ ਕਿ ਉਨ੍ਹਾਂ ਦੇ ਮੰਤਰੀ ਬਣਨ ਤੋਂ ਬਾਅਦ ਪਿਛਲੇ 53 ਦਿਨਾਂ ਦੇ ਅੰਦਰ ਉਨ੍ਹਾਂ ਦੇ ਗ੍ਰਹਿ ਰਾਜ ਮੱਧ ਪ੍ਰਦੇਸ਼ ਵਿਚ 58 ਨਵੀਆਂ ਉਡਾਣਾਂ ਸ਼ੁਰੂ ਹੋਈਆਂ ਅਤੇ ਸੂਬੇ ਵਿਚ ਹਵਾਈ ਜਹਾਜ਼ 314 ਵਾਧੂ ਫੇਰੇ ਲਾਉਣ ਲੱਗੇ ਹਨ। ਪ੍ਰੋਗਰਾਮ ਵਿਚ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨਾਲ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਅਤੇ ਨਾਗਰਿਕ ਹਵਾਬਾਜ਼ੀ ਰਾਜ ਮੰਤਰੀ ਵੀ. ਕੇ. ਸਿੰਘ ਅਤੇ ਇੰਡੀਗੋ ਏਅਰਲਾਈਨਜ਼ ਦੇ ਮੁੱਖ ਕਾਰਜਕਾਰੀ ਅਧਿਕਾਰੀ ਰੋਨਾਜੌਯ ਦੱਤਾ ਵੀ ਵੀਡੀਓ ਕਾਨਫਰੰਸ ਜ਼ਰੀਏ ਸ਼ਾਮਲ ਹੋਏ।

ਅਧਿਕਾਰੀ ਨੇ ਦੱਸਿਆ ਕਿ ਏਅਰ ਇੰਡੀਆ ਦਾ ਜਹਾਜ਼ ਹਰ ਬੁੱਧਵਾਰ ਨੂੰ ਭਾਰਤੀ ਸਮੇਂ ਮੁਤਾਬਕ ਇੰਦੌਰ ਤੋਂ ਦੁਪਹਿਰ 12:35 ਵਜੇ ਉਡਾਣ ਭਰ ਕੇ ਦੁਪਹਿਰ 3:05 ਵਜੇ ਦੁਬਈ ਪਹੁੰਚੇਗਾ। ਵਾਪਸੀ ਵਿਚ ਇਹ ਜਹਾਜ਼ ਦੁਬਈ ਤੋਂ ਹਰ ਬੁੱਧਵਾਰ ਨੂੰ ਸੰਯੁਕਤ ਅਰਬ ਅਮੀਰਾਤ ਦੇ ਸਮੇਂ ਮੁਤਾਬਕ ਸ਼ਾਮ 4:05 ਵਜੇ ਰਵਾਨਾ ਹੋ ਕੇ ਰਾਤ 8:05 ਵਜੇ ਇੰਦੌਰ ਆਵੇਗਾ। ਜਾਣਕਾਰਾਂ ਦਾ ਕਹਿਣਾ ਹੈ ਕਿ ਇਸ ਉਡਾਣ ਦੇ ਬਹਾਲ ਹੋਣ ਨਾਲ ਮੱਧ ਭਾਰਤ ਅਤੇ ਸੰਯੁਕਤ ਅਰਬ ਅਮੀਰਾਤ ਵਿਚਾਲੇ ਸੈਰ-ਸਪਾਟਾ ਅਤੇ ਕਾਰੋਬਾਰ ਨੂੰ ਹੱਲਾ-ਸ਼ੇਰੀ ਮਿਲੇਗੀ। ਦੱਸ ਦੇਈਏ ਕਿ ਯਾਤਰੀਆਂ ਦੀ ਵਰ੍ਹਿਆਂ ਪੁਰਾਣੀ ਮੰਗ ਦੇ ਆਧਾਰ ’ਤੇ ਇੰਦੌਰ-ਦੁਬਈ ਉਡਾਣ 15 ਜੁਲਾਈ 2019 ਨੂੰ ਸ਼ੁਰੂ ਹੋਈ ਸੀ।

Leave a Reply

Your email address will not be published. Required fields are marked *